ਹਰ ਦਿਨ, ਹਰ ਪਲ ਹੀ ਰੰਗਮੰਚ ਦਿਵਸ

27 ਮਾਰਚ ਵਿਸ਼ਵ ਰੰਗਮੰਚ ਦਿਹਾੜਾ ‘ਤੇ ਵਿਸ਼ੇਸ਼

ਔਖੀ ਤੇ ਕਠਿਨ ਵਿਧਾ ਹੈ ਰੰਗਮੰਚ

ਇੰਟਰਨੈਸ਼ਨਲ ਥੀਏਟਰ ਇੰਸਟੀਚਿਊਟ (I.T.I.) ਨੇ ਰੰਗਮੰਚ ਦੀ ਲੋੜ, ਕਦਰ ਤੇ ਮੱਹਤਵ ਨੂੰ ਸਮਝਣ ਲਈ ਵਿਸ਼ਵ ਰੰਮਗੰਚ ਦਿਹਾੜਾ ਵਿਸ਼ਵ ਭਰ ਵਿਚ ਮਨਾਉਣਾ ਉਨਾਹਠ ਸਾਲ ਪਹਿਲਾਂ 1961 ਵਿਚ ਆਰੰਭ ਕੀਤਾ।ਇਸ ਦਿਨ ਇਕ ਮਸ਼ਹੂਰ ਰੰਗਮੰਚੀ ਕਲਾਕਾਰ ਦਾ ਰੰਗਮੰਚ ਦੇ ਵਰਤਮਾਨ ਤੇ ਭਵਿਖ ਬਾਰੇ ਵਿਚਾਰ/ਸੰਦੇਸ਼ ਸਾਂਝਾ ਕਰਦਾ ਹੈ।ਰੰਗਮੰਚ ਬਾਬਤ ਪਹਿਲਾਂ ਵਿਚਾਰ/ਸੰਦੇਸ਼ ਬੇਹਤਰੀਨ ਅੰਤਰਰਾਸ਼ਟਰੀ ਪ੍ਰਸਿੱਧੀ ਰੰਗਕਰਮੀ ਜੀਨ ਕੋਕਟੋ (Jean Cocteau) ਨੇ ਅਠਵੰਜਾ ਸਾਲ ਪਹਿਲਾਂ 1962 ਵਿਚ ਵਿਸ਼ਵ ਭਰ ਦੇ ਰੰਗਕਰਮੀਆਂ ਨਾਲ ਸਾਂਝਾ ਕੀਤਾ।ਜੋ 50 ਤੋਂ ਵੱਧ ਭਾਸ਼ਾਵਾਂ ਵਿਚ ਅਨੁਵਾਦ ਹੋ ਕੇ ਸੰਸਾਰ ਭਰ ਦੇ ਸੈਂਕੜੇ ਅਖਬਾਰਾਂ/ ਰਸਾਲਿਆਂ ਵਿਚ ਛਪ ਕੇ ਦੁਨੀਆਂ ਦੇ ਕੋਨੇ ਕੋਨੇ ਵਿਚ ਪਹੁੰਚਿਆ।
ਜੀਨ ਕੋਕਟੋ ਦੇ ਸੰਦੇਸ਼ ਦੇ ਕੁੱਝ ਅੰਸ਼……… ”ਮੇਰਾ ਰੰਗਮੰਚੀ ਸੰਸਾਰ ਉਨਾਂ ਦਰਸ਼ਕਾਂ ਨੂੰ ਮਿਲਣ ਦੇ ਉਨਾਂ ਪਲਾਂ/ਛਿਣਾਂ ਵਿਚ ਪਿਆ ਹੈ, ਜਿਹੜੇ ਰੰਗਮੰਚੀ ਥੜੇ ਉਤੇ ਰਾਤ ਨੂੰ ਮੇਰੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਆਉਂਦੇ ਹਨ, ਕੁੱਝ ਘੰਟੇ, ਕੁੱਝ ਪਲ, ਕੁੱਝ ਛਿਣ ਸਾਂਝੇ ਕਰਨ ਲਈ। ਆਪਣੇ ਆਪ ਵਿਚ ਰਹਿਣ, ਆਪਣੇ ਆਪ ਲਈ ਜਿਊਂਣ, ਆਪਣੇ ਆਪ ਲਈ ਦੁੱਖੀ ਹੋਣ ਤੋਂ ਮੁਕਤ ਹੋ ਕੇ ਮੇਰੀ ਰੰਗਮੰਚੀ ਜ਼ਿਦਗੀ ਬਣੀ ਹੈ।ਰੰਗਮੰਚ ਦੇ ਅਰਥ, ਪ੍ਰਭਾਵ ਅਤੇ ਸ਼ੁੱਧ ਅਲੌਕਿਕ ਸੱਚਾਈ ਦੇ ਪਲਾਂ ਵਿਚ ਜੀਅ ਕੇ, ਸਮਝ ਕੇ ਮੇਰਾ ਤਕਰੀਬਨ ਮੁੜ ਜਨਮ ਹੀ ਹੁੰਦਾ ਹੈ….।”
ਵੈਸੇ ਤਾਂ ਮਨੁੱਖ ਦੇ ਹੋਂਦ ਵਿਚ ਆਉਂਦੀ ਸਾਰ ਹੀ ਰੰਗਮੰਚ ਨੂੰ ਹੋਂਦ ਵਿਚ ਆਉਣਾ ਮੰਨਿਆਂ ਜਾਣਾ ਚਾਹੀਦਾ ਹੈ।ਕਿਉਂਕਿ ਬੋਲਣ ਤੋਂ ਪਹਿਲਾਂ ਮਨੁੱਖ ਦਾ ਇਸ਼ਾਰਿਆਂ/ਹਾਵਾਂ-ਭਾਵਾਂ ਨਾਲ ਆਪਣੀ ਮਨੋਭਾਵਨਾਂ ਵਿਅਕਤ ਕਰਨਾ ਰੰਗਮੰਚ ਤਾਂ ਹੀ ਸੀ।ਪਰ ਵਿਧੀਬੱਧ ਤੌਰ ‘ਤੇ ਵਿਸ਼ਵ ਰੰਗਮੰਚ ਛੇਵੀਂ ਸਦੀ (ਬੀ.ਸੀ.) ਦੌਰਾਨ ਪ੍ਰਾਚੀਨ ਯੂਨਾਨੀ ਨਾਟਕੀ ਮੰਚਣਾਂ ਰਾਹੀਂ ਹੋਂਦ ਵਿਚ ਆਇਆ।ਭਾਰਤੀ ਰੰਗਮੰਚ ਪੰਦਰਵੀਂ ਸਦੀ (ਬੀ.ਸੀ.) ਦੌਰਾਨ ਹੋਂਦ ਵਿਚ ਆਇਆ। ਪਹਿਲੀ ਸਦੀ ਵਿਚਕਾਰ ਉੱਭਰਿਆ ਤੇ ਪਹਿਲੀ ਸਦੀ ਅਤੇ ਦੱਸਵੀਂ ਸਦੀ ਦਰਮਿਆਨ ਵਿਕਿਸਤ ਹੋਇਆ। ਇਹ ਸਮਾਂ ਭਾਰਤ ਦੇ ਇਤਿਹਾਸ ਦਾ ਸ਼ਾਂਤੀਪੂਰਣ ਸਮਾਂ ਸੀ ਅਤੇ ਇਸ ਦੌਰਾਨ ਸੈਕੜੇ ਨਾਟਕ ਲਿਖੇ ਤੇ ਮੰਚਿਤ ਹੋਏ।ਭਾਰਤੀ ਰੰਗਮੰਚ ਦਾ ਮੂਲ-ਰੂਪ ਸੰਸਕ੍ਰਿਤ ਰੰਗਮੰਚ ਸੀ।ਦਰਅਸਲ ਵਿਸ਼ਵੀ ਰੰਗਮੰਚ ਪੰਚੀ ਸੌ ਸਾਲਾਂ ਦੌਰਾਣ ਵਿਗਸਿਆਂ, ਪਣਪਿਆ ਤੇ ਪ੍ਰਵਾਨ ਚੜ੍ਹਿਆ।
ਪੰਜਾਬੀ ਰੰਗਮੰਚ ਦੀ ਉਮਰ ਵੀ ਇਕ ਸਦੀ ਤੋਂ ਉਪਰ ਦੀ ਹੋ ਚੁੱਕੀ ਹੈ।ਪੰਜਾਬ ਦੀ ਜ਼ਮੀਨ ‘ਤੇ ਪੰਜਾਬੀ ਰੰਗਮੰਚ ਦੀ ਬੀਜ ਨੋਰਾ ਰਿਚਰਡਜ਼ ਨੇ ਬੀਜਿਆ। ਜੋ ਆਇਰਸ਼ ਰਾਸ਼ਟਰੀ ਰੰਗਮੰਚ ਨਾਲ ਅਦਾਕਾਰਾ ਵੱਜੋਂ ਜੁੜੇ ਹੋਏ ਸਨ॥ਨੋਰਾ ਰਿਚਰਡਜ਼ ਆਪਣੇ ਪ੍ਰੋਫੈਸਰ ਪਤੀ ਐਡਵਰਡ ਰਿਚਰਡਜ਼ ਨਾਲ ਆਏ ਸਨ।ਐਡਵਰਡ ਰਿਚਰਡਜ਼ ਲਾਹੌਰ ਦੇ ਕਾਲਿਜ ਵਿਚ ਅੰਗਰੇਜ਼ੀ ਪੜਾਉਂਦੇ ਸਨ। ਪਹਿਲੇ ਪੰਜਾਬੀ ਨਾਟਕਕਾਰ ਆਈ.ਸੀ.ਨੰਦਾ ਸਨ, ਜਿਨਾਂ ਬਾਲ ਵਿਆਹ ਦੀ ਗੱਲ ਕਰਦਾ ਨਾਟਕ ”ਸੁਹਾਗ” ਰਚਕੇ ਮੰਚਿਤ ਕੀਤਾ।
ਕਲਾ ਦੀ ਕਿਸੇ ਵੀ ਵਿਧਾ (ਚਾਹੇ ਉਹ ਰੰਗਮੰਚ ਹੋਵੇ, ਸਾਹਿਤ ਹੋਵੇ, ਭਾਸ਼ਾ ਹੋਵੇ, ਗਾਇਕੀ ਜਾਂ ਸ਼ਿਲਪਕਾਰੀ ਹੋਵੇ) ਦੇ ਪਣਪਨ, ਵਿਗਸਣ ਤੇ ਪ੍ਰਵਾਣ ਚੜਣ ਦੀ ਪਹਿਲੀ ਸ਼ਰਤ ਹੁੰਦੀ ਹੈ, ਉਸ ਖਿਤੇ ਵਿਚ ਮਾਹੌਲ ਸ਼ਾਤ ਹੋਵੇ, ਦੂਜੀ ਸ਼ਰਤ ਹੈ ਹਾਕਿਮ ਦੀ ਨੀਅਤ ਅਤੇ ਰਾਜਨੀਤਿਕ ਇੱਛਾ ਸ਼ਕਤੀ ਹੋਵੇ ਅਤੇ ਤੀਸਰੀ ਸ਼ਰਤ ਹੈ ਸਰੋਤੇ/ਪਾਠਕ/ਦਰਸ਼ਕ ਦਾ ਹਾਂ-ਪੱਖੀ ਤੇ ਉਤਸ਼ਾਹਜਨਕ ਹੁੰਗਾਰਾ/ਰੱਵਈਆ ਹੋਵੇ।ਕਹਿੰਦੇ ਨੇ ”ਲਾਹੌਰ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ” ਮੁਲਕ ਦਾ ਬੂਹਾ ਹੋਣ ਕਾਰਣ ਹਮਲਾਵਰ ਦਾ ਪਹਿਲਾ ਵਾਰ ਪੰਜਾਬ/ਪੰਜਾਬੀਆਂ ਨੇ ਹੀ ਆਪਣੀ ਛਾਤੀ ‘ਤੇ ਝੱਲਿਆ।ਹਮਲਾਵਰ ਵੀ ਇਕ ਨਹੀਂ ਕਈ।ਇਸ ਲਈ ਪਹਿਲੀ ਸ਼ਰਤ ਹੀ ਪੰਜਾਬ ਦੇ ਪੱਖ ਵਿਚ ਨਹੀਂ।ਕਲਾ ਵੱਲ ਹਾਕਿਮ ਦੀ ਵੀ ਕਦੇ ਨਜ਼ਰ ਸੱਵਲੀ ਨਹੀਂ ਰਹੀ।ਕਦੇ ਵੀ ਜ਼ਰਖੇਜ਼ ਤੇ ਸੁਖਾਵਾਂ ਮਾਹੌਲ ਮੁੱਹਈਆ ਨਹੀ ਕਰਵਾਇਆ, ਕਾਰਣ ਸਪਸ਼ਟ ਹੈ। ਉਸਾਰੂ, ਸਿਹਤਮੰਦ, ਨਿਰੋਈ ਕਲਾ ਲੋਕਾਂ ਨੂੰ ਜਾਗਰੁਕ ਕਰਦੀ ਹੈ, ਹਾਕਿਮ ਨੂੰ ਜਾਗਰੂਕ ਅਵਾਮ ਰਾਸ ਨਹੀਂ ਆਉਂਦੀ।ਰਹੀ ਗੱਲ ਲੋਕਾਂ ਦੀ, ਲੋਕਾਂ ਨੂੰ ਵੀ ਸ਼ਾਇਦ ਆਪਣੀ ਵਿਥਿਆਂ ਸੁਣਨੀ/ਪੜਣੀ/ਵੇਖਣੀ ਘੱਟ ਹੀ ਪਸੰਦ ਹੈ।ਉਹ ਵੀ ਸ਼ਾਇਦ ਆਪਣੀ ਹਾਉਮੇ ਨੂੰ ਪੱਠੇ ਪਾਉਂਦਾ ਤੇ ਚੱਕ ਲਓ, ਚੱਕ ਲਓ ਕਿਸਮ ਦੀਆਂ ਬਾਤਾਂ ਸੁਣਨੀਆਂ/ ਪੜਣੀਆਂ/ਵੇਖਣੀਆਂ ਹੀ ਪਸੰਦ ਹਨ।ਅਜਿਹੇ ਨਾ-ਸਾਜ਼ਗਾਰ ਤੇ ਨਾ-ਖੁਸ਼ਗਵਾਰ ਮਾਹੌਲ ਦੇ ਬਾਵਜੂਦ ਵੀ ਪੰਜਾਬੀ ਰੰਗਮੰਚ ਨੇ ਜੋ ਮੁਕਾਮ ਹਾਸਿਲ ਕੀਤਾ ਹੈ,ਜੋ ਬੁਲੰਦੀਆਂ ਛੋਹੀਆਂ ਹਨ।ਉਨਾਂ ਦਾ ਜ਼ਿਕਰ ਵੀ ਕਰਨਾ ਬਣਦਾ ਹੈ, ਉਨਾਂ ਉੱਤੇ ਮਾਣ ਵੀ ਕਰਨਾ ਵਾਜਿਬ ਹੈ।
ਪੰਜਾਬੀ ਰੰਗਮੰਚ ਬਾਰੇ ਅਕਸਰ ਹੀ ਕੁੱਝ ਦੋਸਤ ਇਹ ਵਿਚਾਰ ਬਿਨਾਂ ਝਿਜਕ ਪ੍ਰਗਟ ਕਰਦੇ ਹਨ, ”ਪੰਜਾਬੀ ਰੰਗਮੰਚ ਵਿਸ਼ਵ ਤੇ ਹਿੰਦੁਸਤਾਨੀ ਰੰਗਮੰਚ ਦੇ ਮੁਕਾਬਲੇ ਪੱਛੜਿਆ ਹੋਇਆ ਹੈ, ਗ਼ਰੀਬ ਹੈ।”ਹੈਰਾਨੀ ਦੀ ਹੱਦ ਉਦੋਂ ਨਹੀਂ ਰਹਿੰਦੀ ਜਦੋਂ ਇਹ ਰਾਏ ਅਜਿਹੇ ਦੋਸਤਾਂ ਦੀ ਹੁੰਦੀ ਹੈ, ਜਿਨ੍ਹਾਂ ਨਾ ਤਾਂ ਵਿਸ਼ਵ, ਨਾ ਹੀ ਹਿੰਦੁਸਤਾਨੀ ਅਮੀਰ ਤੇ ਵਿਕਸਤ ਰੰਗਮੰਚ ਨੂੰ ਤਾਂ ਕੀ, ਕਦੇ ਪੰਜਾਬੀ ਰੰਗਮੰਚ ਨੂੰ ਵੀ ਦੇਖਿਆ/ਪੜ੍ਹਿਆ ਨਹੀਂ ਹੁੰਦਾ।ઠਮਰਹੂਮ ਰੰਗਕਰਮੀ ਆਈ.ਸੀ.ਨੰਦਾ, ਬਲਵੰਤ ਗਾਰਗੀ, ਗੁਰਦਿਆਲ ਸਿਘ ਫੁੱਲ ਆਦਿ ਨੇ ਆਪਣੀ ਸੂਝ-ਬੂਝ ਤੇ ਕਲਾਮਈ ਨਾਟਕੀ ਕਿਰਤਾਂ ਰਾਹੀਂ ਪੰਜਾਬੀ ਰੰਗਮੰਚ ਨੂੰ ਅਮੀਰੀ ਬਖਸ਼ੀ। ਸਵਰਗੀ ਗੁਰਸ਼ਰਨ ਭਾ ਜੀ ਅਤੇ ਅਜਮੇਰ ਔਲਖ ਹੋਰਾਂ ਪੰਜਾਬੀ ਨਾਟਕ ਨੂੰ ਚਾਹੇ ਆਪਣੇ ਵਿਚਾਰ ਪ੍ਰਗਟ ਕਰਨ ਤੇ ਆਪਣੀ ਸੋਚ ਨੂੰ ਵਿਅਕਤ ਕਰਨ ਦਾ ਜ਼ਰੀਆ ਬਣਾਇਆ ਹੈ ਪਰ ਉਨਾਂ ਪੰਜਾਬੀ ਨਾਟਕ ਨੂੰ ਸ਼ਹਿਰਾਂ ਵਿਚੋਂ ਕੱਢ ਕੇ ਪਿੰਡਾਂ ਵਿਚ ਵੀ ਮਕਬੂਲ ਕੀਤਾ।ਪੰਜਾਬ ਦੇ ਸ਼ਹਿਰੀਆਂ ਨੂੰ ਭਾਵੇਂ ਨਾਟਕ, ਫਿਲਮਾਂ ਤੇ ਟੀ.ਵੀ.ਸੀਰੀਅਲਾਂ ਵਿਚ ਕੋਈ ਬਹੁਤਾ ਫ਼ਰਕ ਨਾ ਮਹਿਸੂਸ ਹੁੰਦਾ ਹੋਵੇ, ਪਰ ਪਿੰਡਾਂ ਤੇ ઠਕਸਬਿਆਂ ਦੇ ਲੋਕਾਂ ਨੂੰ ਇਨ੍ਹਾਂ ਵਿਚ ਫ਼ਰਕ ਵੀ ਪਤਾ ਹੈ ਤੇ ਮੱਹਤਵ ਵੀ।ਤਾਂਹੀ ਉਹ ਮੀਲਾਂ ਦਾ ਫ਼ਾਸਲਾ ਤਹਿ ਕਰਕੇ ਨਾਟਕ ਦੇਖਣ ਵੀ ਜਾਂਦੇ ਹਨ, ਆਨੰਦ ਵੀ ਮਾਣਦੇ ਹਨ, ਸੋਚਣ ਵੀ ਲੱਗਦੇ ਹਨ।ઠਪਰ ਇਹ ਕਾਰਜ ਏਨਾਂ ਸਹਿਜ ਤੇ ਆਸਾਨ ਨਾ ਹੁੰਦਾ ਜੇ ਇਪਟਾ ਦੇ ਸਿਰੜੀ ਰੰਗਕਰਮੀਆਂ ਨੇ ਰੰਗਮੰਚੀ ਜ਼ਮੀਨ ਤਿਆਰ ਨਾ ਕੀਤੀ ਹੁੰਦੀ, ਰਾਹ ਮੋਕਲਾ ਨਾ ਕੀਤਾ ਹੁੰਦਾ।ਤੇਰਾ ਸਿੰਘ ਚੰਨ, ਸੁਰਿੰਦਰ ਕੌਰ (ਲੋਕ-ਗਾਇਕਾ), ਜਗਦੀਸ਼ ਫਰਿਆਦੀ, ਨਿਰੰਜਣ ਸਿੰਘ ਮਾਨ, ਹਰਨਾਮ ਸਿੰਘ ਨਰੂਲਾ, ਜੋਗਿੰਦਰ ਬਾਹਰਲਾ, ਸ਼ੀਲਾ ਦੀਦੀ, ਹੁਕਮ ਚੰਦ ਖਲੀਲੀ, ਅਮਰਜੀਤ ਗੁਰਦਾਸ ਪੁਰੀ, ਪ੍ਰੀਤ ਮਾਨ, ਗੁਰਚਰਨ ਬੋਪਾਰਾਏ, ਸਵਰਣ ਸੰਧੂ, ਡਾ.ਪ੍ਰਿਥੀਪਾਲ ਸਿੰਘ ਮੈਣੀ, ਡਾ.ਇਕਬਾਲ ਕੌਰ, ਓਮਾ ਗੁਰਬਖਸ਼ ਸਿੰਘ, ਦਲਬੀਰ ਕੌਰ, ਕੇ.ਐਸ. ਸੂਰੀ, ਨਰਿੰਦਰ ਕੌਰ, ਓਰਮਿਲਾ ਆਨੰਦ, ਡਾ. ਹਰਸ਼ਰਨ ਸਿੰਘઠਸਮੇਤ ਅਨੇਕਾਂ ਰੰਗਕਰਮੀਆਂ ਨੇ ਪੰਜਾਬੀ ਰੰਗਮੰਚ ਰੂਪੀ ਉਬੜ-ਖਾਬੜ, ਹਨੇਰੇ ਤੇ ਬੀਆਬਾਨ ਰਸਤਿਆਂ ਵਿੱਚ ਆਪਣੇ ਜਿਗਰ ਦਾ ਖ਼ੂਨ ਬਾਲ ਕੇ ਚਿਰਾਗ਼ ਰੌਸ਼ਨ ਨਾ ਕੀਤੇ ਹੁੰਦੇ।ਜੇઠਕਰਤਾਰ ਸਿੰਘ ਦੁੱਗਲ, ਹਰਪਾਲ ਟਿਵਾਣਾ, ਸੰਤ ਸਿੰਘ ਸੇਖੋਂ, ਡਾ. ਹਰਚਰਨ ਸਿੰਘ, ਕਪੂਰ ਸਿੰਘ ਘੁੰਮਣ, ਸੁਰਜੀਤ ਸਿੰਘ ਸੇਠੀ ਤੇ ਹਰਸ਼ਰਨ ਸਿੰਘ ਵਰਗੇ ਚਾਨਣ ਮੁਨਾਰੇ ਨਾ ਹੁੰਦੇ।ઠਤੇ ਉਨ੍ਹਾਂ ਪਿੱਛੇ ਡਾ.ਆਤਮਜੀਤ, ਦੇਵਿੰਦਰ ਦਮਨ, ਰਾਣੀ ਬਲਬੀਰ, ਨੀਲਮ ਮਾਨ ਸਿੰਘ,ઠਡਾ.ਸੀ.ਡੀ.ਸਿੱਧੂ, ਚਰਨ ਸਿੰਘ ਸ਼ਿੰਦਰਾ, ਕੇਵਲ ਧਾਲੀਵਾਲ, ਜਤਿੰਦਰ ਬਰਾੜ, ਦਵਿੰਦਰ ਕੁਮਾਰ, ਪ੍ਰਾਣ ਸਭਰਵਾਲ, ਸੈਮੂਅਲ ਜੋਨ, ਬਲਦੇਵ ਸਿੰਘ ਮੋਗਾ, ਡਾ.ਸ਼ਤੀਸ ਵਰਮਾ, ਟੋਨੀ ਬਾਤਿਸ਼, ਪਾਲੀ ਭੁਪਿੰਦਰ, ਫੁਲਵੰਤ ਮਨੌਚਾ ਵਰਗੇ ਅਨੇਕਾਂ ਉਦਮੀ ਤੇ ਸਿਰੜੀ ਰੰਗਕਰਮੀਆਂ ਦਾ ਕਾਫਲਾ ਨਾ ਹੁੰਦਾ।ਇਸ ਕਾਫਲੇ ਵਿਚ ਇਹ ਖ਼ੁਦ ਹੀ ਸ਼ਾਮਿਲ ਨਹੀਂ ਹੋਏ, ਇਨਾਂ ਦੇ ਪਰਿਵਾਰਾਂ ਦੇ ਪਰਿਵਾਰ ਇਨ੍ਹਾਂ ਨਾਲ ਹੋ ਤੁਰੇ।ਕੀ ਪੰਜਾਬੀ ਰੰਗਮੰਚ ਇਨ੍ਹਾਂ ਆਪਣੀ ਲਗਨ ਵਿੱਚ ਮਗਨ ਰੰਗਕਰਮੀਆਂ ਦੇ ਹੁੰਦੇ ਗਰੀਬ ਹੋ ਸਕਦਾ ਹੈ।ਜਿਨ੍ਹਾਂ ਇਕ ਦੋ ਦਰਜਨ ਨਹੀ ਸੈਂਕੜੇ ਨਾਟ-ਪੁਸਤਕਾਂ ਪੰਜਾਬੀ ਰੰਗਮੰਚ ਦੀ ਝੋਲੀ ਪਾਈਆਂ। ਜਿਨ੍ਹਾਂ ਨੇ ਸੈਂਕੜੇ ਨਹੀਂ ਹਜ਼ਾਰਾਂ ਨਾਟਕਾਂ ਦਾ ਮੰਚਣ ਕਰਕੇ ਪੰਜਾਬੀ ਰੰਗਮੰਚ ਦਾ ਭੰਡਾਰਾ ਭਰਿਆ।ਜੇ ਅਸੀਂ ਹਾਲੇ ਵੀ ਪੰਜਾਬੀ ਰੰਗਮੰਚ ਨੂੰ ਪਛੜਿਆ ਹੋਇਆ ਸਮਝਦੇ ਰਹੀਏ, ਗ਼ਰੀਬ ਸਮਝਦੇ ਰਹੀਏ ਫੇਰ ਤਾਂ ਰੱਬ ਹੀ ਰਾਖਾ।
ਸਾਹਿਤ ਦੀਆਂ ਸਾਰੀਆਂ ਵਿਧਾਵਾਂ ਵਿੱਚੋਂ ਨਾਟਕ ਹੀ ਹੈ ਜੋ ਸਭ ਤੋਂ ਔਖੀ ਤੇ ਕਠਿਨ ਵਿਧਾ ਹੈ।ਨਾਟਕ ਲਿਖਣ ਤੋਂ ਬਾਅਦ ਸ਼ੁਰੂ ਹੁੰਦਾ ਹੈ ਦੌਰ ਔਕੜਾਂ ਦਾ, ਦੁਸ਼ਵਾਰੀਆਂ ਦਾ। ਢੁਕਵੇਂ ਪਾਤਰਾਂ ਲੱਭਣੇ, ਰਿਹਰਸਲ ਲਈ ਥਾਂ ਤਲਾਸ਼ਣੀ, ਗੀਤ-ਸੰਗੀਤ ਦੇ ਬੰਦੋਬਸਤ ਕਰਨ, ਸੈੱਟ, ਕਾਸਟਊਮ ਤੇ ਹੋਰ ઠਅਨੇਕਾਂ ਕਿਸਮ ਦੇ ਪ੍ਰਬੰਧ ਕਰਨੇ, ਨਾਟਕ ਦੇ ਮੰਚਣ ਵਾਸਤੇ ਮੰਚ ਭਾਲਣਾ।ઠਨਾਟਕ ਦੇ ਹਰ ਮੰਚਣ ਸਮੇਂ ਰੰਗਕਰਮੀ ਨੂੰ ਨਿੱਤ ਨਵੀਂ ਮੁਸ਼ਕਿਲ ਨਾਲ ਦੋ-ਚਾਰ ਹੋਣਾ ਪੈਂਦਾ ਹੈ।ઠਕਦੇ ਮੌਕੇ ‘ਤੇ ਕਿਸੇ ਕਲਾਕਾਰ ਦਾ ਇਨਕਾਰ ਕਰ ਦੇਣਾ, ਬਿਮਾਰ ਹੋ ਜਾਣਾ ਜਾਂ ਬਿਨਾਂ ਦੱਸੇ ਗ਼ਾਇਬ ਹੋ ਜਾਣਾ।ઠਕਦੇ ਢੁੱਕਵਾਂ ਮੰਚ ਨਹੀਂ ਮਿਲਦਾ। ਜਿਵੇਂ-ਕਿਵੇਂ ਕਰਕੇ ਫਸੀ ਨਿਬੇੜਣੀ ਪੈਂਦੀ ਹੈ।ਜੋ ਦਿੱਕਤ ਹਰ ਨਾਟ-ਮੰਡਲੀ ਨੂੰ ਪੇਸ਼ ਆਉਂਦੀ ਹੈ, ਉਹ ਹੈ ਵਿੱਤੀ ਸਾਧਨਾ ਦੀ।ઠਵਿੱਤੀ ਸਰੋਤ ਹਰ ਨਾਟ ਮੰਡਲੀ ਦੇ ਮੋਹਰੀ ઠਨੂੰ ਆਪ ਹੀ ਤਲਾਸ਼ਣੇ ਪੈਂਦੇ ਹਨ।ઠਕਿਉਂਕਿ ਸਰਕਾਰੀ ਅਦਾਰਿਆਂ ਦਿਆਂ ਭੜੋਲਿਆਂ ਵਿਚ ਦਾਣੇ ਤਾਂ ਅਕਸਰ ਮੁੱਕੇ ਹੀ ਰਹਿੰਦੇ ਹਨ।
ਘਰੋ-ਘਰੀ ਜਾ ਕੇ ਟਿਕਟਾਂ ਵੇਚਣ ਨੂੰ ਪੇਸ਼ਾਵਾਰ ਰੰਗਮੰਚ ਨਹੀਂ ਕਹਿੰਦੇ।ઠਪੇਸ਼ਾਵਰ ਨਾਟਕ ਕਹਿੰਦੇ ਹਨ, ਜਦੋਂ ਦਰਸ਼ਕ ਖਿੜਕੀ ਤੋਂ ਟਿਕਟ ਖਰੀਦ ਕੇ ਨਾਟਕ ਵੇਖੇ। ਪੇਸ਼ਾਵਰ ਰੰਗਮੰਚ ਹੋ ਰਿਹਾ ਹੈ ਬੰਗਾਲ ਵਿਚ, ਮਹਾਰਾਸ਼ਟਰ ਵਿਚ, ਗੁਜਰਾਤ ਵਿਚ ਜਿੱਥੇ ਨਾਟਕ ਦੌਰਾਨ ਭੀੜ ਉਮੜ ਕੇ ਪੈ ਜਾਂਦੀ ਹੈ।ઠਕਈ ਕਈ ਹਫਤੇ, ਮਹੀਨੇ ਲਗਾਤਾਰ ਨਾਟਕ ਚੱਲਦਾ ਹੈ।ઠਪੇਸ਼ਾਵਰ ਨਾਟਕ ਹੁੰਦਾ ਹੈ ਇੰਗਲੈਂਡ ਵਿਚ, ਅਮਰੀਕਾ ਵਿਚ, ਕਨੈਡਾ ਜਾਂ ਹੋਰ ਮੁਲਕਾਂ ਵਿੱਚ, ਜਿੱਥੇ ਇਕ ਇਕ ਨਾਟਕ ਸਾਲਾਂ-ਬੱਧੀ ਚੱਲਦਾ ਹੈ।ਨਾਟਕ ਦਾ ਲੇਖਕ, ਨਾਟਕ ਦਾઠਨਿਰਦੇਸ਼ਕ, ਨਾਟਕ ਵਿਚ ਕੰਮ ਕਰ ਰਹੇ ਕਲਾਕਾਰ ਬੱਚਿਆਂ ਤੋਂ ਜੁਆਨ ਤੇ ਜੁਆਨਾਂ ਤੋਂ ਬੁੱਢੇ ਹੋ ਜਾਂਦੇ ਹਨ।ઠਪਰ ਨਾਟਕ ਲਗਾਤਾਰ ਚੱਲਦਾ ਹੈ।ઠਕੁੱਝ ਇਸ ਜਹਾਨ ਨੂੰ ਅਲਵਿਦਾ ਵੀ ਕਹਿ ਦਿੰਦੇ ਹਨ।ઠਪਰ ਨਾਟਕ ਫੇਰ ਵੀ ਚੱਲਦਾ ਹੈ।ਰੰਗਕਰਮੀਆਂ ਦੇ ਘਰ ਦਾ ਗੁਜ਼ਾਰਾ ਵੀ ਚੱਲਦਾ ਹੈ ਤੇ ਨਾਟਕ ਵੀ ਚੱਲਦਾ ਹੈ।
ਦੁਸ਼ਵਾਰੀਆਂ ਤੇ ਔਕੜਾਂ ਭਰੇ ਪੰਜਾਬੀ ਰੰਗਮੰਚ ਦੇ ਰਾਹ ਤੁਰੇ ਸੈਂਕੜੇ ਨਾਟ-ਟੋਲੀਆਂ ਤੇ ਹਜ਼ਾਰਾਂ ਨਾਟ-ਕਰਮੀਆਂ ਦੇ ਸਿਰੜ ਤੇ ਸਿਦਕ ਨੂੰ ਸਲਾਮ।ਵੈਸੇ ਤਾਂ ਵਿਸ਼ਵ ਦੇ ਹਰ ਰੰਗਮੰਚੀ ਕਾਮੇ ਲਈ ਸਾਲ ਦਾ ਹਰ ਦਿਨ, ਹਰ ਪਲ, ਹਰ ਛਿਣ ਹੀ ਰੰਗਮੰਚ ਦਿਵਸ ਹੁੰਦਾ ਹੈ ਪਰ ਫੇਰ ਵੀ ਵਿਸਵ ਰੰਗਮੰਚ ਦਿਵਸ ਦੀਆਂ ਸੰਸਾਰ ਦੇ ਹਰ ਰੰਗਕਰਮੀ ਨੂੰ ਮੁਬਰਾਕਾਂ।

(ਸੰਜੀਵਨ ਸਿੰਘ)
+91 94174 60656

Install Punjabi Akhbar App

Install
×