ਕੌਮਾਂਤਰੀ ਸ਼ੱਕਰ ਰੋਗ ਦਿਵਸ ‘ਤੇ ਵਿਸ਼ੇਸ਼ – 14 ਨਵੰਬਰ

ਸ਼ੱਕਰ ਰੋਗ ਜਾਂ ਮਧੂਮੇਹ (ਡਾਇਬਟੀਜ) ਸੰਬੰਧੀ ਜਾਗਰੂਕਤਾ ਦੇ ਮੰਤਵ ਲਈ ਹਰ ਸਾਲ 14 ਨਵੰਬਰ ਨੂੰ ਸਰ ਫਰੈੱਡਰਿਕ ਬੈਟਿੰਗ ਦੇ ਜਨਮਦਿਨ ਦੇ ਰੂਪ ਵਿੱਚ ਕੌਮਾਂਤਰੀ ਸ਼ੱਕਰ ਰੋਗ ਦਿਵਸ ਮਨਾਇਆ ਜਾਂਦਾ ਹੈ ਜਿਹਨਾਂ ਨੇ 1922 ਵਿੱਚ ਚਾਰਲਸ ਬੇਸਟ ਨਾਲ ਮਿਲਕੇ ਇੰਸੁਲਿਨ ਦੀ ਖੋਜ ਕੀਤੀ।

ਭੋਜਨ ਕਰਨ ਤੇ ਸਾਡੇ ਸਰੀਰ ਵਿੱਚ ਇੱਕ ਆਮ ਪ੍ਰਕਿਰਿਆ ਹੁੰਦੀ ਹੈ ਜਿਸ ਵਿੱਚ ਭੋਜਨ ਢਿੱਡ ਵਿੱਚ ਜਾਕੇ ਇੱਕ ਪ੍ਰਕਾਰ ਦੇ ਬਾਲਣ ਵਿੱਚ ਬਦਲਦਾ ਹੈ ਜਿਸਨੂੰ ਗੁਲੂਕੋਜ ਕਹਿੰਦੇ ਹਨ। ਇਹ ਇੱਕ ਪ੍ਰਕਾਰ ਦੀ ਸ਼ੱਕਰ ਹੁੰਦੀ ਹੈ। ਗੁਲੂਕੋਜ ਲਹੂ ਧਾਰਾ ਵਿੱਚ ਮਿਲਦਾ ਹੈ ਅਤੇ ਸਰੀਰ ਦੀਆਂ ਲੱਖਾਂ ਕੋਸ਼ਿਕਾਵਾਂ ਵਿੱਚ ਪੁੱਜਦਾ ਹੈ। ਪੈਂਕਰੀਆ ਉਹ ਅੰਗ ਹੈ ਜੋ ਇੱਕ ਖਾਸ ਰਸਾਇਣ ਪੈਦਾ ਕਰਦਾ ਹੈ ਜਿਸ ਨੂੰ ਇਨਸੂਲਿਨ ਕਹਿੰਦੇ ਹਨ। ਇਨਸੂਲਿਨ ਵੀ ਲਹੂਧਾਰਾ ਵਿੱਚ ਮਿਲਦਾ ਹੈ ਅਤੇ ਕੋਸ਼ਿਕਾਵਾਂ ਤੱਕ ਜਾਂਦਾ ਹੈ। ਗੁਲੂਕੋਜ ਨਾਲ ਮਿਲਕੇ ਹੀ ਇਹ ਕੋਸ਼ਿਕਾਵਾਂ ਤੱਕ ਜਾ ਸਕਦਾ ਹੈ। ਸਰੀਰ ਨੂੰ ਊਰਜਾ ਦੇਣ ਲਈ ਕੋਸ਼ਿਕਾਵਾਂ ਗੁਲੂਕੋਜ ਨੂੰ ਜਲਾਉਂਦੀਆਂ ਹਨ।

ਸ਼ੱਕਰ ਰੋਗ ਤੋਂ ਭਾਵ ਹੈ ਖੂਨ ਵਿੱਚ ਸ਼ੱਕਰ ਦੀ ਮਾਤਰਾ ਦਾ ਵੱਧ ਜਾਣਾ। ਸ਼ੱਕਰ ਰੋਗ ਉਸ ਸਮੇਂ ਹੁੰਦਾ ਹੈ ਜਦੋਂ ਮਨੁੱਖੀ ਸਰੀਰ ਖੂਨ ਵਿਚਲੀ ਖੰਡ (ਗੁਲੂਕੋਜ) ਦੀ ਮਾਤਰਾ ਨੂੰ ਕੰਟਰੋਲ ਨਹੀਂ ਕਰਦਾ। ਇਹ ਰੋਗ ਸਾਡੇ ਸਰੀਰ ਵਿੱਚ ਪੈਂਕਰੀਆ ਦੁਆਰਾ ਇਨਸੂਲਿਨ ਦਾ ਰਿਸਾਉ ਘੱਟ ਹੋ ਜਾਣ ਦੇ ਕਾਰਨ ਹੁੰਦਾ ਹੈ। ਲਹੂ ਵਿੱਚ ਗੁਲੂਕੋਜ ਦਾ ਪੱਧਰ ਵੱਧ ਜਾਂਦਾ ਹੈ, ਨਾਲ ਹੀ ਇਸ ਦੇ ਮਰੀਜਾਂ ਵਿੱਚ ਲਹੂ ਕੋਲੇਸਟਰਾਲ, ਚਰਬੀ ਦੇ ਹਿੱਸੇ ਵੀ ਗ਼ੈਰ-ਮਾਮੂਲੀ ਹੋ ਜਾਂਦੇ ਹਨ। ਧਮਨੀਆਂ ਵਿੱਚ ਬਦਲਾਉ ਹੁੰਦੇ ਹਨ। ਇਸ ਦੇ ਮਰੀਜਾਂ ਵਿੱਚ ਅੱਖਾਂ, ਗੁਰਦੇ, ਤੰਤੂ, ਦਿਮਾਗ, ਅਤੇ ਦਿਲ ਤੇ ਮਾਰੂ ਅਸਰ ਹੋਣ ਨਾਲ ਇਸ ਗੰਭੀਰ ਰੋਗ ਦਾ ਖ਼ਤਰਾ ਵੱਧ ਜਾਂਦਾ ਹੈ।

ਇਸ ਰੋਗ ਦੇ ਮੁੱਖ ਕਾਰਨਾਂ ਵਿੱਚ ਰਹਿਣ-ਸਹਿਣ ਵਿੱਚ ਤਬਦੀਲੀਆਂ, ਖਾਣ-ਪੀਣ ਦੀਆਂ ਗਲਤ ਆਦਤਾਂ, ਖੂਨ ਦਾ ਤੇਜ਼ ਦਬਾਅ, ਕੋਲੈਸਟਰੋਲ ਦਾ ਵੱਧਣਾ, ਨਾੜੀਆਂ ਦਾ ਪਤਲਾ ਹੋਣਾ, ਇਨਸੁਲੀਨ ਹਾਰਮੋਨਜ਼ ਦਾ ਘੱਟ ਹੋਣਾ ਜਾਂ ਠੀਕ ਤਰੀਕੇ ਨਾਲ ਕੰਮ ਨਾ ਕਰਨਾ, ਚਰਬੀ ਦਾ ਜ਼ਿਆਦਾ ਹੋਣਾ ਅਤੇ ਦਿਮਾਗੀ ਚਿੰਤਾ ਆਦਿ ਹਨ। ਖੋਜ ਤੋਂ ਸਿੱਧ ਹੁੰਦਾ ਹੈ ਕਿ ਭਾਰਤੀਆਂ ਵਿੱਚ ਅਜਿਹੇ ਅੰਸ਼ਾਂ ਦੀ ਬਹੁਤਾਤ ਹੈ, ਜਿਹੜੇ ਕਿ ਪੇਟ ਵਿੱਚ ਵਸਾਂ ਜਮ੍ਹਾਂ ਕਰਨ ਵਿੱਚ ਮਦਦ ਕਰਦੇ ਹਨ ਜਿਨ੍ਹਾਂ ਨੂੰ ਅਸੀਂ ਥਰੀਫਟੀ ਜ਼ੀਨਸ ਕਹਿੰਦੇ ਹਾਂ। ਪੇਟ ਵਿਚਲੀ ਜਮ੍ਹਾਂ ਚਰਬੀ ਸ਼ੱਕਰ ਰੋਗ ਦਾ ਮੁੱਖ ਕਾਰਨ ਬਣਦੀ ਹੈ। ਬਹੁਤ ਸਾਰੇ ਲੋਕ ਇਸ ਰੋਗ ਦੇ ਇਲਾਜ ਤੋਂ ਅਨਜਾਣ ਹਨ, ਇਸ ਬਿਮਾਰੀ ਉੱਪਰ ਕਾਬੂ ਜੀਵਨ ਸ਼ੈਲੀ ਵਿੱਚ ਬਦਲਾਵ ਲਿਆਉਣ ਨਾਲ, ਖੁਰਾਕ ਵਿੱਚ ਤਬਦੀਲੀ ਨਾਲ, ਦਵਾਈ ਅਤੇ ਕਸਰਤ ਆਦਿ ਕਰਨ ਨਾਲ ਪਾਇਆ ਜਾ ਸਕਦਾ ਹੈ।

ਸ਼ੱਕਰ ਰੋਗ ਹੋਣ ਉੱਤੇ ਸਰੀਰ ਨੂੰ ਭੋਜਨ ਤੋਂ ਊਰਜਾ ਪ੍ਰਾਪਤ ਕਰਨ ਵਿੱਚ ਕਠਿਨਾਈ ਹੁੰਦੀ ਹੈ। ਢਿੱਡ ਫਿਰ ਵੀ ਭੋਜਨ ਨੂੰ ਗੁਲੂਕੋਜ ਵਿੱਚ ਬਦਲਦਾ ਰਹਿੰਦਾ ਹੈ। ਗੁਲੂਕੋਜ ਲਹੂ ਧਾਰਾ ਵਿੱਚ ਜਾਂਦਾ ਹੈ। ਪਰ ਸਾਰਾ ਗੁਲੂਕੋਜ ਕੋਸ਼ਿਕਾਵਾਂ ਵਿੱਚ ਨਹੀ ਜਾਂਦਾ ਜਿਸਦੇ ਕਾਰਨ ਇਨਸੂਲਿਨ ਦੀ ਮਾਤਰਾ ਘੱਟ ਹੋ ਸਕਦੀ ਹੈ, ਇਨਸੂਲਿਨ ਦੀ ਮਾਤਰਾ ਥੋੜੀ ਹੋ ਸਕਦੀ ਹੈ ਪਰ ਇਸ ਨਾਲ ਰਿਸੈਪਟਰਾਂ ਨੂੰ ਖੋਲਿਆ ਨਹੀਂ ਜਾ ਸਕਦਾ ਹੈ ਜਾਂ ਪੂਰੇ ਗੁਲੂਕੋਜ ਨੂੰ ਜਜਬ ਕਰ ਸਕਣ ਲਈ ਰਿਸੈਪਟਰਾਂ ਦੀ ਗਿਣਤੀ ਘੱਟ ਹੋ ਸਕਦੀ ਹੈ ਆਦਿ।

ਸ਼ੱਕਰ ਰੋਗ ਦੀ ਕਿਸਮ 1 ਅਨੁਵੰਸ਼ਿਕ ਹੁੰਦੀ ਹੈ ਅਤੇ ਆਮ ਤੌਰ ਤੇ ਇਹ ਛੋਟੇ ਬੱਚਿਆਂ ਵਿੱਚ ਹੁੰਦੀ ਹੈ। ਇਸ ਵਿੱਚ ਲੁੰਬਾ ਇਨਸੁਲੀਨ ਹਾਰਮੋਨ ਪੈਦਾ ਨਹੀਂ ਕਰਦਾ ਅਤੇ ਹਰ ਦਿਨ ਇਨਸੁਲੀਨ ਦੇ ਟੀਕੇ ਦੀ ਜ਼ਰੂਰਤ ਪੈਂਦੀ ਹੈ। ਸ਼ੱਕਰ ਰੋਗ ਦੀ ਕਿਸਮ 2 ਲਈ ਵੱਖੋ ਵੱਖਰੇ ਜ਼ਿੰਮੇਵਾਰ ਕਾਰਕ ਹੁੰਦੇ ਹਨ, ਕਿਉਂਕਿ ਇਸ ਲਈ ਖਰਾਬ ਜੀਵਨ ਸ਼ੈਲੀ ਜ਼ਿੰਮੇਵਾਰ ਹੈ ਸੋ ਇਹ ਬਾਲਗਾਂ ਵਿੱਚ ਕਦੇ ਵੀ ਹੋ ਸਕਦੀ ਹੈ। ਲੁੰਬਾ ਜ਼ਰੂਰਤ ਅਨੁਸਾਰ ਇਨਸੁਲੀਨ ਪੈਂਦਾ ਨਹੀਂ ਕਰਦਾ, ਜਿੰਨੀ ਕਿ ਸ਼ਰੀਰ ਵਿੱਚ ਸ਼ੱਕਰ ਦੀ ਮਾਤਰਾ ਨੂੰ ਸਹੀ ਰੱਖਣ ਲਈ ਚਾਹੀਦੀ ਹੈ।

ਲਗਾਤਾਰ ਸ਼ਰੀਰ ਵਿੱਚ ਦਰਦ, ਜਖ਼ਮ ਦਾ ਜਲਦੀ ਨਾ ਭਰਨਾ, ਗਲਾ ਸੁੱਕਣਾ ਜਾਂ ਵਾਰ-ਵਾਰ ਪਿਆਸ ਲੱਗਣਾ, ਅੱਖਾਂ ਦੀ ਰੋਸ਼ਨੀ ਕਮਜ਼ੋਰ ਹੋਣਾ, ਵਜ਼ਨ ਦਾ ਅਚਾਨਕ ਵੱਧਣਾ ਜਾਂ ਘੱਟ ਹੋਣਾ, ਵਾਰ-ਵਾਰ ਪਿਸ਼ਾਬ ਆਉਣਾ, ਲਗਾਤਾਰ ਥਕਾਵਟ ਮਹਿਸੂਸ ਹੋਣਾ, ਜ਼ਰੂਰਤ ਤੋਂ ਜ਼ਿਆਦਾ ਭੁੱਖ ਲੱਗਣਾ, ਸੁਭਾਅ ਵਿੱਚ ਚਿੜਚਿੜਾਪਣ ਆਉਣਾ, ਖੁਜਲੀ ਅਤੇ ਚਮੜੀ ਦੀ ਖੁਸ਼ਕੀ ਆਦਿ ਸ਼ੱਕਰ ਰੋਗ ਦੇ ਲੱਛਣ ਹਨ।

ਸਮੇਂ ਰਹਿੰਦੇ ਜਾਗਰੂਕਤਾ, ਸਰੀਰ ਦੀ ਸੰਭਾਲ ਅਤੇ ਜੀਵਨ ਸ਼ੈਲੀ ਵਿੱਚ ਸੁਧਾਰ ਸ਼ੱਕਰ ਰੋਗ ਦੇ ਮੁੱਢ ਬੱਝਣ ਤੋਂ ਬਚਾ ਸਕਦਾ ਹੈ।

(ਗੋਬਿੰਦਰ ਸਿੰਘ ਢੀਂਡਸਾ)

bardwal.gobinder@gmail.com

Install Punjabi Akhbar App

Install
×