3 ਮਈ: ਵਿਸ਼ਵ ਪ੍ਰੈੱਸ ਸੁਤੰਤਰਤਾ ਦਿਵਸ

Gobinder Singh Bardwal 190501 3 May Press Freedom Day99

ਸੰਸਾਰ ਭਰ ਵਿੱਚ ਪ੍ਰੈੱਸ ਦੀ ਸੁਤੰਤਰਤਾ ਦੇ ਮਹੱਤਵ ਬਾਰੇ ਜਾਗਰੂਕਤਾ ਫੈਲਾਉਣ ਦੇ ਮੰਤਵ ਨਾਲ ਹਰ ਸਾਲ 3 ਮਈ ਨੂੰ ‘ਵਿਸ਼ਵ ਪ੍ਰੈੱਸ ਸੁਤੰਤਰਤਾ ਦਿਵਸ’ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਸੰਯੁਕਤ ਰਾਸ਼ਟਰ ਵਿੱਦਿਅਕ, ਵਿਗਿਆਨਕ ਤੇ ਸੱਭਿਆਚਾਰਕ ਸੰਗਠਨ (ਯੂਨੈਸਕੋ) ਦੀ ਆਮ ਕਾਨਫਰੰਸ ਦੀ ਸਿਫ਼ਾਰਸ਼ ਤੇ ਸੰਯੁਕਤ ਰਾਸ਼ਟਰ ਸੰਘ ਨੇ ਸਾਲ 1993 ਵਿੱਚ ਵਿਸ਼ਵ ਪ੍ਰੈੱਸ ਸੁਤੰਤਰਤਾ ਦਿਵਸ ਦੀ ਘੋਸ਼ਣਾ ਕੀਤੀ, ਉਸਦੇ ਅਨੁਸਾਰ ਇਹ ਦਿਨ ਪ੍ਰੈੱਸ ਦੀ ਸੁਤੰਤਰਤਾ ਦੇ ਸਿਧਾਂਤ, ਪ੍ਰੈੱਸ ਦੀ ਸੁਤੰਤਰਤਾ ਦਾ ਮੁਲਾਂਕਣ, ਪ੍ਰੈੱਸ ਦੀ ਸੁਤੰਤਰਤਾ ਤੇ ਬਾਹਰੀ ਤੱਤਾਂ ਦੇ ਹਮਲਿਆਂ ਤੋਂ ਬਚਾਅ ਅਤੇ ਪ੍ਰੈੱਸ ਦੀ ਨਿਰਪੱਖਤਾ ਨਾਲ ਸੇਵਾ ਕਰਦਿਆਂ ਮਰੇ ਪੱਤਰਕਾਰਾਂ ਨੂੰ ਭਾਵਪੂਰਨ ਸ਼ਰਧਾਂਜਲੀ ਦੇਣ ਦਾ ਦਿਨ ਹੈ। ਵਿਸ਼ਵ ਪ੍ਰੈੱਸ ਸੁਤੰਤਰਤਾ ਦਿਵਸ ਦੇ ਅਵਸਰ ਦੇ ਸਾਰੇ ਪੱਤਰਕਾਰ ਆਪਣਾ ਕੰਮ ਭੈਅ ਮੁਕਤ ਹੋ ਕੇ  ਅਤੇ ਨਿਰਪੱਖਤਾ ਨਾਲ ਕਰਨ ਦੀ ਸੁੰਹ ਲੈਂਦੇ ਹਨ।

3 ਮਈ 1991 ਨੂੰ ਅਫ਼ਰੀਕੀ ਸਮਾਚਾਰ ਪੱਤਰਾਂ ਦੇ ਪੱਤਰਕਾਰਾਂ ਦੁਆਰਾ ਜਾਰੀ ਕੀਤੇ ਗਏ ‘ਵਿੰਡਹਾੱਕ ਘੋਸ਼ਣਾਪੱਤਰ’ ਦੀ ਵਰ੍ਹੇ ਗੰਢ ਵੀ 3 ਮਈ ਨੂੰ ਹੀ ਹੁੰਦੀ ਹੈ। ਅਫ਼ਰੀਕੀ ਦੇਸ਼ ਨਾਮੀਬੀਆ ਦੀ ਰਾਜਧਾਨੀ ਵਿੰਡਹਾੱਕ ਵਿੱਚ 29 ਅਪ੍ਰੈਲ 1991 ਨੂੰ ‘ਆਜ਼ਾਦ ਅਫ਼ਰੀਕੀ ਪ੍ਰੈੱਸ’ ਨੂੰ ਹੱਲਾਸ਼ੇਰੀ ਦੇਣ ਲਈ ਕੌਮਾਂਤਰੀ ਸੈਮੀਨਾਰ ਸ਼ੁਰੂ ਹੋਇਆ ਸੀ ਤੇ ਇਸਦੇ ਆਖ਼ਰੀ ਦਿਨ ਤਿੰਨ ਮਈ ਨੂੰ ਜੋ ਐਲਾਨ ਕੀਤੇ ਗਏ ਸਨ, ਉਸਨੂੰ ‘ਵਿੰਡਹਾੱਕ ਘੋਸ਼ਣਾਪੱਤਰ’ ਕਿਹਾ ਜਾਂਦਾ ਹੈ। ਭਾਰਤ ਵਿੱਚ ਪ੍ਰੈੱਸ ਦੀ ਸੁਤੰਤਰਤਾ ਭਾਰਤੀ ਸੰਵਿਧਾਨ ਦੇ ਅਨੁਛੇਦ 19 ਵਿੱਚ ਭਾਰਤੀਆਂ ਨੂੰ ਦਿੱਤੇ ਗਏ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ (ਫ੍ਰੀਡਮ ਆੱਫ਼ ਐੱਕਸਪ੍ਰੈਸ਼ਨ) ਦੇ ਮੂਲ ਅਧਿਕਾਰ ਨਾਲ ਸੁਨਿਸ਼ਚਿਤ ਹੁੰਦੀ ਹੈ।

ਯੂਨੈਸਕੋ ਦੁਆਰਾ 1997 ਤੋਂ ਹਰ ਸਾਲ 3 ਮਈ ਨੂੰ ਵਿਸ਼ਵ ਪ੍ਰੈੱਸ ਸੁਤੰਤਰਤਾ ਦਿਵਸ ਮੌਕੇ ‘ਗਿਲੇਰਮੋ ਕਾਨੋ ਵਰਲਡ ਪ੍ਰੈੱਸ ਫ੍ਰੀਡਮ ਪ੍ਰਾਈਜ਼’ ਵੀ ਦਿੱਤਾ ਜਾਂਦਾ ਹੈ, ਇਹ ਸਨਮਾਨ ਉਸ ਵਿਅਕਤੀ ਜਾਂ ਸੰਸਥਾ ਨੂੰ ਦਿੱਤਾ ਜਾਂਦਾ ਹੈ ਜਿਸਨੇ ਪ੍ਰੈੱਸ ਦੀ ਸੁਤੰਤਰਤਾ ਦੇ ਲਈ ਵਿਸ਼ੇਸ਼ ਕੰਮ ਕੀਤਾ ਹੋਵੇ। ਇੰਟਰਨੈਸ਼ਨਲ ਪ੍ਰੈੱਸ ਇੰਸਟੀਚਿਊਟ ਦੇ ਅਨੁਸਾਰ 2012 ਵਿੱਚ ਆਪਣਾ ਕੰਮ ਕਰਦੇ ਹੋਏ ਘੱਟੋ ਘੱਟ 133 ਪੱਤਰਕਾਰ ਮਾਰੇ ਗਏ।

ਦੁਨੀਆਂ ਭਰ ਵਿੱਚ ਪ੍ਰੈੱਸ ਦੀ ਆਜ਼ਾਦੀ ਤੇ ਨਜ਼ਰ ਰੱਖਣ ਵਾਲੀ ਸੰਸਥਾ ਦਿ ਰਿਪੋਰਟਰਜ਼ ਵਿਦਆਊਟ ਬਾਰਡਰਜ਼ (ਆਰ.ਐੱਸ.ਐੱਫ਼) ਦੀ 18 ਅਪ੍ਰੈਲ 2019 ਨੂੰ ਜਾਰੀ ਵਿਸ਼ਵ ਪੱਧਰੀ 180 ਦੇਸ਼ਾਂ ਦੀ ਪ੍ਰੈੱਸ ਸੁਤੰਤਰਤਾ ਸੂਚੀ-ਪੱਤਰ ਵਿੱਚ ਭਾਰਤ ਆਪਣੇ 2018 ਦੇ 138ਵੇਂ ਸਥਾਨ ਤੋਂ ਖਿਸਕ ਕੇ 140ਵੇਂ ਸਥਾਨ ਤੇ ਚਲਾ ਗਿਆ ਹੈ। ਇਸ ਸੂਚੀ ਵਿੱਚ ਗੁਆਂਢੀ ਮੁਲਕਾਂ ਵਿੱਚ ਭੂਟਾਨ 80ਵੇਂ, ਨੇਪਾਲ 106ਵੇਂ, ਅਫ਼ਗਾਨਿਸਤਾਨ 121ਵੇਂ, ਇੰਡੋਨੇਸ਼ੀਆ 124ਵੇਂ, ਸ੍ਰੀ ਲੰਕਾ 126ਵੇਂ, ਮਿਆਂਮਾਰ (ਬਰਮਾ) 138ਵੇਂ, ਪਾਕਿਸਤਾਨ 142ਵੇਂ, ਬੰਗਲਾਦੇਸ਼ 150ਵੇਂ, ਸਾਊਦੀ ਅਰਬ 172ਵੇਂ ਅਤੇ ਚੀਨ 177ਵੇਂ ਸਥਾਨ ਤੇ ਹੈ। ਵਿਸ਼ਵ ਪੱਧਰੀ ਪ੍ਰੈੱਸ ਸੁਤੰਤਰਤਾ ਸੂਚੀ-ਪੱਤਰ 2016 ਵਿੱਚ ਭਾਰਤ 133ਵੇਂ ਅਤੇ 2017 ਵਿੱਚ 136ਵੇਂ ਸਥਾਨ ਤੇ ਸੀ।  ਤਾਜ਼ਾ ਸੂਚੀ ਵਿੱਚ ਨਾਰਵੇ ਪਹਿਲੇ ਸਥਾਨ ਤੇ ਹੈ ਜੋ ਕਿ 2017 ਅਤੇ 2018 ਵਿੱਚ ਵੀ ਪਹਿਲੇ ਸਥਾਨ ਤੇ ਕਾਬਜ਼ ਸੀ ਅਤੇ ਤੁਰਕਮੇਨੀਸਤਾਨ 180ਵੇਂ ਸਥਾਨ ਨਾਲ ਆਖ਼ਰੀ ਸਥਾਨ ਤੇ ਹੈ।

ਭਾਰਤ ਵਿੱਚ 2016 ਵਿੱਚ 54 ਪੱਤਰਕਾਰਾਂ ਤੇ ਹਮਲਾ ਹੋਇਆ ਅਤੇ 7 ਪੱਤਰਕਾਰਾਂ ਦੀ ਮੌਤ ਹੋਈ ਅਤੇ 2017 ਵਿੱਚ 11 ਪੱਤਰਕਾਰਾਂ ਦੇ ਕਤਲ ਹੋਏ ਸੀ। ਸਾਲ 1975 ਦੀ ਐਂਮਰਜੈਂਸੀ ਦਾ ਦੌਰ ਵੀ ਭਾਰਤੀ ਮੀਡੀਆ ਲਈ ‘ਕਾਲਾ ਅਧਿਆਏ’ ਮੰਨਿਆ ਜਾਂਦਾ ਹੈ। ਤਾਜ਼ਾ ਰਿਪੋਰਟ ਅਨੁਸਾਰ ਪੱਤਰਕਾਰਾਂ ਖਿਲਾਫ਼ ਹਿੰਸਾ ਪਿੱਛੇ ਪੁਲਿਸ ਹਿੰਸਾ, ਮਾਊਵਾਦੀਆਂ ਦੇ ਹਮਲੇ, ਅਪਰਾਧਿਕ ਸਮੂਹਾ ਅਤੇ ਭ੍ਰਿਸ਼ਟ ਸਿਆਸਤਦਾਨਾਂ ਦੁਆਰਾ ਹਮਲੇ ਆਦਿ ਸ਼ਾਮਿਲ ਹਨ ਅਤੇ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮੱਰਥਕਾਂ, ਹਿੰਦੂਤਵ, ਹਿੰਦੂ ਰਾਸ਼ਟਰਵਾਦ ਆਦਿ ਦੁਆਰਾ ਪੱਤਰਕਾਰਾਂ ਉੱਪਰ ਹਮਲੇ ਵਧੇ ਹਨ ਜੋ ਕਿ ਨਿਰਪੱਖ ਪੱਤਰਕਾਰਿਤਾ ਲਈ ਚਿੰਤਾਜਨਕ ਹੈ। ਸਾਲ 2018 ਵਿੱਚ ਘੱਟੋ ਘੱਟ 6 ਪੱਤਰਕਾਰ ਮਾਰੇ ਗਏ ਅਤੇ ਸੱਤਵੇਂ ਬਾਰੇ ਕਈ ਤਰ੍ਹਾਂ ਦੇ ਸ਼ੱਕ ਹਨ।

ਭਾਰਤੀ ਮੀਡੀਆ ਦਾ ਅਯੋਕਾ ਦੌਰ ਪੱਤਰਕਾਰਿਤਾ ਦੇ ਮੂਲ ਨਾਲ ਬੇਇਨਸਾਫ਼ੀ ਕਰਦਾ ਜਾਪ ਰਿਹਾ ਹੈ, ਜ਼ਿਆਦਾਤਰ ਮੁੱਖ ਧਾਰਾ ਦਾ ਮੀਡੀਆ ਸੱਤਾ ਜਾਂ ਸ਼ਕਤੀ ਨੂੰ ਸਵਾਲ ਕਰਨ ਦੀ ਥਾਂ ਉਹਨਾਂ ਦੇ ਅੱਗੇ ਪਿੱਛੇ ਘੁੰਮਦਾ ਨਜ਼ਰ ਪੈਂਦਾ ਹੈ ਜੋ ਕਿ ਨਿਰਪੱਖ ਪੱਤਰਕਾਰਿਤਾ ਲਈ ਸੁਖਾਵਾਂ ਸੰਕੇਤ ਨਹੀਂ ਹੈ। ਸਮੇਂ ਸਮੇਂ ਤੇ ਵਿਕਾਊ, ਸਵਾਰਥੀ ਪੱਤਰਕਾਰਾਂ ਅਤੇ ਪੱਤਰਕਾਰਿਤਾ ਨਾਲ ਸੰਬੰਧਤ ਅਜਿਹੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ ਜੋ ਕਿ ਨਿਰਪੱਖ ਪੱਤਰਕਾਰਿਤਾ ਦੇ ਕਿੱਤੇ ਨੂੰ ਢਾਹ ਲਾਉਂਦੀਆਂ ਹਨ। ਜ਼ਿਆਦਾਤਰ ਨਿਊਜ਼ ਚੈੱਨਲਾਂ ਆਦਿ ਵਿੱਚ ਟੀ.ਆਰ.ਪੀ. ਦੀ ਅੰਨ੍ਹੀ ਦੌੜ ਪਿੱਛੇ ਆਮ ਲੋਕ ਅਤੇ ਲੋਕ ਹਿੱਤ ਸਵਾਲ ਲਾਂਭੇ ਕਰ ਦਿੱਤੇ ਗਏ ਹਨ।

ਸਮੇਂ ਦੀ ਮੰਗ ਹੈ ਕਿ ਭਾਰਤੀ ਲੋਕਤੰਤਰ ਦੇ ਚੌਥੇ ਥੰਮ੍ਹ ਪੱਤਰਕਾਰਾਂ ਅਤੇ ਪੱਤਰਕਾਰਿਤਾ ਨਾਲ ਸੰਬੰਧਤ ਅਦਾਰਿਆਂ ਨੂੰ ਆਪਣੀ ਭੂਮਿਕਾ ਨੂੰ ਹੋਰ ਮਜ਼ਬੂਤੀ, ਨਿਰਪੱਖਤਾ ਅਤੇ ਲੋਕ ਹਤੈਸ਼ੀ ਹੋ ਕੇ ਨਿਭਾਉਣਾ ਚਾਹੀਦਾ ਹੈ।

(ਗੋਬਿੰਦਰ ਸਿੰਘ ‘ਬਰੜ੍ਹਵਾਲ’)

bardwal.gobinder@gmail.com

Install Punjabi Akhbar App

Install
×