ਸਿਡਨੀ ਵਿਚਲੀ ਪੈਰਾਮਾਟਾ ਸੜਕ ਦਾ ਪੁਨਰ ਨਿਰਮਾਣ

ਨਿਊ ਸਾਊਥ ਵੇਲਜ਼ ਦੇ ਪਲਾਨਿੰਗ ਅਤੇ ਜਨਤਕ ਥਾਵਾਂ ਵਾਲੇ ਵਿਭਾਗਾਂ ਦੇ ਮੰਤਰੀ ਸ੍ਰੀ ਰੋਬ ਸਟੋਕਸ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਵਿੱਚ ਦਰਸਾਇਆ ਗਿਆ ਹੈ ਕਿ ਸਿਡਨੀ ਵਿਚਲੇ ਕੈਂਪਰਡਾਊਨ ਅਤੇ ਆ-ਬਰਨ ਵਿਚਕਾਰ ਪੈਰਾਮਾਟਾ ਸੜਕ ਦੇ ਪੁਨਰ ਨਿਰਮਾਣ ਦਾ ਕੰਮ ਸਰਕਾਰ ਨੇ ਆਪਣੇ 198 ਮਿਲੀਅਨ ਡਾਲਰਾਂ ਦੇ ਬਜਟ ਵਾਲੇ ਮੁੜ ਤੋਂ ਉਸਾਰੀ ਦੇ ਪ੍ਰੋਗ੍ਰਾਮਾਂ ਤਹਿਤ ਸ਼ੁਰੂ ਕਰ ਦਿੱਤਾ ਹੈ। ਇਸ ਦੇ ਤਹਿਤ 20 ਕਿ. ਮੀਟਰ ਦੇ ਇਸ ਖੇਤਰ ਅੰਦਰ ਨਵੇਂ ਪਾਰਕ, ਸਾਈਕਲ ਵੇਅ, ਪਲਾਜ਼ਾ ਅਤੇ ਜਨਤਕ ਕਲ਼ਾਵਾਂ ਨੂੰ ਦਰਸਾਉਂਦੇ ਸਥਾਨਾਂ ਦੇ ਨਾਲ ਨਾਲ ਹਰੀਆਂ ਭਰੀਆਂ ਥਾਵਾਂ, ਫੁੱਟਪਾਥ ਆਦਿ ਬਣਾਏ ਜਾਣਗੇ।
ਇਸ ਪ੍ਰਾਜੈਕਟ ਤਹਿਤ, 20 ਮਿਲੀਅਨ ਡਾਲਰ ਇਨਰ ਵੈਸਟ ਕਾਂਸਲ ਵਿੱਚ ਨਵੇਂ ਸਾਈਕਲ ਵੇਅ, ਜੁੜਵੇਂ ਰਾਹਾਂ, ਦਰਖ਼ਤ, ਬੈਠਣ ਲਈ ਜਨਤਕ ਬੈਂਚ, ਲਾਇਟਿੰਗ, ਜਨਤਕ ਕਲ਼ਾ ਅਤੇ ਇੱਕ 300 ਵਰਗ ਮੀਟਰ ਦਾ ਨਵਾਂ ਪਾਰਕ ਬਣਾਇਆ ਜਾਵੇਗਾ।
17.8 ਮਿਲੀਅਨ ਡਾਲਰ ਨਾਲ ਅਜਿਹੀਆਂ ਹੀ ਸੁਵਿਧਾਵਾਂ ਕੰਬਰਲੈਂਡ ਵਿੱਚ ਦਿੱਤੀਆਂ ਜਾਣਗੀਆਂ।
2.4 ਮਿਲੀਅਨ ਡਾਲਰ ਬਰਵੁੱਡ ਕਾਂਸਲ ਲਈ ਖਰਚੇ ਜਾਣਗੇ ਅਤੇ ਇਸ ਕਾਂਸਲ ਨੂੰ ਕੁਈਨ ਐਲਿਜ਼ਾਬੈਥ ਪਾਰਕ ਨਾਲ ਜੋੜਿਆ ਜਾਵੇਗਾ।
42 ਮਿਲੀਅਨ ਡਾਲਰ ਦੀ ਲਾਗਤ ਨਾਲ ਕੈਨੇਡਾ ਬੇਅ ਕਾਂਸਲ ਵਿਚਲੇ ਕੰਕਰਡ ਓਵਲ ਨੂੰ ਵਿਸ਼ਵ-ਪੱਧਰ ਦੀਆਂ ਖੇਡਾਂ, ਮਨੋਰੰਜਨ ਅਤੇ ਕੰਮਿਊਨਿਟੀ ਕਲੱਬ ਵਿੱਚ ਬਦਲਿਆ ਜਾਵੇਗਾ।

ਇਸ ਪ੍ਰਾਜੈਕਟ ਦੇ ਤਹਿਤ 27,000 ਨਵੇਂ ਘਰਾਂ ਦਾ ਨਿਰਮਾਣ ਹੋਵੇਗਾ ਅਤੇ ਇਸ ਨਾਲ 50,000 ਨਵੇਂ ਰੌਜ਼ਗਾਰ ਮਿਲਣਗੇ ਅਤੇ ਖੁਲ੍ਹੀਆਂ ਥਾਵਾਂ ਦਾ ਨਿਰਮਾਣ ਹੋਵੇਗਾ।
ਇਸ ਦੇ ਨਾਲ ਹੀ ਇਸ ਖੇਤਰ ਅੰਦਰ ਟ੍ਰਾਂਸਪੋਰਟੇਸ਼ਨ ਆਦਿ ਲਈ ਵੀ ਸਰਵੇਖਣ ਹੋ ਰਹੇ ਹਨ ਜੋ ਕਿ ਇਸ ਸਾਲ ਵਿੱਚ ਪੂਰੇ ਹੋ ਜਾਣਗੇ ਅਤੇ ਪੈਰਾਮਾਟਾ ਸੜਕ ਕੋਰੀਡਰ ਅਰਬਨ ਟ੍ਰਾਂਸਪੋਰਟੇਸ਼ਨ ਤਕਨੀਕ ਵੀ ਲਾਗੂ ਕਰ ਦਿੱਤੀ ਜਾਵੇਗੀ।

Install Punjabi Akhbar App

Install
×