
ਨਿਊ ਸਾਊਥ ਵੇਲਜ਼ ਸਰਕਾਰ ਦੇ ਸੜਕ ਪਰਿਵਹਨ ਮੰਤਰੀ ਪੌਲ ਟੂਲੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੁਨੀਆਂ ਦੀ ਸਭ ਤੋਂ ਪਹਿਲੀ ਅਜਿਹੀ ਬੱਸ ਸੇਵਾ ਜਿੱਥੇ ਕਿ ਕੋਈ ਵੀ ਸੁਪਰਵਾਈਜ਼ਰ ਜਾਂ ਡ੍ਰਾਈਵਰ ਮੌਜੂਦ ਨਹੀਂ ਹੈ ਅਤੇ ਇਹ ਬੱਸ ਆਟੋਮੈਟਿਕ ਸਿਸਟਮ ਦੇ ਜ਼ਰੀਏ ਹੀ ਚਲਦੀ ਹੈ, ਨੂੰ ਲੋਕਾਂ ਦੀ ਸੇਵਾ ਵਿੱਚ ਕਾਫਸ ਹਾਰਬਰ ਵਿਖੇ ਟ੍ਰਾਇਲ ਦੇ ਤੌਰ ਤੇ ਸ਼ੁਰੂ ਕਰ ਦਿੱਤਾ ਗਿਆ ਹੈ।
ਸਥਾਨਕ ਐਮ.ਪੀ. ਗੁਰਮੇਸ਼ ਸਿੰਘ ਨੇ ਕਿਹਾ ਕਿ ਇਹ ਵਾਹਨ ਲੋਕਾਂ ਵਿੱਚ ਬਹੁਤ ਜਲਦੀ ਹਰਮਨ ਪਿਆਰਾ ਹੋ ਰਿਹਾ ਹੈ ਅਤੇ ਆਪਣੀ ਤਕਨਾਲੋਜੀ ਕਾਰਨ ਸੁਰੱਖਿਅਤ ਵੀ ਹੈ। ਉਨ੍ਹਾਂ ਕਿਹਾ ਕਿ ਦਿਸੰਬਰ 2018 ਵਿੱਚ ਇਸ ਵਾਹਨ ਨੂੰ ਈਜ਼ੀਮਾਈਲ ਅਤੇ ਕਾਫਸ ਹਾਰਬਰ ਸਿਟੀ ਕਾਂਸਲ ਦੁਆਰਾ ਟ੍ਰਾਇਲ ਉਪਰ ਲਾਂਚ ਕੀਤਾ ਗਿਆ ਸੀ ਅਤੇ ਉਦੋਂ ਤੋਂ ਹੀ ਇਹ ਬਹੁਤ ਸਟੀਕਤਾ ਅਤੇ ਮੁਸਤੈਦੀ ਨਾਲ ਚੱਲ ਰਿਹਾ ਹੈ। ਇਸ ਸੇਵਾ ਨੂੰ ਪਹਿਲਾਂ ਨਾਰਦਰਨ ਬਰੇਕਵਾਲ ਅਤੇ ਦ ਮੈਰੀਅਨ ਗਰੋਵ ਰਿਟਾਇਰਮੈਂਟ ਵਿਲੇਜ ਦੁਆਲੇ ਚਲਾਇਆ ਗਿਆ ਸੀ ਅਤੇ ਬਾਅਦ ਵਿੱਚ ਇਸਨੂੰ ਬੋਟੈਨਿਕ ਗਾਰਡਨ ਵਿਖੇ 2020 ਨੂੰ ਚਲਾਇਆ ਗਿਆ ਅਤੇ ਉਦੋਂ ਇਸ ਵਿੱਚ ਸੁਪਰਵਾਈਜ਼ਰ ਮੌਜੂਦ ਹੁੰਦਾ ਸੀ ਪਰੰਤੂ ਹੁਣ ਇਸ ਵਿਚੋਂ ਸੁਪਰਵਾਈਜ਼ਰ ਨੂੰ ਹਟਾ ਲਿਆ ਗਿਆ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਕਾਫਸ ਹਾਰਬਰ ਦੇ ਲੋਕ ਇਸ ਇਤਿਹਾਸਕ ਕਾਰਨਾਮੇ ਦਾ ਹਿੱਸਾ ਬੜੀ ਖੁਸ਼ੀ ਅਤੇ ਉਤਸੁਕਤਾ ਨਾਲ ਬਣ ਰਹੇ ਹਨ ਅਤੇ ਅਜਿਹੇ ਲੋਕਾਂ ਵਿੱਚ ਇੱਕ ਸਾਲ ਦੇ ਬੱਚੇ ਤੋਂ ਲੈ ਕੇ 103 ਸਾਲਾਂ ਤੱਕ ਦੇ ਬਜ਼ੁਰਗ ਵੀ ਸ਼ਾਮਿਲ ਹਨ ਜੋ ਕਿ ਇਸ ਟ੍ਰਾਇਲ ਵਿੱਚ ਆਪਣੀ ਮੌਜੂਦਗੀ ਦਰਜ ਕਰਵਾ ਰਹੇ ਹਨ।
ਬਸਵੇਜ਼ ਦੇ ਐਮ.ਡੀ. ਬਿਰੋਨ ਰੋਵੇ ਨੇ ਕਿਹਾ ਕਿ ਹਰ ਕੋਈ ਉਤਸੁਕ ਹੈ ਇਸ ਪ੍ਰਾਜੈਕਟ ਦਾ ਹਿੱਸਾ ਬਣਨ ਵਾਸਤੇ ਅਤੇ ਇਸ ਨਾਲ ਤਕਨਾਲੋਜੀ, ਸਥਾਨਕ ਲੋਕਾਂ, ਉਦਯੋਗ ਅਤੇ ਸਰਕਾਰ ਵਿਚਾਲੇ ਵਿਸ਼ਵਾਸ਼ ਦੇ ਨਵੇਂ ਰਿਸ਼ਤੇ ਅਤੇ ਸੰਬੰਧ ਕਾਇਮ ਹੋਏ ਹਨ।
ਇਸੇ ਤਰ੍ਹਾਂ ਈਜ਼ੀਮਾਈਲ ਦੇ ਐਮ.ਡੀ. (ਏਸ਼ੀਆ ਪੈਸਿਫਿਕ) ਗਰੈਗ ਗਿਰੌਡ ਨੇ ਵੀ ਇਸ ਵਿੱਚ ਆਪਣੀ ਖੁਸ਼ੀ ਜ਼ਾਹਿਰ ਕਰਦਿਆਂ ਸਰਕਾਰ ਅਤੇ ਸਥਾਨਕ ਲੋਕਾਂ ਦਾ ਧੰਨਵਾਦ ਕੀਤਾ ਹੈ।