ਸਿਹਤ ਮਹਿਕਮਿਆਂ ਦੇ ਕਾਮਿਆਂ ਅਤੇ ਹੋਟਲ ਕੁਆਰਨਟੀਨ ਵਾਲਿਆਂ ਨੂੰ ਪਹਿਲਾਂ ਮਿਲੇਗੀ ਕਰੋਨਾ ਵੈਕਸੀਨ -ਗਰੈਗ ਹੰਟ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਫੈਡਰਲ ਸਿਹਤ ਮੰਤਰੀ ਸ੍ਰੀ ਗਰੈਗ ਹੰਟ ਨੇ ਦੇਸ਼ ਅੰਦਰ ਜਨਤਕ ਤੌਰ ਤੇ ਦਿੱਤੀ ਜਾਣ ਵਾਲੀ ਕਰੋਨਾ ਵੈਕਸੀਨ ਜਿਹੜੀ ਕਿ ਫਾਈਜ਼ਰ ਅਤੇ ਜਰਮਨੀ ਦੀ ਬਾਇਓ-ਐਨ-ਟੈਕ ਕੰਪਨੀਆਂ ਵੱਲੋਂ ਤਿਆਰ ਕੀਤੀ ਗਈ ਹੈ, ਦੀ ਵਿਤਰਣ ਸਕੀਮ ਦਾ ਖੁਲਾਸਾ ਕਰਦਿਆਂ ਕਿਹਾ ਹੈ ਕਿ ਕੋਵਿਡ-19 ਵੈਕਸੀਨ ਸਭ ਤੋਂ ਪਹਿਲਾਂ ਸਿਹਤ ਮਹਿਕਮਿਆਂ ਅੰਦਰ ਕੰਮ ਕਰ ਰਹੇ ਕਾਮਿਆਂ ਅਤੇ ਹੋਟਲ ਕੁਆਰਨਟੀਨ ਵਿਚ ਕਾਰਜਰਤ ਕਾਮਿਆਂ ਅਤੇ ਬਾਰਡਰਾਂ ਨੂੰ ਸਹੀਬੱਧ ਕਰ ਰਹੇ ਕਰਮਚਾਰੀਆਂ ਨੂੰ ਦੇਣ ਲਈ ਇਸਤੇਮਾਲ ਕੀਤੀ ਜਾਵੇਗੀ ਅਤੇ ਹੁਣ ਇਹ ਵੈਕਸੀਨ ਮਾਰਚ ਦੇ ਪਹਿਲੇ ਹਫ਼ਤਿਆਂ ਵਿੱਚ ਹੀ ਉਪਲੱਭਧ ਹੋ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਓਲਡ ਏਜਡ ਹੋਮ ਦੇ ਬਜ਼ੁਰਗਾਂ ਨੂੰ ਵੀ ਇਹ ਦਵਾਈ ਪਹਿਲੀ ਕਤਾਰ ਵਿੱਚ ਹੀ ਦੇਣ ਬਾਰੇ ਵੀ ਵਿਚਾਰ ਚੱਲ ਰਹੇ ਹਨ। ਜਾਣਕਾਰੀ ਦਿੰਦਿਆਂ ਉਨ੍ਹਾਂ ਇਹ ਵੀ ਦੱਸਿਆ ਕਿ ਕਰੋਨਾ ਵੈਕਸੀਨ ਇਸ ਮਹੀਨੇ ਦੇ ਅੰਤ ਤੱਕ ਹੀ ਆਸਟ੍ਰੇਲੀਆ ਆਉਣੀ ਸ਼ੁਰੂ ਹੋ ਜਾਵੇਗੀ ਅਤੇ 80,000 ਖੁਰਾਕਾਂ ਪ੍ਰਤੀ ਹਫ਼ਤੇ ਦੇ ਹਿਸਾਬ ਨਾਲ ਦੇਸ਼ ਅੰਦਰ ਆਉਂਦੀ ਰਹੇਗੀ। ਇਨ੍ਹਾਂ ਦੋ ਕੰਪਨੀਆਂ ਤੋਂ ਇਲਾਵਾ, ਐਸਟਰਾਜੈਨੇਕਾ ਅਤੇ ਆਕਸਫਰਡ ਯੂਨੀਵਰਸਿਟੀ ਵਾਲੀ ਵੈਕਸੀਨ ਵੀ ਮਾਰਚ ਦੇ ਆਖਰੀ ਦਿਨਾਂ ਤੱਕ ਆਸਟ੍ਰੇਲੀਆ ਅੰਦਰ ਆਉਣੀ ਸ਼ੁਰੂ ਹੋ ਜਾਵੇਗੀ। ਜ਼ਿਕਰਯੋਗ ਹੈ ਕਿ ਇਹ ਦੋਹੇਂ ਵੈਕਸੀਨਾਂ, ਯੂ.ਕੇ. ਵਿੱਚ ਪਹਿਲਾਂ ਤੋਂ ਹੀ ਵੰਡੀਆਂ ਜਾਣੀਆਂ ਸ਼ੁਰੂ ਹੋ ਚੁਕੀਆਂ ਹਨ। ਫਾਈਜ਼ਰ ਦਵਾਈ ਨੂੰ ਜਨਤਕ ਤੌਰ ਤੇ ਇਸਤੇਮਾਲ ਕਰਨ ਵਾਲਾ ਯੂ.ਕੇ. ਦੁਨੀਆਂ ਦਾ ਪਹਿਲਾ ਦੇਸ਼ ਬਣ ਗਿਆ ਹੈ ਜਿਸਨੇ ਕਿ ਇਸ ਵੈਕਸੀਨ ਦਾ ਇਸਤੇਮਾਲ ਆਪਣੇ ਲੋਕਾਂ ਨੂੰ ਕਰੋਨਾ ਤੋਂ ਬਚਾਉਣ ਖਾਤਰ ਦੇਣਾ ਸ਼ੁਰੂ ਕਰ ਦਿੱਤਾ ਹੈ। ਵੈਸੇ ਫਾਈਜ਼ਰ ਵੈਕਸੀਨ ਨੂੰ ਹਾਲ ਦੀ ਘੜੀ ਸਟੋਰ ਕਰਨਾ ਕਾਫੀ ਮੁਸ਼ਕਿਲ ਹੈ ਕਿਉਂਕਿ ਇਸਨੂੰ ਸਟੋਰ ਅਤੇ ਸਥਾਂਨਅੰਤਰਣ (ਟ੍ਰਾਂਸਪੋਰਟ) ਕਰਨ ਵਾਸਤੇ -70 ਡਿਗਰੀ ਸੈਲਸਿਅਸ ਦਾ ਤਾਪਮਾਨ ਰੱਖਣਾ ਪੈਂਦਾ ਹੈ।

Install Punjabi Akhbar App

Install
×