ਆਸਟ੍ਰੇਲੀਆਈ ਹਾਈਡ੍ਰੋਜਨ ਜਾਏਗੀ ਜਪਾਨ ਨੂੰ -ਦੁਨੀਆਂ ਦੇ ਪਹਿਲੇ ਟ੍ਰਾਇਲ ਤੇ ਸਭ ਦੀ ਨਜ਼ਰ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਹਾਈਡ੍ਰੋਜਨ ਉਦਯੋਗ ਨੂੰ ਬੜਾਵਾ ਦਿੰਦਿਆਂ ਦੁਨੀਆਂ ਦਾ ਪਹਿਲਾ ਅਜਿਹਾ ਟ੍ਰਾਇਲ ਕੀਤਾ ਜਾ ਰਿਹਾ ਹੈ ਜਿਸ ਰਾਹੀਂ ਕਿ ਆਸਟ੍ਰੇਲੀਆ ਅੰਦਰ ਬਣੀ ਹਾਈਡ੍ਰੋਜਨ ਨੂੰ ਜਪਾਨ ਦੇਸ਼ ਵੱਲ ਭੇਜਿਆ ਜਾਵੇਗਾ ਅਤੇ ਹਰ ਕਿਸੇ ਦੀ ਨਜ਼ਰ ਹੁਣ ਇਸ ਪ੍ਰਾਜੈਕਟ ਅਤੇ ਟ੍ਰਾਇਲ ਦੀ ਕਾਮਿਯਾਬੀ ਵੱਲ ਬਣੀ ਹੋਈ ਹੈ। ਇਸ ਵਿੱਚ ਵਿਕਟੋਰੀਆ ਸਰਕਾਰ ਅਤੇ ਫੈਡਰਲ ਸਰਕਾਰ ਦੋਹਾਂ ਨੇ ਮਿਲਕੇ 500 ਮਿਲੀਅਨ ਡਾਲਰਾਂ ਦੇ ਇਸ ਪ੍ਰਾਜੈਕਟ ਵਿੱਚ 50 ਮਿਲੀਅਨ ਡਾਲਰ ਦਾ ਸਾਂਝਾ ਨਿਵੇਸ਼ ਕੀਤਾ ਹੈ। ਉਕਤ ਸਪਲਾਈ ਵਿਕਟੋਰੀਆ ਦੇ ਲੈਟਰੋਬ ਵੈਲੀ ਵਿੱਚ ਬਣੀ ਹਾਈਡ੍ਰੋਜਨ ਹੈ ਜਿਹੜੀ ਕਿ ਕੋਲੇ ਤੋਂ ਬਣਾਈ ਜਾਂਦੀ ਹੈ।
ਵੈਸੇ ਮੰਨਣਾ ਇਹ ਵੀ ਹੈ ਕਿ ਇਹ ਪ੍ਰਾਜੈਕਟ ‘ਗ੍ਰੀਨ’ ਪ੍ਰਾਜੈਕਟਾਂ ਦੀ ਸ਼੍ਰੇਣੀ ਵਿੱਚ ਨਹੀਂ ਆਉਂਦਾ ਪਰੰਤੂ ਸਰਕਾਰਾਂ ਅਤੇ ਵਿਗਿਆਨਿਕਾਂ ਦਾ ਕਹਿਣਾ ਹੈ ਕਿ ਇਸ ਕਾਰਨ ਜੋ ਕਾਰਬਨ ਡਾਇਆਕਸਾਈਡ ਦਾ ਉਤਸਰਜਨ ਹੁੰਦਾ ਹੈ ਉਸਨੂੰ ਵਾਤਾਵਰਣ ਅੰਦਰ ਨਹੀਂ ਫੈਲਾਇਆ ਜਾਂਦਾ ਸਗੋਂ ਇਸ ਨੂੰ ਸਾਂਭਣ ਅਤੇ ਸਟੋਰ ਕਰਨ ਦਾ ਟੀਚਾ ਮਿਥਿਆ ਗਿਆ ਹੈ। ਇਸ ਵਿੱਚ ਸ਼ਾਮਿਲ ਦੋਹਾਂ ਦੇਸ਼ਾਂ ਦੀਆਂ ਕੰਪਨੀਆਂ ਦਾ ਕਹਿਣਾ ਹੈ ਕਿ ਇਸ ਦੀ ਤਰਫੋਂ ਪੈਦਾ ਹੋਈ ਕਾਰਬਨ ਨੂੰ ਬਾਸ ਸਟ੍ਰੇਟ ਖੇਤਰ (ਵਿਕਟੋਰੀਆ ਅਤੇ ਤਸਮਾਨੀਆ ਵਿਚਲਾ ਸਮੁੰਦਰੀ ਖੇਤਰ) ਦੇ ਥੱਲੇ 1.5 ਕਿਲੋਮੀਟਰ ਹੇਠਾਂ ਨੂੰ ਦਫ਼ਨ ਕਰਕੇ ਰੱਖਿਆ ਜਾਵੇਗਾ।
ਅੱਜ, ਯਾਨੀ ਕਿ ਸ਼ੁਕਰਵਾਰ ਨੂੰ ਫੈਡਰਲ ਊਰਜਾ ਮੰਤਰੀ ਐਂਗਸ ਟੇਲਰ ਅਤੇ ਜਪਾਨ ਤੋਂ ਰਾਜਦੂਤ -ਸ਼ਿੰਗੋ ਯਾਮਾਗਾਮੀ, ਹੋਰ ਅਜਿਹੇ ਅਧਿਕਾਰੀਆਂ ਵਿੱਚ ਸ਼ਾਮਿਲ ਹੋ ਰਹੇ ਹਨ ਅਤੇ ਇਸ ਪ੍ਰਾਜੈਕਟ ਦੀ ਸ਼ੁਰੂਆਤ ਦਾ ਜਸ਼ਨ ਮਨਾ ਰਹੇ ਹਨ।
ਮਾਹਿਰਾਂ ਦਾ ਕਹਿਣਾ ਹੈ ਕਿ ਭਵਿੱਖ ਵਿੱਚ ਹਾਈਡ੍ਰੋਜਨ ਨੂੰ ਇੱਕ ਵਧੀਆ ਫਿਊਲ ਦੇ ਰੂਪ ਵਿੱਚ ਵਰਤੇ ਜਾਣਾ ਤੈਅ ਹੈ ਅਤੇ ਇਸ ਨਾਲ ਦੇਸ਼ ਅੰਦਰ 8000 ਰੋਜ਼ਗਾਰ ਪੈਦਾ ਹੋਣਗੇ ਅਤੇ ਇਸ ਦੇ ਨਾਲ ਹੀ 2050 ਤੱਕ ਦੇਸ਼ ਦੀ ਅਰਥ ਵਿਵਸਥਾ ਅੰਦਰ 11 ਬਿਲੀਅਨ ਡਾਲਰਾਂ ਦਾ ਯੋਗਦਾਨ ਵੀ ਪਵੇਗਾ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਹਾਈਡ੍ਰੋਜਨ ਨੂੰ ਜਦੋਂ ਜਲਾਇਆ ਜਾਂਦਾ ਹੈ ਤਾਂ ਇਸਤੋਂ ਪਾਣੀ ਦੇ ਤੁਪਕੇ ਅਤੇ ਗਰਮੀ ਹੀ ਪੈਦਾ ਹੁੰਦੀ ਹੈ ਅਤੇ ਇਸਨੂੰ ਜ਼ੀਰੋ ਅਮਿਸ਼ਨ ਫਿਊਲ ਦੇ ਤੌਰ ਉਪਰ ਵੀ ਇਸਤੇਮਾਲ ਕੀਤਾ ਜਾਂਦਾ ਹੈ।
ਇਸ ਪ੍ਰਾਜੈਕਟ ਤੋਂ ਬਾਅਦ ਹੁਣ ਨਿਊ ਸਾਊਥ ਵੇਲਜ਼ ਦੇ ਇਲਾਵਾਰਾ ਖੇਤਰ ਵਿੱਚ ਦੂਸਰਾ ਅਜਿਹਾ ਪ੍ਰਾਜੈਕਟ ਲਗਾਇਆ ਜਾਵੇਗਾ ਅਤੇ ਇਸ ਵਾਸਤੇ ਰਾਜ ਸਰਕਾਰ 70 ਮਿਲੀਅਨ ਡਾਲਰਾਂ ਦਾ ਨਿਵੇਸ਼ ਕਰ ਰਹੀ ਹੈ।

Install Punjabi Akhbar App

Install
×