ਵਰਲਡ ਸਿੱਖ ਪਾਰਲੀਮੈਂਟ ਨੇ ਸੰਸਾਰ ਪੱਧਰੀ ਸਿੱਖ ਮਸਲਿਆਂ ਲਈ ‘ਇੰਟਰਨੈਸ਼ਨਲ ਰਿਲੀਜੀਅਸ ਫਰੀਡਮ ਆਫ ਯੂਨਾਈਟਡ ਸਟੇਟਸ’ ਦੇ ਦਫਤਰ ਦਾ ਬੂਹਾ ਖੜਕਾਇਆ  

WhatsApp Image 2019-05-02 at 5.07.58 AM

ਵਾਸ਼ਿੰਗਟਨ, ਡਿਸਟ੍ਰਿਕਟ ਆਫ ਕੋਲੰਬੀਆ, ਅਮਰੀਕਾ – ਸੰਸਾਰ ਭਰ ਵਿਚ ਸਿੱਖ ਭਾਈਚਾਰੇ ਲਈ ਧਾਰਮਿਕ ਆਜ਼ਾਦੀ ਦੇ ਮੁੱਦੇ ‘ਤੇ ਚਰਚਾ ਕਰਨ ਲਈ ਵਰਲਡ ਸਿੱਖ ਪਾਰਲੀਮੈਂਟ ਅਮਰੀਕਾ ਦੇ ਨੁਮਾਇੰਦਿਆਂ ਨੇ ਇੰਟਰਨੈਸ਼ਨਲ ਰਿਲੀਜੀਅਸ ਫਰੀਡਮ ਦੇ ਰਾਜਦੂਤ ਸੈਨ ਬਰਾਊਨਬੈਕ ਨਾਲ ਮੁਲਾਕਾਤ ਕੀਤੀ।

ਵਰਲਡ ਸਿੱਖ ਪਾਰਲੀਮੈਂਟ ਅਮਰੀਕਾ ਦੇ ਨੁਮਾਇੰਦਿਆਂ ਨੇ ਫਰਾਂਸ, ਬੈਲਜੀਅਮ, ਪਾਕਿਸਤਾਨ, ਅਫਗਾਨਿਸਤਾਨ ਆਦਿ ਦੇਸ਼ਾਂ ਵਿਚ ਸਿੱਖਾਂ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ ਦੇ ਵੇਰਵੇ ਦੇਣ ਲਈ ਇਕ ਮੈਮੋਰੰਡਮ ਪੇਸ਼ ਕੀਤਾ ਅਤੇ ਇੰਟਰਨੈਸ਼ਨਲ ਰਿਲੀਜੀਅਸ ਫਰੀਡਮ ਦੇ ਦਫਤਰ ਨੂੰ ਭਾਰਤ ਵਿਚ ਸਿੱਖਾਂ ਦੇ ਮਸਲਿਆਂ ‘ਤੇ ਸਖਤ ਨੋਟਿਸ ਲੈਣ ਮੰਗ ਕੀਤੀ। ਦਖਲਅੰਦਾਜ਼ੀ ਦੇ ਮੁੱਦਿਆਂ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਜਗਤਾਰ ਸਿੰਘ ਹਵਾਰਾ ਸਮੇਤ ਸਿੱਖ ਰਾਜਨੀਤਕ ਕੈਦੀਆਂ ਦੀ ਰਿਹਾਈ, ਲਗਾਤਾਰ ਵੱਧ ਰਿਹਾ ਹਿੰਦੂਤਵ ਏਜੰਡਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਅਤੇ 1984 ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦੇਣਾ ਅਤੇ ਜਰਮਨ ਅਤੇ ਸੰਸਾਰ ਦੇ ਹੋਰ ਦੇਸ਼ਾਂ ਵਿਚ ਭਾਰਤ ਸਰਕਾਰ ਵਲੋਂ ਸਿੱਖ ਨਮੁਾਇੰਦਿਆਂ ਦੀ ਕੀਤੀ ਜਾ ਰਹੀ ਜਾਸੂਸੀ ਦੇ ਮੁੱਦੇ ਸ਼ਾਮਿਲ ਸਨ।

ਵਰਲਡ ਸਿੱਖ ਪਾਰਲੀਮੈਂਟ ਅਮਰੀਕਾ ਦੇ ਸਪੀਕਰ ਹਰਦਿਆਲ ਸਿੰਘ ਨੇ ਕਿਹਾ ਕਿ ‘ਵਿਸ਼ਵ ਸਿੱਖ ਪਾਰਲੀਮੈਂਟ ਅਮਰੀਕਾ’ ਦਾ ਗਠਨ 10 ਨਵੰਬਰ, 2015 ਨੂੰ ਪੰਜਾਬ ਵਿੱਚ ਸੱਦੇ ਗਏ ਸਰਬੱਤ ਖਾਲਸਾ ਦੇ ਮਤੇ ਦੇ ਆਧਾਰ ‘ਤੇ ਲਾਗੂ ਹੋਇਆ ਸੀ। ਇਸ ਸੰਸਥਾ ਦੇ ਮੈਂਬਰ ਹੋਣ ਦੇ ਨਾਤੇ, ਅਸੀਂ ਆਪਣੇ ਦਫਤਰ ਅਤੇ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਸੰਸਥਾਵਾਂ ਨਾਲ ਮਿਲ ਕੇ ਕੰਮ ਕਰਨ ਦਾ ਵਾਅਦਾ ਕੀਤਾ ਹੈ ਤਾਂ ਜੋ ਦੁਨੀਆਂ ਭਰ ਦੇ ਲੱਖਾਂ ਸਿੱਖਾਂ ਲਈ ਧਾਰਮਿਕ ਆਜ਼ਾਦੀ ਨਾਲ ਸੰਬੰਧਿਤ ਮੁੱਦਿਆਂ ਨੂੰ ਬਰਕਰਾਰ ਰੱਖਿਆ ਜਾ ਸਕੇ।

ਵਰਲਡ ਸਿੱਖ ਪਾਰਲੀਮੈਂਟ ਅਮਰੀਕਾ ਦੇ ਜਨਰਲ ਸਕੱਤਰ ਹਿੰਮਤ ਸਿੰਘ ਨੇ ਕਿਹਾ, ”ਜਿਨ੍ਹਾਂ ਸਿੱਖ ਕੈਦੀਆਂ ਨੇ ਆਪਣਾ ਸਮਾਂ ਪੂਰਾ ਕਰ ਲਿਆ ਹੈ, ਉਹਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਸਿੱਖਾਂ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਲਈ ਅਮਰੀਕਾ ਦੀ ਅਗਵਾਈ ਵਾਲੀ ਅੰਤਰਰਾਸ਼ਟਰੀ ਕਾਰਵਾਈ ਇਸ ਸਮੇਂ ਮੌਕੇ ਦੀ ਜਰੂਰਤ ਹੈ। ਅਸੀਂ ਆਉਣ ਵਾਲੇ ਸਮੇਂ ਵਿੱਚ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਸੰਸਥਾਵਾਂ ਦੇ ਨਾਲ ਸਟੇਟ ਡਿਪਾਰਟਮੈਂਟ ਨਾਲ ਕੰਮ ਕਰਨ ਦੀ ਉਮੀਦ ਰੱਖਦੇ ਹਾਂ।

ਸਵਰਨਜੀਤ ਸਿੰਘ ਖਾਲਸਾ ਮੈਂਬਰ ਵਰਲਡ ਸਿੱਖ ਪਾਰਲੀਮੈਂਟ ਅਮਰੀਕਾ ਨੇ ਕਿਹਾ, ”ਜੇ ਭਾਰਤ ਇਕ ਗੱਲਬਾਤ ਸ਼ੁਰੂ ਕਰਨਾ ਚਾਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਭਾਰਤੀ ਸੰਵਿਧਾਨ ਦੇ ਆਰਟੀਕਲ 25ਬੀ ਵਿਚ ਸੋਧ ਕਰਨੀ ਚਾਹੀਦੀ ਹੈ ਅਤੇ ਇਸ ਤੱਥ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਕਿ ਸਿੱਖ ਹਿੰਦੂ ਨਹੀਂ ਹਨ, ਦੂਜਾ ਇਹ ਤੱਥ ਸਵੀਕਾਰ ਕਰਨਾ ਪਵੇਗਾ ਕਿ 1984 ਦੇ ਸਿੱਖ ਵਿਰੋਧੀ ਦੰਗੇ ਪਹਿਲਾਂ ਤੋਂ ਯੋਜਨਾਬੱਧ ਸਿੱਖ ਨਸਲਕੁਸੀ ਸਨ ਅਤੇ ਤੀਸਰੀ ਗੱਲ ਇਹ ਕਿ ਸਿੱਖਾਂ ਨੂੰ ਪੰਜਾਬ ਦੇ ਹੱਕਾਂ ਦੀ ਰਾਖੀ ਲਈ ‘ਰਿਫਰੈਂਡਮ 2020′ ਵਿਚ ਆਪਣੇ ਹੱਕ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਜਾਵੇ।’

ਸਿੱਖ ਆਗੂ ਪਰਮਜੀਤ ਸਿੰਘ ਨੇ ਕਿਹਾ, ”ਅਸੀਂ ਅੰਬੈਸਡਰ ਨਾਲ 1800 ਤੋਂ ਵੱਧ ਸਿੱਖਾਂ ਦੇ ਅੰਕੜੇ ਸਾਂਝੇ ਕੀਤੇ ਹਨ ਜਿਹੜੇ 1984 ਤੋਂ 2006 ਦੇ ਅਤੀਤ ਵਿਚ ਹੋਏ ਵਾਧੂ ਅਦਾਲਤੀ ਪ੍ਰਕਿਰਿਆਵਾਂ ਅਤੇ ਫਰਜ਼ੀ ਮੁਕਾਬਲਿਆਂ ਵਿਚ ਮਾਰੇ ਗਏ ਸਨ। ਅਸੀਂ ਆਸ ਕਰਦੇ ਹਾਂ ਕਿ ਇੰਟਰਨੈਸ਼ਨਲ ਰਿਲੀਜੀਅਸ ਫਰੀਡਮ ਦਾ ਦਫਤਰ ਧਾਰਮਿਕ ਅੱਤਿਆਚਾਰ ਅਤੇ ਵਿਤਕਰੇ ਦੀ ਨਿਗਰਾਨੀ ਕਰਨਾ ਜਾਰੀ ਰੱਖੇਗਾ ਅਤੇ ਧਾਰਮਿਕ ਆਜ਼ਾਦੀ ਨੂੰ ਉਤਸ਼ਾਹਿਤ ਕਰਨ ਲਈ ਪ੍ਰੋਗਰਾਮਾਂ ਦਾ ਵਿਕਾਸ ਕਰੇਗਾ।” ਸਿੱਖ ਧਰਮ ਦੀ ਨੀਂਹ ਜਿਸ ਸਿਧਾਂਤ ਅਤੇ ਪਛਾਣ ਨਾਲ ਰੱਖੀ ਗਈ ਸੀ, ਸਿੱਖ ਵਿਰੋਧੀ ਤਾਕਤਾਂ ਉਸਨੂੰ ਤੋੜਨ ਦਾ ਲਗਾਤਾਰ ਅੰਤਰਰਾਸ਼ਟਰੀ ਪੱਧਰ ਤੇ ਯਤਨ ਕਰਨ ਰਹੀਆਂ ਹਨ। ਜਿਨ੍ਹਾਂ ਨੂੰ ਰੋਕਣਾਂ ਨੂੰ ਸਮੇਂ ਦੀ ਲੋੜ ਹੈ।

ਗੁਰਿੰਦਰ ਸਿੰਘ ਧਾਲੀਵਾਲ ਨੇ ਮਾਣਯੋਗ ਰਾਜਦੂਤ ਨੂੰ ‘ਵਰਲਡ ਸਿੱਖ ਪਾਰਲੀਮੈਂਟ’ ਦੀ ਸਥਾਪਨਾ ਸਬੰਧੀ ਵਿਸਥਾਰਪੂਵਕ ਜਾਣਕਾਰੀ ਦਿੱਤੀ ਅਤੇ ਇਸਦੇ ਮੰਤਵ ਅਤੇ ਸਿਧਾਂਤ ਬਾਰੇ ਸਪੱਸ਼ਟ ਕੀਤਾ ਅਤੇ ਸਿੱਖ ਮੁੱਦਿਆਂ ਨੂੰ ਉਭਾਰਨ ਸਬੰਧੀ ਇਸ ਦੀਆਂ ਭਵਿੱਖੀ ਯੋਜਨਾਵਾਂ ਬਾਰੇ ਵੀ ਵਿਚਾਰ ਸਾਂਝੇ ਕੀਤੇ। ਇਸ ਮੌਕੇ ਸਿੱਖ ਆਗੂ ਸਰਨਦੀਪ ਸਿੰਘ ਅਤੇ ਜਸਮੀਤ ਸਿੰਘ ਵੀ ਆਪਣੇ ਵਿਚਾਰ ਪ੍ਰਗਟ ਕਰਨ ਲਈ ਤੇ ਮਾਣਯੋਗ ਰਾਜਦੂਤ ਨਾਲ ਉਨ੍ਹਾਂ ਨੇ ਵੀ ਆਪਣੇ ਤਜ਼ਰਬੇ ਸਾਂਝੇ ਕੀਤੇ।

Install Punjabi Akhbar App

Install
×