ਪੂਜਾ -ਭਗਤੀ

ਪੂਜਾ ਤੋਂ ਭਾਵ ਹੈ ਭਗਤੀ, ਜਪ, ਸਨਮਾਨ, ਸਤਿਕਾਰ ਸੇਵਾ ਆਦਿ।ਇਹ ਵੀ ਦੱਸਿਆ ਜਾਂਦਾ ਹੈ ਕਿ ਅਖੌਤੀ ਦਸਮ ਗ੍ਰੰਥ ਵਿਚਲੇ ਪਰਸੰਗ ‘ਕ੍ਰਿਸ਼ਨਾਵਤਾਰ’ ਵਿਚ ”ਪੂਜਾ” ਸ਼ਬਦ ਮਾਰ ਕੁਟਾਈ ਲਈ ਵੀ ਵਰਤਿਆ ਗਿਆ ਹੈ।”ਏਕ ਗਦਾ ਉਠ ਕਰ ਮੇ ਧਰੀ। ਸਭ ਭੂਪਨ ਕੀ ਪੂਜਾ ਕਰੀ” ਭਾਵ ਹੱਥਾਂ ਵਿਚ ਗਦਾ ਫੜ ਲਈ ਅਤੇ ਮਾਰ ਮਾਰ ਕੇ ਰਾਜਿਆਂ ਦੀ ਖੂਬ ਸੇਵਾ ਕੀਤੀ। ਪਰ ‘ਪੂਜਾ’ ਸ਼ਬਦ ਆਮ ਤੌਰ ‘ਤੇ ਧਾਰਮਿਕ ਖੇਤਰ ਵਿਚ ਵਿਧੀ ਅਨੁਸਾਰ ਇਸ਼ਟ ਦਾ ਪੂਜਨ ਕਰਨ ਲਈ ਵਰਤਿਆ ਜਾਂਦਾ ਹੈ। ਪੂਜਾ ਦੇ ਕਈ ਢੰਗ ਹਨ। ਹਰ ਧਰਮ ਦੇ ਲੋਕ ਵੱਖੋ ਵੱਖਰੇ ਢੰਗ ਨਾਲ ਪੂਜਾ ਕਰਦੇ ਹਨ। ਕੋਈ ਉੱਚੀ ਉੱਚੀ ਬੋਲ ਕੇ ਜਾਪ ਕਰਦਾ ਹੈ ਅਤੇ ਕੋਈ ਬਿਲਕੁਲ ਚੁਪ ਕਰਕੇ ਅੰਤਰ ਧਿਆਨ ਹੋ ਕੇ ਪੂਜਾ ਵਿਚ ਮਗਨ ਰਹਿੰਦਾ ਹੈ।ਕੋਈ ਮੰਤਰ ਹੀ ਪੜ੍ਹੀ ਜਾਂਦਾ ਹੈ। ਕੋਈ ਖੜਾ ਹੋ ਕੇ ਅਤੇ ਕੋਈ ਚੋਂਕੜਾ ਮਾਰ ਕੇ ਜਾਂ ਲੇਟਨੀਆਂ ਲੈ ਕੇ ਪੂਜਾ ਕਰੀ ਜਾਂਦਾ ਹੈ। ਇਹ ਹੀ ਨਹੀਂ ਕੋਈ ਤਾਂ ਹਰ ਰੋਜ਼ ਪੂਜਾ ਵਿਚ ਜੁਟਿਆ ਰਹਿੰਦਾ ਹੈ ਅਤੇ ਕੋਈ ਹਫਤੇ ਜਾਂ ਮਹੀਨੇ ਵਿਚ ਹੀ ਪੂਜਾ ਕਰਕੇ ਕੰਮ ਸਾਰ ਲੈਂਦਾ ਹੈ।
ਹਿੰਦੂ ਮਤ ਦੇ ਲੋਕ ਤਾਂ ਪਥਰ, ਮਿੱਟੀ ਜਾਂ ਕਿਸੇ ਧਾਤ ਦੀਆਂ, ਮਨੋਂ ਘੜਤ, ਬਨਾਈਆਂ ਮੂਰਤੀਆਂ ਦੀ ਹੀ ਪੂਜਾ ਕਰੀ ਜਾਂਦੇ ਹਨ। ਉਹ ਮੂਰਤੀਆਂ ਨੂੰ ਇਸ਼ਨਾਨ ਕਰਵਾਉਦੇ, ਗਹਿਣੇ ਕਪੜੇ ਪਾਉਂਦੇ ਤੇ ਆਰਤੀ ਕਰ ਕੇ ਪੂਜਾ ਕਰਦੇ ਹਨ। ਮੂਰਤੀਆ ਦੀ ਅਡੰਬਰ ਵਾਲੀ ਜਾਂ ਵਿਖਾਵੇ ਵਾਲੀ ਪੂਜਾ ਦੀ ਗੁਰਬਾਣੀ ਵਿਚ ਪੂਰੀ ਤਰ੍ਹਾਂ ਨਿਖੇਦੀ ਕੀਤੀ ਗਈ ਹੈ। ਜਿਵੇਂ ਕਿ ਭਗਤ ਕਬੀਰ ਜੀ ਦੀ ਰਸਨਾਂ ਤੋਂ ਗੁਰਬਾਣੀ ਦਾ ਫ਼ਰਮਾਨ ਹੈ: ਮਾਟੀ ਕੇ ਕਰਿ ਦੇਵੀ ਦੇਵਾ ਤਿਸੁ ਆਗੈ ਜੀਉ ਦੇਹੀ॥ ਐਸੇ ਪਿਤਰ ਤੁਮਾਰੇ ਕਹੀਅਹਿ ਆਪਨ ਕਹਿਆ ਨ ਲੇਹੀ॥ ਸਰਜੀਉ ਕਾਟਹਿ ਨਿਰਜੀਉ ਪੂਜਹਿ ਅੰਤ ਕਾਲ ਕਉ ਭਾਰੀ॥ ਰਾਮ ਨਾਮ ਕੀ ਗਤਿ ਨਹੀ ਜਾਨੀ ਭੈ ਡੂਬੇ ਸੰਸਾਰੀ॥ ਦੇਵੀ ਦੇਵਾ ਪੂਜਹਿ ਡੋਲਹਿ ਪਾਰਬ੍ਰਹਮੁ ਨਹੀ ਜਾਨਾ॥ ਕਹਤ ਕਬੀਰ ਅਕੁਲੁ ਨਹੀ ਚੇਤਿਆ ਬਿਖਿਆ ਸਿਉ ਲਪਟਾਨਾ॥ (ਗ:ਗ:ਸ: ਪੰਨਾ-332) ਭਾਵ ਮਿੱਟੀ ਦੇ ਦੇਵੀ ਦੇਵਤੇ ਬਣਾ ਕੇ ਉਸ ਅੱਗੇ ਕਿਸੇ ਜੀਵ ਦੀ (ਭਾਵ, ਕਿਸੇ ਪਸ਼ੂ ਦੀ ਸਗੋਂ ਕਈ ਵਾਰ ਤਾਂ ਕਿਸੇ ਮਨੁੱਖ ਦੀ ਵੀ) ਬਲੀ ਦਿੱਤੀ ਜਾਂਦੀ ਹੈ। ਐਸੀ ਪੂਜਾ ਕਰਨ ਸੰਬੰਧੀ ਇਸ ਸ਼ਬਦ ਰਾਹੀਂ ਇਹ ਸਮਝਾਇਆ ਗਿਆ ਹੈ ਕਿ ਬਲੀ ਦੇ ਕੇ ਜੋ ਕੁਝ ਖੁਆਇਆ ਜਾਂਦਾ ਹੈ ਜਾਂ ਜੋ ਕੁਝ ਭੇਟਾ ਦਿੱਤੀ ਜਾਂਦੀ ਹੈ, ਉਸ ਨਾਲ ਪਿੱਤਰਾਂ ਦੀ ਤ੍ਰਿਪਤੀ ਨਹੀਂ ਹੁੰਦੀ। ਇਹ ਸਭ ਕੁਝ ਪਿੱਤਰਾਂ ਪਾਸ ਨਹੀਂ ਪੁਜਦਾ। (ਜ਼ਰਾ ਸੋਚੋ ਜੋ ਪੰਡਤ ਇਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਦਿੱਤਾ ਦਾਨ ਜਾਂ ਉਨ੍ਹਾਂ ਨੂੰ ਖੁਆਇਆ ਗਿਆ ਭੋਜਣ ਪਰੋਹਤ ਦੇ ਪਿਤਰਾਂ ਪਾਸ ਪੁਜਦਾ ਹੈ ਤਾਂ ਉਹ ਇਸ ਤਰ੍ਹਾਂ ਦਾ ਵਿਸ਼ਵਾਸ ਦਿਵਾ ਕੇ ਆਮ ਲੋਕਾਂ ਨੂੰ ਕਿਵੇਂ ਮੂਰਖ ਬਣਾਈ ਜਾਂਦੇ ਹਨ?) ਇਸ ਸ਼ਬਦ ਰਾਹੀਂ ਇਹ ਸਮਝਾਇਆ ਗਿਆ ਹੈ ਕਿ ਤੁਹਾਡੇ ਪਿੱਤਰ ਤਾਂ ਇਹ ਦੱਸ ਹੀ ਨਹੀਂ ਸਕਦੇ ਕਿ ਉਨ੍ਹਾਂ ਨੂੰ ਕਿਸ ਚੀਜ਼ ਦੀ ਲੋੜ ਹੈ। ਇਹ ਸਭ ਤਾਂ ਪੰਡਤਾਂ ਨੇ ਲੁੱਟ ਦਾ ਸਾਧਣ ਬਣਾ ਰੱਖਿਆ ਹੈ। ਮੂਰਖਤਾ ਤਾਂ ਇਹ ਵੀ ਹੈ ਕਿ ਲੋਕ ਜੀਉਂਦੇ ਜੀਵਾਂ ਨੂੰ ਮਿੱਟੀ ਦੇ ਨਿਰਜਿੰਦ ਦੇਵੀ ਦੇਵਤਿਆ ਵਾਸਤੇ ਜਾਨੋਂ ਮਾਰੀ ਜਾਂਦੇ ਹਨ। ਇਸ ਤਰ੍ਹਾਂ ਕਰਨ ਨਾਲ ਉਹ ਸਗੋਂ ਆਪਣਾ ਅੰਤ ਕਾਲ ਵਿਗਾੜੀ ਜਾਂਦੇ ਹਨ। ਅੇਸੇ ਲੋਕ ਭੈ ਵਿਚ ਹੀ ਡੁਬੇ ਰਹਿੰਦੇ ਹਨ। ਇਨ੍ਹਾਂ ਨੂੰ ਰਾਮ ਨਾਮ ਦੀ ਸੋਝੀ ਹੀ ਨਹੀਂ ਹੁੰਦੀ ਜਿਸ ਕਰਕੇ ਇਹ ਕਰਮਕਾਂਡੀ ਪੂਜਾ ਕਰੀ ਜਾਂਦੇ ਹਨ ਜਾਂ ਕਰਵਾਈ ਜਾਂਦੇ ਹਨ। ਐਸੇ ਲੋਕ ਮਿੱਟੀ ਦੇ ਬਣਾਏ ਹੋਏ ਦੇਵੀ ਦੇਵਤਿਆਂ ਨੂੰ ਪੂਜੀ ਜਾਂਦੇ ਹਨ ਅਤੇ ਡਰੇ ਵੀ ਰਹਿੰਦੇ ਹਨ। ਅਸਲ ਵਿਚ ਜਿਸ ਨਿਰੰਕਾਰ ਨੇ ਉਨ੍ਹਾਂ ਨੂੰ ਸੁਖ ਸ਼ਾਂਤੀ ਦੇਣੀ ਹੈ ਉਸ ਪਾਰਬ੍ਰਹਮ ਦੀ ਉਨ੍ਹਾਂ ਨੂੰ ਸੋਝੀ ਹੀ ਨਹੀਂ ਹੁੰਦੀ ਅਤੇ ਨਾ ਹੀ ਉਸ ਪਾਰਬ੍ਰਹਮ ਦੀ ਰਮਜ਼ ਨੂੰ ਉਹ ਜਾਨਦੇ ਹਨ। ਕਬੀਰ ਸਾਹਿਬ ਇਹ ਸਪਸ਼ਟ ਕਰਦੇ ਹਨ ਕਿ ਐਸੇ ਲੋਕ ਲੋਕਾਚਾਰੀ ਦੇ ਡਰ ਵਿਚ ਮਾਇਆ ਨਾਲ ਲਿਪਟੇ ਰਹਿੰਦੇ ਹਨ। ਐਸੇ ਲੋਕ ਉਸ ਨਿਰੰਕਾਰ ਨੂੰ ਨਹੀਂ ਧਿਆਉਂਦੇ ਜਿਸ ਦੀ ਕੋਈ ਕੁਲ ਹੀ ਨਹੀਂ ਹੈ। ਭਾਵ ਐਸੇ ਲੋਕ ਉਸ ਨਿਰੰਕਾਰ ਦੇ ਗੁਣਾਂ ਨੂੰ ਨਹੀਂ ਅਪਨਾਉਂਦੇ।
ਇਸ ਤਰ੍ਹਾਂ ਬਹੁਤ ਲੋਕ ਆਪੋ ਆਪਣੇ ਢੰਗ ਦੀ ਪੂਜਾ ਕਰੀ ਜਾ ਰਹੇ ਹਨ। ਜਿਨ੍ਹਾਂ ਦਾ ਗੁਰਬਾਣੀ ਰਾਹੀਂ ਖੰਡਣ ਕੀਤਾ ਗਿਆ ਹੈ। ਗੁਰੂ ਸਾਹਿਬ ਸਮਝਾਉਂਦੇ ਹਨ ਕਿ ਵਿਖਾਵੇ ਵਾਲੀ ਪੂਜਾ ਦਾ ਅਡੰਬਰ ਤਾਂ ਬ੍ਰਾਹਮਣਾ ਨੇ ਲੁੱਟ ਦਾ ਸਾਧਣ ਬਣਾ ਰੱਖਿਆ ਹੈ। ਜਿਵੇਂ ਕਿ: ਪੂਜਾ ਤਿਲਕ ਕਰਤ ਇਸਨਾਨਾਂ॥ ਛੁਰੀ ਕਾਢਿ ਲੇਵੈ ਹਥਿ ਦਾਨਾ॥ ਬੇਦੁ ਪੜੈ ਮੁਖਿ ਮੀਠੀ ਬਾਣੀ॥ ਜੀਆਂ ਕੁਹਤ ਨ ਸੰਗੈ ਪਰਾਣੀ॥ (ਗ:ਗ:ਸ: ਪੰਨਾ-201) ਭਾਵ-ਬ੍ਰਾਹਮਣ ਇਸਨਾਨ ਕਰਕੇ ਪੂਜਾ ਕਰਦਾ ਹੈ। ਇਸ ਦੇ ਨਾਲ ਹੀ ਛੁਰੀ ਦੀ ਧੋਂਸ ਨਾਲ ਦਾਨ ਲੈਂਦਾ ਹੈ। ‘ਛੁਰੀ ਕਾਢਿ’ ਤੋਂ ਭਾਵ ਹੈ ਲੋਕਾਂ ਨੂੰ ਨਰਕ ਦਾ ਡਰਾਵਾ ਦੇ ਕੇ ਜਾਂ ਸਵਰਗ ਦਾ ਲਾਚ ਦੇ ਕੇ, ਧੋਖੇ ਨਾਲ ਡਰਾ ਧਮਕਾ ਕੇ, ਮੂਰਖ ਬਣਾ ਕੇ, ਉਨ੍ਹਾਂ ਪਾਸੋਂ ਦਾਨ ਲੈਂਦਾ ਹੈ। ਆਪਣੇ ਮਕਸਦ ਦੀ ਪੂਰਤੀ ਲਈ ਇਹ ਬ੍ਰਾਹਮਣ ਮੂੰਹ ਤੋਂ ਭਾਵੇਂ ਵੇਦ ਆਦਿ ਪੜ੍ਹ ਕੇ ਮਿਠੀਆਂ ਮਿਠਆਂ ਗੱਲਾਂ ਕਰਦਾ ਹੈ ਪਰ ਮਨੁੱਖੀ ਜੀਆਂ ਨੂੰ ਕੁੰਹਦਿਆਂ ਝਿਜਕਦਾ ਨਹੀਂ। ਭਾਵ ਇਸ ਤਰ੍ਹਾਂ ਧੱਕਾ ਕਰ ਕੇ ਦਾਨ ਲੈਂਦਿਆਂ ਇਸ ਨੂੰ ਸ਼ਰਮ ਨਹੀਂ ਆਂਉਂਦੀ। ਇਸੇ ਤਰ੍ਹਾਂ ਗੁਰਬਾਣੀ ਵਿਚ ਹੋਰ ਵੀ ਕਈ ਸ਼ਬਦ ਹਨ ਜੋ ਕਰਮਕਾਂਡੀ ਪੂਜਾ ਨੂੰ ਨਿਕਾਰਦੇ ਹਨ।
ਇਥੇ ਇਹ ਜ਼ਿਕਰ ਕਰਨਾ ਵੀ ਬਣਦਾ ਹੈ ਕਿ ਅਜੋਕੇ ਸਮੇਂ ਵਿਚ ਸਿੱਖਾਂ ਨੂੰ ਵੀ ਵਿਖਾਵੇ ਵਾਲੀ ਪੂਜਾ ਦੇ ਆਰੇ ਲਗਾਉਣ ਵਾਸਤੇ ਇਕ ਪੂਜਾਰੀ ਵਰਗ ਉੱਭਰ ਕੇ ਆ ਗਿਆ ਹੈ। ਸਿੱਖਾਂ ਦੇ ਪੂਜਾਰੀ ਵਰਗ ਨੇ ਵੀ ਅੰਨੀ ਸ਼ਰਦਾ ਵਾਲੀ ਪੂਜਾ ਦੇ ਕਈ ਤਰ੍ਹਾਂ ਦੇ ਢੰਗ ਲੱਭ ਲਏ ਹਨ। ਅਖੰਡ ਪਾਠ, ਸੰਪਟ ਪਾਠ, ਕੋਤਰ ਸੋ ਪਾਠ, ਤੇ ਇਸ ਤਰ੍ਹਾਂ ਦੇ ਹੋਰ ਕਈ ਤਰ੍ਹਾਂ ਦੇ ਪਾਠ ਕਰਵਾਉਣ ਵਾਸਤੇ ਸਿੱਖਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। ਕਈ ਤਰ੍ਹਾਂ ਦੇ ਤੀਰਥ ਅਸਥਾਨ ਵੀ ਸਥਾਪਤ ਕਰ ਲਏ ਗਏ ਹਨ। ਇਸ ਪੁਜਾਰੀ ਵਰਗ ਦੇ ਉਕਸਾਉਣ ਸਦਕਾ ਹੀ ਲੱਖਾਂ ਰੁਪਏ ਦੇ ਰੁਮਾਲੇ ਝੜਾਏ ਜਾ ਰਹੇ ਹਨ। ਕਿਤੇ ਸੋਨੇ ਦੇ ਛਤਰ ਬਣਾ ਕੇ ਲਟਕਾਏ ਜਾ ਰਹੇ ਹਨ। ਇਨ੍ਹਾਂ ਦੁਆਰਾ ਕਈ ਤਰ੍ਹਾਂ ਦੇ ਵਿਖਾਵੇ ਕਰਕੇ ਪੂਜਾ ਵਾਲਾ ਕੰਮ ਕੀਤਾ ਜਾ ਰਿਹਾ ਹੈ। ਇਸੇ ਕਾਰਨ ਹੀ ਗੁਰੂ ਗ੍ਰੰਥ ਸਾਹਿਬ ਨੂੰ ਮਹਿੰਗੇ ਤੋਂ ਮਹਿੰਗੇ ਰੁਮਾਲੇ ਵਿਚ ਲਪੇਟ ਕੇ ਰਖਿਆ ਜਾ ਰਿਹਾ ਹੈ। ਕੋਸ਼ਿਸ਼ ਹੁੰਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਵਾਸਤੇ ਸੋਨੇ ਦੀ ਪਾਲਕੀ ਹੋਵੇ। ਸੋਨੇ ਜਾਂ ਚਾਂਦੀ ਦੀ ਚੌਰ ਵੀ ਹੋਵੇ। ਸਭ ਥਾਂਵਾਂ ਤੇ ਭਾਂਵੇ ਨਹੀਂ ਪਰ ਕਈ ਥਾਂਵਾਂ ਤੇ ਥਾਲੀ ਵਿਚ ਦੀਵੇ ਤੂਫ ਰੱਖ ਕੇ ਆਰਤੀ ਵੀ ਕੀਤੀ ਜਾਂਦੀ ਹੈ। ਇਹ ਸਭ ਕੀਤਾ ਜਾਂਦਾ ਹੈ ਆਪਣੇ ਮਤਲਬ ਵਾਸਤੇ। ਐਸੀ ਪ੍ਰਥਾ ਨੂੰ ਪ੍ਰਫੁਲਤ ਕਰ ਰਹੇ ਹਨ ਇਹ ਧਰਮ ਦੇ ਠੇਕੇਦਾਰ। ਕਰਮਕਾਂਡੀ ਪੂਜਾ ਹੀ ਉਨ੍ਹਾਂ ਦੀ ਰੋਟੀ ਰੋਜ਼ੀ ਅਤੇ ਅਯਾਸ਼ੀ ਦਾ ਸਾਧਨ ਹੁੰਦਾ ਹੈ।
ਜੇਕਰ ਨਿਰੰਕਾਰ ਦੀ ਪੂਜਾ ਕਰਨੀ ਹੈ ਤਾਂ ਗੁਰੂ ਸਾਹਿਬ ਆਖਦੇ ਹਨ: ਏਕਸ ਬਿਨੁ ਨਾਹੀ ਕੋ ਦੂਜਾ ॥ਤੁਮ੿ ਹੀ ਜਾਨਹੁ ਅਪਨੀ ਪੂਜਾ॥ (ਗ:ਗ:ਸ: ਪੰਨਾ-805) ਭਾਵ ਹੇ ਸਿਰਨਜਣਹਾਰ! ਤੈਨੂੰ ਭਾਉਣ ਵਾਲੀ, ਜਾਂ ਤੈਨੂੰ ਚੰਗੀ ਲੱਗਣ ਵਾਲੀ ਤੇਰੀ ਪੂਜਾ ਜਾਂ ਸੇਵਾ ਤਾਂ ਤੂੰ ਆਪ ਹੀ ਜਾਣਦਾ ਹੈਂ। ਲੋਕਾਂ ਦੇ ਘੜੇ ਹੋਏ ਪੂਜਾ ਦੇ ਢੰਗ ਤਾਂ ਆਪਣੀ ਹੋਊਮੇ ਨੂੰ ਪੱਠੇ ਪਾਉਣ ਵਾਲੀ ਗੱਲ ਹੈ। ਇਹ ਤਾਂ ਕਰਮਕਾਂਡੀ ਰਸਮ ਹੀ ਹੁੰਦੀ ਹੈ। ਜਾਂ ਫਿਰ ਧਰਮ ਦੇ ਠੇਕੇਦਾਰਾਂ ਵਲੋਂ ਲੁਟ ਦਾ ਸਾਧਣ ਹੁੰਦਾ ਹੈ।
ਗੁਰੂ ਸਾਹਿਬ ਪੂਜਾ ਕਰਨ ਤੋਂ ਵਰਜਦੇ ਨਹੀਂ। ਸਗੋਂ ਗੁਰੂ ਸਾਹਿਬ ਪੂਜਾ ਦਾ ਅਰਥ ਸਮਝਾਉਂਦੇ ਹੋਏ ਪੂਜਾ ਦਾ ਢੰਗ ਵੀ ਦਸਦੇ ਹਨ। ਗੁਰੂ ਸਾਹਿਬ ਫ਼ਰਮਾਉਂਦੇ ਹਨ: ਪ੍ਰਭ ਕੈ ਸਿਮਰਨਿ ਜਪ ਤਪ ਪੂਜਾ॥ (ਗ:ਗ:ਸ: ਪੰਨਾ-262) ਜਦੋਂ ਉਸ ਨਿਰੰਕਾਰ ਦਾ ਸਿਮਰਨ ਕੀਤਾ ਜਾਵੇ- ਸਿਮਰਨ ਤੋਂ ਭਾਵ ਹੈ ਕਿ ਉਸ ਨਿਰੰਕਾਰ ਦੇ ਗੁਣ ਮਨ ਵਿਚ ਵਸਾ ਲਏ ਜਾਣ ਅਤੇ ਹਰ ਦੰਮ ਉਨ੍ਹਾਂ ਗੁਣਾਂ ਅਨੁਸਾਰ ਵਿਚਰਿਆ ਜਾਵੇ। ਐਸੇ ਸਿਮਰਨ ਦੇ ਢੰਗ ਨਾਲ, ਸਭ ਜਪ-ਤਪ ਹੋ ਜਾਂਦਾ ਹੈ ਅਤੇ ਉਸ ਨਿਰੰਕਾਰ ਦੀ ਪੂਜਾ ਵੀ ਹੋ ਜਾਂਦੀ ਹੈ। ਕਿਸੇ ਖਾਸ ਢੰਗ ਜਾਂ ਵਿਧੀ ਅਨੁਸਾਰ ਵਿਖਾਵੇ ਵਾਲੀ ਪੂਜਾ ਕਰਨ ਦੀ ਲੋੜ ਨਹੀਂ ਹੁੰਦੀ। ਇਸੇ ਤਰ੍ਹਾਂ ਗੁਰਬਾਣੀ ਬਾਰ ਬਾਰ ਦ੍ਰਿੜ ਕਰਵਾਉਂਦੀ ਹੈ: ਸੋ ਜਪੁ ਸੋ ਤਪੁ ਸਾ ਬ੍ਰਤ ਪੂਜਾ ਜਿਤੁ ਹਰਿ ਸਿਉ ਪ੍ਰੀਤਿ ਲਗਾਇ॥ (ਗ:ਗ:ਸ: ਪੰਨਾ-720) ਭਾਵ ਜੋ ਵਿਅਕਤੀ ਨਿਰੰਕਾਰ ਨਾਲ ਪ੍ਰੀਤ ਲਗਾ ਲੈਂਦਾ ਹੈ। ਭਾਵ ਉਸ ਦੇ ਗੁਣਾਂ ਨੂੰ ਅਪਣਾ ਲੈਂਦਾ ਹੈ ਤਾਂ ਸਮਜੋ ਉਸ ਦਾ ਜਪ-ਤਪ ਵੀ ਹੋ ਗਿਆ ਅਤੇ ਵਰਤ ਵੀ ਰੱਖਿਆ ਗਿਆ ਅਤੇ ਇਸ ਤਰ੍ਹਾਂ ਸਹੀ ਅਰਥਾਂ ਵਿਚ ਉਸ ਨਿਰੰਕਾਰ ਦੀ ਪੂਜਾ ਵੀ ਹੋ ਜਾਂਦੀ ਹੈ। ਕਿਤਨਾ ਸਰਲ ਅਤੇ ਸਹੀ ਰਸਤਾ ਹੈ ਪੂਜਾ ਦਾ।
ਗੁਰੂ ਸਾਹਿਬ ਨੇ ਜਿਸ ਪ੍ਰਕਾਰ ਦੀ ਪੂਜਾ ਕਰਨ ਵਾਸਤੇ ਸਮਝਾਇਆ ਹੈ ਉਸ ਪ੍ਰਕਾਰ ਦੀ ਪੂਜਾ ਕਰਨ ਦਾ ਲਾਭ ਵੀ ਗੁਰੂ ਸਾਹਿਬ ਨੇ ਇਸ ਤਰ੍ਹਾਂ ਦੱਸਿਆ ਹੈ: ਪ੍ਰਭ ਕੀ ਪੂਜਾ ਪਾਈਐ ਮਾਨੁ ॥ਜਾ ਕੀ ਟਹਲ ਨ ਬਿਰਥੀ ਜਾਇ॥ (ਗ:ਗ:ਸ: ਪੰਨਾ-184) ਸੁਭਾਵਿਕ ਹੈ ਕਿ ਗੁਰੂ ਸਾਹਿਬ ਦੇ ਦਰਸਾਏ ਗਏ ਢੰਗ ਨਾਲ ਕੀਤੀ ਟਹਲ ਭਾਵ ਪੂਜਾ ਵਿਅਰਥ ਨਹੀਂ ਜਾਂਦੀ। ਜਦੋਂ ਨਿਰੰਕਾਰ ਦੇ ਗੁਣ ਸਮਝ ਕੇ ਅਪਣਾ ਲਏ ਜਾਨ ਵਾਲੀ ਪੂਜਾ ਕੀਤੀ ਜਾਂਦੀ ਹੈ ਤਾਂ ਸੁਭਾਵਿਕ ਹੈ ਕਿ ਐਸੀ ਪੂਜਾ ਨਾਲ ਮਾਨ ਇਜ਼ਤ ਦੀ ਪ੍ਰਾਪਤੀ ਹੁੰਦੀ ਹੈ। ਸਮੁੱਚਾ ਭਾਵ ਇਹ ਕਿ ਨਿਰੰਕਾਰ ਦੇ ਗੁਣਾਂ ਨੂੰ ਸਮਝਣਾ, ਉਨ੍ਹਾਂ ਗੁਣਾਂ ਨੂੰ ਅਪਨਾਉਣਾ ਅਤੇ ਉਨ੍ਹਾਂ ਗੁਣਾਂ ਅਨੁਸਾਰ ਵਿਚਰਨਾ ਹੀ ਉਸ ਨਿਰੰਕਾਰ ਦੀ ਪੂਜਾ ਹੈ ਅਤੇ ਇਸ ਨਾਲ ਮਾਨ ਇਜ਼ਤ ਅਤੇ ਸ਼ੋਭਾ ਵੀ ਮਿਲਦੀ ਹੈ। ਵਿਖਾਵੇ ਵਾਲੀ ਕਰਮਕਾਂਡੀ ਪੂਜਾ ਬਾਰੇ ਤਾਂ ਇਸ ਤਰ੍ਹਾਂ ਸਮਝਾਇਆ ਗਿਆ ਹੈ: ਦੂਜੈ ਭਾਇ ਅਗਿਆਨੀ ਪੂਜਦੇ ਦਰਗਹ ਮਿਲੈ ਸਜਾਇ॥(ਗ:ਗ:ਸ: ਪੰਨਾ-88) ਭਾਵ ਇਹ ਕਿ ਮਾਇਆ ਦੇ ਪਿਆਰ ਵਿਚ (ਫਸੇ ਰਹਿ ਕੇ ਜਾਂ ਲਾਲਚ ਕਰਕੇ) ਜੋ ਮਨੁੱਖ ਪੂਜਾ ਕਰਦੇ ਹਨ ਉਹ ਅਗਿਆਨੀ ਹੀ ਹੁੰਦੇ ਹਨ। ਐਸੀ ਪੂਜਾ ਮੁਰਖਤਾ ਵਾਲੀ ਪੂਜਾ ਹੀ ਹੁੰਦੀ ਹੈ। ਐਸੀ ਪੂਜਾ ਦਾ ਉਨ੍ਹਾਂ ਨੂੰ ਕੋਈ ਲਾਭ ਨਹੀਂ ਹੁੰਦਾ ਸਗੋਂ ਉਨ੍ਹਾਂ ਨੂੰ ਦਰਗਾਹ ਵਿਚ ਸਜ਼ਾ ਹੀ ਮਿਲਦੀ ਹੈ। ਮਨ ਵਿਚ ਹਊਮੈ ਹੀ ਉਪਜਦੀ ਹੈ।
ਨੋਟ: ਜੇਕਰ, ਕਿਸੇ ਕਾਰਨ, ਕੋਈ ਪਾਠਕ ਜਾਂ ਪ੍ਰੇਮੀ ਇਨ੍ਹਾਂ ਵਿਚਾਰਾਂ ਨਾਲ ਸਹਿਮਤ ਨਹੀਂ ਹਨ ਤਾਂ ਕਿਰਪਾ ਕਰਕੇ ਮੇਰੀ ਸੁਧਾਈ ਖਾਤਰ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਜੀ। ਆਪ ਜੀ ਦਾ ਧੰਨਵਾਦੀ ਹੋਵਾਂਗਾ।

(ਐਡਵੋਕੇਟ ਸੁਰਿੰਦਰ ਸਿੰਘ ਕੰਵਰ)
+61-468432632
kanwar238@yahoo.com

Install Punjabi Akhbar App

Install
×