ਵਿਸ਼ਵ ਭਰ ਵਿੱਚ ਵਿਸ਼ਵ ਕੁਦਰਤ ਸੰਭਾਲ ਦਿਵਸ – (28 ਜੁਲਾਈ) ਤੇ ਵਿਸ਼ੇਸ਼

ਅਸੀਂ ਵੀ ਕਿਤੇ ਡਾਲਫਿਨ ਅਤੇ ਮਮਾਥ ਵਰਗੇ ਜੀਵਾਂ ਵਾਂਗ ਅਲੋਪ ਹੀ ਨਾ ਹੋ ਜਾਈਏ

28 ਜੁਲਾਈ ਵਿਸ਼ਵ ਭਰ ਵਿੱਚ ਵਿਸ਼ਵ ਕੁਦਰਤ ਸੰਭਾਲ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦਿਨ ਨੂੰ ਕੁਦਰਤੀ ਸਾਧਨਾਂ ਜਿਵੇਂ ਕਿ ਧਰਤੀ, ਹਵਾ,ਪਾਣੀ, ਰੁੱਖਾਂ, ਖਣਿਜ ਪਦਾਰਥਾਂ ਅਤੇ ਪਸ਼ੂ-ਪੰਛੀਆਂ ਦੀ ਸਾਂਭ-ਸੰਭਾਲ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ। ਇਸ ਦਿਨ ਦਾ ਮੁੱਖ ਉਦੇਸ਼ ਮਨੁੱਖਾਂ ਨੂੰ ਵਾਤਾਵਰਨ ਨੂੰ ਸਾਫ-ਸੁਥਰਾ ਰੱਖਣ ਲਈ ਜਾਗਰੂਕ ਕਰਨਾ ਹੈ ਤਾਂ ਕਿ ਮੌਜੂਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਿਹਤਮੰਦ ਵਾਤਾਵਰਨ ਪ੍ਰਦਾਨ ਕੀਤਾ ਜਾ ਸਕੇ। ਕੁਦਰਤੀ ਸਾਧਨਾਂ ਦੀ ਦੁਰਵਰਤੋਂ ਅਤੇ ਨਾਜਾਇਜ਼ ਵਪਾਰ ਨਾਲ ਈਕੋ ਸਿਸਟਮ ਵਿੱਚ ਅਸੰਤੁਲਨ ਪੈਦਾ ਹੋਣ ਕਰਕੇ ਹੜ, ਗਲੋਬਲ ਵਾਰਮਿੰਗ, ਭੂ-ਖੁਰਨ, ਪ੍ਰਦੂਸ਼ਣ ਅਤੇ ਹੋਰ ਬਿਮਾਰੀਆਂ ਪੈਦਾ ਹੋ ਰਹੀਆਂ ਹਨ। ਇਨ੍ਹਾਂ ਸਮੱਸਿਆਵਾਂ ਤੋਂ ਬਚਣ ਲਈ ਹੇਠ ਲਿਖੇ ਉਪਾਅ ਕਰਨੇ ਚਾਹੀਦੇ ਹਨ:-

• ਪਲਾਸਟਿਕ ਦੀ ਵਰਤੋਂ ਤੇ ਪੂਰਨ ਪਾਬੰਦੀ ਲਗਾਈ ਜਾਵੇ ਅਤੇ ਪਲਾਸਟਿਕ ਦੀ ਥਾਂ ਹੋਰ ਵਿਕਲਪਾਂ ਦੀ ਵਰਤੋਂ ਕੀਤੀ ਜਾਵੇ ਜਿਵੇਂ ਕਿ ਪਲਾਸਟਿਕ ਦੇ ਬਣੇ ਲਿਫਾਫਿਆਂ ਦੀ ਥਾਂ ਜੂਟ ਜਾਂ ਘਰ ਦੇ ਬਣੇ ਝੋਲਿਆਂ ਦੀ ਵਰਤੋਂ ਕੀਤੀ ਜਾਵੇ।

• ਬਿਜਲੀ ਦੀ ਵਰਤੋਂ ਘੱਟ ਕਰਦੇ ਹੋਏ ਊਰਜਾ ਦੇ ਬਦਲਵੇਂ ਸ੍ਰੋਤਾਂ ਜਿਵੇਂ ਕਿ ਹਵਾ ਅਤੇ ਸੌਲਰ ਊਰਜਾ ਦੀ ਵਰਤੋਂ ਕਰਨੀ ਚਾਹੀਦੀ ਹੈ।

• ਈਕੋ ਸਿਸਟਮ ਦੀ ਬਿਹਤਰੀ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ।

• ਜੰਗਲਾਂ ਦੀ ਨਾਜਾਇਜ਼ ਕਟਾਈ ਤੇ ਰੋਕ ਲਗਾਈ ਜਾਵੇ ਤੇ ਨਵੇਂ ਰੁੱਖ ਲਗਾਏ ਜਾਣ।

• ਹਵਾ ਦੀ ਗੁਣਵੱਤਾ ਨੂੰ ਸੁਧਾਰਨ ਲਈ ਵੱਧ ਤੋਂ ਵੱਧ ਰੁੱਖ ਲਗਾਏ ਜਾਣ।

• ਪਾਣੀ ਦੀ ਲੋੜ ਅਨੁਸਾਰ ਹੀ ਵਰਤੋਂ ਕਰੋ। ਘਰੇਲੂ ਕੰਮਾਂ ਜਿਵੇਂ ਕਿ ਸਾਫ-ਸਫਾਈ, ਰਸੋਈ ਅਤੇ ਪਸ਼ੂਆਂ ਨੂੰ ਨਹਾਉਣ ਲਈ ਵਰਤੇ ਪਾਣੀ ਦੀ ਵਰਤੋਂ ਸ਼ਬਜੀਆਂ ਤੇ ਰੁੱਖਾਂ ਨੂੰ ਸਿੰਚਣ ਲਈ ਕਰੋ।

• ਪੈਟਰੋਲ ਤੇ ਡੀਜ਼ਲ ਜਿਹੇ ਨਾ-ਨਵਿਆਉਣਯੋਗ ਸਾਧਨਾਂ ਦੀ ਵਰਤੋਂ ਘੱਟ ਕਰਨ ਲਈ ਆਵਾਜਾਈ ਦੇ ਸਾਧਨਾਂ ਦੀ ਲੋੜੀਂਦੀ ਵਰਤੋਂ ਕਰੋ।

• ਖੇਤੀਬਾੜੀ ਲਈ ਰਸਾਇਣਕਾਂ ਦੀ ਵਰਤੋਂ ਘੱਟ ਕੀਤੀ ਜਾਵੇ ਅਤੇ ਯੂਰੀਆ ਵਰਗੀਆਂ ਖਾਦਾਂ ਦੀ ਥਾਂ ਦੇਸੀ ਖਾਦ ਦੀ ਵਰਤੋਂ ਨੂੰ ਤਰਜੀਹ ਦਿੱਤੀ ਜਾਵੇ। ਪਾਣੀ ਬਚਾਉਣ ਲਈ ਝੋਨੇ ਦੀ ਥਾਂ ਫਸਲੀ ਚੱਕਰ ਅਪਨਾਇਆ ਜਾਵੇ। ਸਰਕਾਰ ਵੱਲੋਂ ਨਹਿਰੀਂ ਪਾਣੀ ਸਿੰਚਾਈ ਲਈ ਮੁਹੱਈਆ ਕਰਵਾਇਆ ਜਾਵੇ ਤਾਂ ਕਿ ਧਰਤੀ ਵਾਲੇ ਪਾਣੀ ਦਾ ਪੱਧਰ ਘੱਟ ਨਾ ਸਕੇ।

• ਨਵਿਆਉਣਯੋਗ ਤੇ ਦੁਬਾਰਾ ਵਰਤੋਂ ਯੋਗ ਵਸਤਾਂ ਦੀ ਵਰਤੋਂ ਕੀਤੀ ਜਾਵੇ।

ਅਜੋਕੇ ਸਮੇਂ ਵਿੱਚ ਵਿਸ਼ਵ ਕੁਦਰਤ ਸੰਭਾਲ ਦਿਵਸ ਨੂੰ ਸਮਾਜਿਕ ਤੇ ਵਾਤਾਵਰਨ ਸੰਸਥਾਵਾਂ ਦੁਆਰਾ ਵੈਸ਼ਵਿਕ ਪੱਧਰ ਤੇ ਮਨਾਉਂਦੇ ਹੋਏ ਆਉਣ ਵਾਲੀਆਂ ਪੀੜ੍ਹੀਆ ਦੀ ਹੋਂਦ ਲਈ ਧਰਤੀ ਮਾਂ ਨੂੰ ਬਚਾਉਣ ਲਈ ਅੱਗੇ ਆਉਣਾ ਚਾਹੀਦਾ ਹੈ।

ਜੇ ਅੱਜ ਅਸੀਂ ਧਰਤੀ ਤੇ ਕੁਦਰਤੀ ਸਾਧਨਾਂ ਨੂੰ ਨਾ ਬਚਾਇਆ ਤਾਂ ਅਸੀਂ ਵੀ ਡੋਡੋ, ਬੇਜੀ ਵਾਈਟ ਡਾਲਫਿਨ ਅਤੇ ਮਮਾਥ ਵਰਗੇ ਜੀਵਾਂ ਵਾਂਗ ਅਲੋਪ ਹੀ ਨਾ ਹੋ ਜਾਈਏ।

(ਸੁਰਜੀਤ ਸਿੰਘ ਭਦੌੜ) +91 98884 88060