ਸਮਾਰਟ ਫੋਨ ਦੀ ਦੁਨੀਆਂ

smart phone

ਸਮਾਰਟ ਫੋਨ ਰਾਹੀਂ ਪੂਰੀ ਦੁਨੀਆਂ ਨੂੰ ਮੁੱਠੀ ਵਿੱਚ ਬੰਦ ਕਰਨ ਦਾ ਸੁਫਨਾ ਸਾਕਾਰ ਹੁੰਦਾ ਜਾਪ ਰਿਹਾ ਹੈ। ਅਜੋਕੇ ਸਮਾਰਟ ਫੋਨ ਦਿਨੋਂ-ਦਿਨ ਨਵੀਂ ਤਕਨਾਲੋਜੀ ਨਾਲ ਲੈਸ ਹੋ ਰਹੇ ਹਨ ਜਿਸ ਕਾਰਨ ਇਨ੍ਹਾਂ ਦੀ ਵਰਤੋਂ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ। ਸਮਾਰਟ ਫੋਨਾਂ ਲਈ ਮੂਲ ਸਾਫਟਵੇਅਰ (ਓਪਰੇਟਿੰਗ ਸਿਸਟਮ) ਤਿਆਰ ਕਰਨ ’ਚ ਐਪਲ (ਆਈ-ਫੋਨ) ਅਤੇ ਗੂਗਲ (ਐਂਡਰਾਇਡ) ਆਦਿ ਕੰਪਨੀਆਂ ਮੋਹਰੀ ਭੂਮਿਕਾ ਨਿਭਾ ਰਹੀਆਂ ਹਨ। ਮੋਬਾਈਲ ਫੋਨ ਬਣਾਉਣ ਵਾਲੀਆਂ ਕੰਪਨੀਆਂ ਨੂੰ ਗੂਗਲ ਮੁਫ਼ਤ ’ਚ ਐਂਡਰਾਇਡ ਓਪਰੇਟਿੰਗ ਸਿਸਟਮ ਮੁਹੱਈਆ ਕਰਵਾ ਰਿਹਾ ਹੈ। ਮਾਈਕਰੋਮੈਕਸ ਨਾਂ ਦੀ ਭਾਰਤੀ ਕੰਪਨੀ ਨੇ ਐਂਡਰਾਇਡ ਸਮਾਰਟ ਫੋਨ ਦੇ ਸਸਤੇ ਸੈੱਟ ਬਣਾਉਣ ਦਾ ਉਪਰਾਲਾ ਕੀਤਾ ਹੈ। ਮਾਈਕਰੋਮੈਕਸ ਦੀ ਸ਼ਲਾਘਾਯੋਗ ਕਾਰਗੁਜ਼ਾਰੀ ਇਸ ਖੇਤਰ ਦੀ ਨਾਮੀ ਕੰਪਨੀ ਸੈਮਸੰਗ ਲਈ ਵੱਡੀ ਚੁਣੌਤੀ ਬਣੀ ਹੋਈ ਹੈ। ਦੂਜੇ ਪਾਸੇ, ਆਈ-ਫੋਨ ਦੀਆਂ ਕੀਮਤਾਂ ਵੱਧ ਹੋਣ ਕਾਰਨ ਆਮ ਆਦਮੀ ਇਨ੍ਹਾਂ ਨੂੰ ਨਹੀਂ ਖ਼ਰੀਦ ਸਕਦਾ। ਇਹੀ ਕਾਰਨ ਹੈ ਕਿ ਅੱਜ ਭਾਰਤ ਵਿੱਚ ਐਂਡਰਾਇਡ ਫੋਨ ਦੇ ਉਪਭੋਗਤਾ ਸਭ ਤੋਂ ਵੱਧ ਹਨ।

ਭਾਰਤੀ ਭਾਸ਼ਾਵਾਂ ਨੂੰ ਮੋਬਾਈਲ ’ਤੇ ਸਮਰਥਨ ਦੇਣ ਦੇ ਮੁੱਦੇ ਤੇ ਸੈਮਸੰਗ ਨੇ ਬਾਕੀਆਂ ਨੂੰ ਪਛਾੜ ਦਿੱਤਾ ਹੈ। ਜੇ ਪੰਜਾਬੀ ਭਾਸ਼ਾ ਦੀ ਗੱਲ ਕਰੀਏ ਤਾਂ ਐਪਲ ਦੇ ਆਈ-ਫੋਨ ਪੰਜਾਬੀ ਨੂੰ ਸੁਪੋਰਟ ਕਰਦੇ ਹਨ ਪਰ ਪੰਜਾਬੀ ਲਿਖਣ ਲਈ ਇੱਕ ਖ਼ਾਸ ਐਪਲੀਕੇਸ਼ਨ ਇੰਸਟਾਲ ਕਰਨੀ ਪੈਂਦੀ ਹੈ। ਸੈਮਸੰਗ ਦੇ ਐਂਡਰਾਇਡ ਫੋਨ ਵਿੱਚ ਪੰਜਾਬੀ ਨੂੰ ਭਰਵੀਂ ਸੁਪੋਰਟ ਹੈ ਪਰ ਬਾਕੀ ਕੰਪਨੀਆਂ ਦੇ ਹੈਂਡ ਸੈੱਟਾਂ ਤੋਂ ਨਿਰਾਸ਼ਾ ਹੀ ਹੱਥ ਲਗਦੀ ਹੈ।

ਅਸਲ ਵਿੱਚ ਯੂਨੀਕੋਡ (ਰਾਵੀ) ਫੋਂਟ ਹੀ ਇੱਕ ਅਜਿਹੀ ਵਿਵਸਥਾ ਹੈ ਜਿਸ ਰਾਹੀਂ ਸਮਾਰਟ ਫੋਨ ’ਤੇ ਪੰਜਾਬੀ ਸਮੇਤ ਹੋਰਨਾਂ ਭਾਰਤੀ ਭਾਸ਼ਾਵਾਂ ਨੂੰ ਵਰਤਿਆ ਜਾ ਸਕਦਾ ਹੈ। ਐਂਡਰਾਇਡ ਓਪਰੇਟਿੰਗ ਸਿਸਟਮ ਅਤੇ ਹੈਂਡਸੈੱਟ ਦਾ ਯੂਨੀਕੋਡ ਦੇ ਸਮਰੱਥ ਹੋਣ ਦੇ ਦੋ ਅਲੱਗ-ਅਲੱਗ ਮਸਲੇ ਹਨ। ਇਨ੍ਹਾਂ ਦੋਹਾਂ ਨੂੰ ਆਪਸ ਵਿੱਚ ਜੋੜ ਕੇ ਨਹੀਂ ਵੇਖਿਆ ਜਾਣਾ ਚਾਹੀਦਾ।

ਐਂਡਰਾਇਡ ਦਾ ਪ੍ਰਚੱਲਿਤ ਸੰਸਕਰਨ ਜੈਲੀ ਬੀਨ ਯੂਨੀਕੋਡ ’ਤੇ ਚੜ੍ਹ ਚੁੱਕੀਆਂ ਸਾਰੀਆਂ ਭਾਸ਼ਾਵਾਂ ਨੂੰ ਭਰਵਾਂ ਸਮਰਥਨ ਦਿੰਦਾ ਹੈ ਪਰ ਹੈਂਡਸੈੱਟ ਤਿਆਰ ਕਰਨ ਵਾਲੀਆਂ ਕੰਪਨੀਆਂ (ਸੈਮਸੰਗ ਨੂੰ ਛੱਡ ਕੇ) ਫੋਨ ਦੇ ਹਾਰਡਵੇਅਰ ’ਚ ਯੂਨੀਕੋਡ ਨੂੰ ਸੁਪੋਰਟ ਨਹੀਂ ਦੇ ਰਹੀਆਂ। ਮਾਈਕਰੋਮੈਕਸ ਆਦਿ ਸੈੱਟਾਂ ਵਿੱਚ ਕਿਸੇ ਤੀਜੀ ਧਿਰ ਦੇ ਕੀ-ਬੋਰਡ ਰਾਹੀਂ ਪੰਜਾਬੀ ਲਿਖੀ ਤਾਂ ਜਾ ਸਕਦੀ ਹੈ ਪਰ ਬਾਹਰੋਂ ਆਏ ਕਿਸੇ ਐੱਸ.ਐੱਮ.ਐੱਸ., ਵਟਸ ਐਪ ਸੰਦੇਸ਼ ਜਾਂ ਈ-ਮੇਲ ਨੂੰ ਪੜ੍ਹਿਆ ਨਹੀਂ ਜਾ ਸਕਦਾ। ਵਿਕਾਸਕਾਰਾਂ ਨੇ ਪੰਜਾਬੀ ਦੀਆਂ ਸੈਂਕੜੇ ਐਪਸ ਤਿਆਰ ਕੀਤੀਆਂ ਹਨ ਜਿਨ੍ਹਾਂ ਨੂੰ ਗੂਗਲ ਪਲੇਅ ਸਟੋਰ ਤੋਂ ਮੁਫ਼ਤ ਵਿੱਚ ਡਾਊਨਲੋਡ ਕੀਤਾ ਜਾ ਸਕਦਾ ਹੈ।
ਐਂਡਰਾਇਡ ਸਮਾਰਟ ਫੋਨ ਅਨੇਕਾਂ ਸੁਵਿਧਾਵਾਂ ਨਾਲ ਲੈਸ ਹੈ ਪਰ ਜਾਣਕਾਰੀ ਨਾ ਹੋਣ ਕਾਰਨ ਜ਼ਿਆਦਾਤਰ ਲੋਕ ਇਸ ਨੂੰ ਰਵਾਇਤੀ ਫੋਨ ਵਾਂਗ ਸਿਰਫ਼ ਕਾਲ ਕਰਨ ਅਤੇ ਸੁਣਨ ਲਈ ਹੀ ਵਰਤਦੇ ਹਨ। ਐਂਡਰਾਇਡ ਮੋਬਾਈਲ ਫੋਨ ਦੀ ਖ਼ਰੀਦ, ਵਰਤੋਂ ਸਮੇਂ ਸਾਵਧਾਨੀਆਂ, ਇਸ ਨੂੰ ਚੁਸਤ-ਦਰੁਸਤ ਅਤੇ ਸੁਰੱਖਿਅਤ ਰੱਖਣਾ, ਮੋਬਾਈਲ ਵਿਚਲੀ ਸੰਪਰਕ ਸੂਚੀ ਨੂੰ ਕੰਪਿਊਟਰ ’ਚ ਸਾਂਭਣਾ, ਆਪਣੀ ਭਾਸ਼ਾ ’ਚ ਮੋਬਾਈਲ ਦੀ ਵਰਤੋਂ ਕਰਨਾ ਅਤੇ ਐਪਸ ਨੂੰ ਡਾਊਨਲੋਡ ਕਰਨਾ ਤੇ ਵਰਤਣਾ ਆਦਿ ਕੁਝ ਅਜਿਹੇ ਮਸਲੇ ਹਨ ਜਿਨ੍ਹਾਂ ਬਾਰੇ ਤਕਨੀਕੀ ਗਿਆਨ ਹੋਣਾ ਲਾਜ਼ਮੀ ਹੈ।

ਪਾਠਕਾਂ ਦੀ ਮੰਗ ਨੂੰ ਧਿਆਨ ’ਚ ਰੱਖਦਿਆਂ ਇਸ ਕਾਲਮ ਰਾਹੀਂ ਐਂਡਰਾਇਡ ਫੋਨ ਦੀ ਵਰਤੋਂ ਦੇ ਹਰੇਕ ਪੱਖ ਬਾਰੇ ਤਕਨੀਕੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।