ਵਰਕ ਵੀਜੇ ਦੀ ਫੀਸ ਵਧਾ ਕੇ ਘਾਟਾ ਪੂਰਾ ਕਰਨ ਦੀ ਚੱਲ ਰਹੀ ਹੈ ਸਕੀਮ…55% ਤੱਕ ਹੋ ਸਕਦੈ ਵਾਧਾ
ਆਕਲੈਂਡ 25 ਜੁਲਾਈ -ਮੀਡੀਆ ਖਬਰਾਂ ਹਨ ਕਿ ਇਮੀਗ੍ਰੇਸ਼ਨ ਨਿਊਜ਼ੀਲੈਂਡ ਵਰਕੀ ਵੀਜਾ ਫੀਸ ਵਧਾ ਕੇ 43 ਮਿਲੀਅਨ ਡਾਲਰ ਆਪਣੇ ਖਜ਼ਾਨੇ ਦੇ ਵਿਚ ਚੱਲ ਰਿਹਾ ਘਾਟਾ ਪੂਰਾ ਕਰਨ ਦੀ ਸਕੀਮ ਬਣਾਈ ਹੈ। ਇਸ ਸਕੀਮ ਦੇ ਚਲਦਿਆਂ ਹਾਸਪੀਟਲਟੀ ਉਦਯੋਗ ਫਿਕਰਮੰਦ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ 10,000 ਦੇ ਕਰੀਬ ਸਟਾਫ ਦੀ ਘਾਟ ਚੱਲ ਰਹੀ ਹੈ। ਕਾਮਿਆਂ ਅਤੇ ਰੁਜ਼ਗਾਰ ਦਾਤਾਵਾਂ ਉਤੇ ਇਸ ਫੀਸ ਦਾ ਬੁਰਾ ਪ੍ਰਭਾਵ ਪਵੇਗਾ। ਉਨ੍ਹਾਂ ਇਸ ਫੀਸ ਦੇ ਵਾਧੇ ਦਾ ਵਿਰੋਧ ਕੀਤਾ ਹੈ। ਜੇਕਰ ਇਹ ਸਕੀਮ ਲਾਗੂ ਹੋ ਜਾਵੇ ਤਾਂ ਵਰਕ ਵੀਜ਼ਾ ਫੀਸ 55% ਤੱਕ ਵਧ ਸਕਦੀ ਹੈ। ਇਮੀਗ੍ਰੇਸ਼ਨ ਆਪਣਾ ਖਰਚਾ ਖੁਦ ਦਾ ਕੰਮ ਚਲਾ ਕੇ ਆਪਣਾ ਖਜ਼ਾਨਾ ਭਰਦੀ ਹੈ ਅਤੇ 20 ਮਿਲੀਅਨ ਡਾਲਰ ਤੱਕ ਇਹ ਮਹਿਕਮਾ ਵਰਕ ਵੀਜੇ ਵਾਲੀ ਫੀਸ ਚੋਂ ਘਾਟੇ ਦੇ ਵਿਚ ਚੱਲ ਰਿਹਾ ਹੈ। ਇਸ ਮਹਿਕਮੇ ਨੇ ਆਪਣਾ ਕੰਮ ਆਨ ਲਾਈਨ ਕਰਨ ਵਾਸਤੇ 140 ਮਿਲੀਅਨ ਡਾਲਰ ਤਕਨੀਕੀ ਖਰਚੇ ਉਤੇ ਲਾ ਦਿੱਤੇ ਸਨ ਅਤੇ ਹੁਣ ਜੇਬ ਢਿੱਲੀ ਪੈ ਗਈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਫੀਸ ਵਧ ਜਾਂਦੀ ਹੈ ਤਾਂ ਵੀ ਇਹ ਕੈਨੇਡਾ, ਇੰਗਲੈਂਡ ਅਤੇ ਆਸਟਰੇਲੀਆ ਤੋਂ ਘੱਟ ਰਹੇਗੀ।