ਸ਼ਬਦ ਦਾ ਅੰਕੜੇ ਵਿੱਚ ਬਦਲ ਜਾਣਾ -ਪੁਸਤਕ ਸੱਭਿਆਚਾਰ ਲਈ ਵੱਡਾ ਸੰਕਟ— ਡਾ. ਤੇਜਵੰਤ ਮਾਨ

ਅੰਕੜਾ ਕਿਰਤ ਨਾਲ ਨਹੀਂ ਸੰਸਾਰ ਪੂੰਜੀਵਾਦ ਦੀ ਮੰਡੀ ਨਾਲ ਜੁੜਿਆ ਹੋਇਆ ਹੈ। ਉਤਪਾਦਕੀ ਵਿਕਾਸ ਮਾਡਲ ਨੇ ਇਸ ਨੂੰ ਚਿੰਨ੍ਹ ਵੱਲ ਧੱਕ ਦਿੱਤਾ ਹੈ। ਉਤਪਾਦਕੀ ਵਿਕਾਸ ਮਾਡਲ ਦੇ ਸਮਰੱਥਕ ਚਿੰਤਕ ਮਨੁੱਖ ਦੀ ਸਿਰਜਨਾਤਮਕ ਸ਼ਕਤੀ ਨੂੰ ਮੰਡੀ ਵਿੱਚ ਖਰੀਦ—ਵੇਚ ਦੇ ਚੱਕਰ ਵਿੱਚ ਪਾ ਦੇਣ ਦੇ ਹੱਕ ਵਿੱਚ ਹਨ। ਕਿਉਂਕਿ ਕਿਸੇ ਵੀ ਸਿਰਜਨਾਤਮਕ ਸ਼ਕਤੀ ਉਤੇ ਆਧਾਰਤ ਸਿਰਨਾਤਮਕ ਵਿਕਾਸ ਮਾਡਲ ਦੇ ਕੇਂਦਰ ਵਿੱਚ ਸ਼ਬਦ ਹੈ, ਇਸ ਲਈ ਸ਼ਬਦ ਨੂੰ ਖਤਮ ਕਰਨ ਦੇ ਵੱਡੇ ਪੈਮਾਨੇ ਉਤੇ ਯਤਨ ਕੀਤੇ ਜਾ ਰਹੇ ਹਨ, ਜਿੰਨ੍ਹਾਂ ਵਿੱਚੋਂ ਇੱਕ ਪੁਸਤਕ ਪੜ੍ਹਨ ਦੀ ਰੁਚੀ ਨੂੰ ਖਤਮ ਕਰਨਾ ਹੈ। ਇਹ ਸ਼ਬਦ ਡਾ. ਤੇਜਵੰਤ ਮਾਨ ਸਾਹਿਤ ਰਤਨ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ: ਨੇ ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਅਕਾਲ ਕਾਲਜ ਲੜਕੀਆਂ ਸੰਗਰੂਰ ਵਿੱਚ ਲੱਗੇ ਪੁਸਤਕ ਮੇਲੇ ਸਮੇ਼ ਕਰਵਾਈ ਗਈ ‘ਉੱਜਡਵਾਦ ਅਤੇ ਪੁਸਤਕ ਸੱਭਿਆਚਾਰ* ਵਿਸ਼ੇ ਉਤੇ ਗੋਸ਼ਟੀ ਵਿੱਚ ਆਪਣੇ ਵਿਚਾਰ ਪੇਸ਼ ਕਰਦਿਆਂ ਕਹੇ।
ਇਸ ਵਿਚਾਰ ਗੋਸ਼ਟੀ ਦੇ ਮੁੱਖ ਮਹਿਮਾਨ ਡਾ. ਸ਼ਿਵਰਾਜ ਸਿੰਘ ਵਿਸ਼ਵ ਚਿੰਤਕ ਸਨ। ਉਨ੍ਹਾਂ ਨੇ ਗੋਸ਼ਟੀ ਦੇ ਆਰੰਭਕ ਸ਼ਬਦ ਕਹਿੰਦਿਆਂ ਇਸ ਗੱਲ ਉਤੇ ਜ਼ੋਰ ਦਿੱਤਾ ਕਿ ਪੁਸਤਕ ਸੱਭਿਆਚਾਰ ਦੇ ਸੰਕਟ ਲਈ ਹਰਾ ਇਨਕਲਾਬ ਜਿੰਮੇਵਾਰ ਹੈ। ਹਰੇ ਇਨਕਲਾਬ ਨੇ ਕਿਸਾਨੀ ਭਾਵ ਖੇਤੀ ਵਿੱਚ ਪੂੰਜੀ ਨੂੰ ਪਹਿਲ ਦੇਣ ਦੀ ਮਾਨਸਿਕਤਾ ਪੈਦਾ ਕੀਤੀ। ਇਸ ਨਾਲ ਭਾਵੇ਼ ਗਿਆਨ ਦਾ ਪੂੰਜੀਕਰਨ ਤਾਂ ਹੋ ਗਿਆ, ਪਰ ਮਨੁੱਖੀ ਸਿਆਣਪ, ਅਨੁਭਵੀ ਤਜਰਬਾ ਉੱਜਡਵਾਦ ਦੀਆਂ ਨਿਵਾਣਾ ਤੱਕ ਨਿਘਰ ਗਿਆ, ਜਿਸਨੇ ਸਾਡੇ ਸਦਾਚਾਰਕ, ਆਤਮਕ ਅਤੇ ਸਿਰਜਨਾਤਮਕ ਗੁਣ ਨੂੰ ਹਾਸ਼ੀਏ ਤੋਂ ਬਾਹਰ ਕਰ ਦਿੱਤਾ। ਰਿਸ਼ਤਿਆਂ ਦੀ ਪਹਿਚਾਣ ਹੀ ਖਤਮ ਕਰ ਦਿੱਤੀ। ਇਹ ਰਿਸ਼ਤੇ ਚਿੰਨ੍ਹ ਰੂਪ ਮਸ਼ੀਨੀ ਬਟਨ ਦੀ ਗ੍ਰਿਫਤ ਵਿੱਚ ਆ ਗਏ।
ਬਹਿਸ ਨੂੰ ਅੱਗੇ ਤੋਰਦਿਆਂ ਪਵਨ ਹਰਚੰਦਪੁਰੀ ਨੇ ਕਿਹਾ ਕਿ ਉੱਜਡਵਾਦ ਸਾਡੇ ਆਪਣੇ ਘਰਾਂ ਵਿੱਚ ਪਣਪ ਰਿਹਾ ਹੈ। ਕੋਈ ਵੀ ਬੱਚਾ, ਜੁਆਨ ਆਪਣੇ ਦਾਦਾ—ਦਾਦੀ, ਨਾਨਾ—ਨਾਨੀ ਜਾਂ ਮਾਂ—ਬਾਪ ਦੀ ਬੁੱਕਲ ਵਿੱਚ ਬੈਠ ਕੇ ਉਨ੍ਹਾਂ ਦੇ ਤਜਰਬੇ ਰਾਹੀਂ ਪ੍ਰਾਪਤ ਕੀਤੀ ਸਿਆਣਪ ਨੂੰ ਨਹੀਂ ਸੁਣਦਾ। ਸਗੋਂ ਇਹ ਕੰਪਿਊਟਰੀ ਅੰਕੜੇ ਨੂੰ ਹੀ ਸੱਚ ਮੰਨਦਾ ਹੈ।
ਡਾ. ਭਗਵੰਤ ਸਿੰਘ ਨੇ ਉੱਜਡਵਾਦ ਦੇ ਸ਼ਬਦ ਦੀ ਵਿਆਖਿਆ ਕਰਦਿਆਂ ਕਿਹਾ ਕਿ ਅਨਪੜ੍ਹਤਾ ਉਜੱਡਵਾਦ ਨਹੀਂ ਜਿਵੇਂ ਅਸੀਂ ਕਿਸੇ ਅਨਪੜ੍ਹ ਨੂੰ ਹੀ ਉੱਜਡ ਕਹਿ ਦਿੰਦੇ ਹਾਂ। ਤਜਰਬੇ ਅਤੇ ਅਨੁਭਵ ਦੇ ਆਧਾਰ ਕਿਸੇ ਅਨਪੜ੍ਹ ਮਿਸਤਰੀ ਦੀ ਲਾਈ ਡਾਟ ਗਿਆਨ ਦੀ ਸਿਖਰਲੀ ਅਵਸਥਾ ਹੈ, ਪਰ ਕਿਸੇ ਇੰਜਨੀਅਰਿੰਗ ਪੜ੍ਹੇ ਵਿਅਕਤੀ ਵੱਲੋਂ ਤਿਆਰ ਕੀਤਾ ਪੁਲ ਜਦੋਂ ਤਜਰਬੇ ਅਤੇ ਅਨੁਭਵ ਤੋਂ ਬਿਨ੍ਹਾਂ ਕੇਵਲ ਅੰਕੜਾ ਗਿਆਨ ਦੁਆਰਾ ਉਸਾਰਦਿਆਂ ਡਿੱਗ ਜਾਂਦਾ ਹੈ ਤਾਂ ਇਹ ਉੱਜਡਵਾਦ ਦਾ ਸਿਖਰ ਹੈ।
ਵਿਚਾਰ ਚਰਚਾ ਵਿੱਜ ਜਗਦੀਪ ਸਿੰਘ ਐਡਵੋਕੇਟ, ਪ੍ਰਿੰਸੀਪਲ ਡਾ. ਰਮਿੰਦਰ ਕੌਰ, ਕਰਨਬੀਰ ਸਿੰਘ ਸਿਬੀਆ ਚੇਅਰਮੈਨ ਪ੍ਰਬੰਧਕ ਕਮੇਟੀ, ਡਾਇਰੈਕਟਰ ਮੈਡਮ, ਡਾ. ਰਣਜੋਤ ਸਿੰਘ ਜ਼ਿਲ੍ਹਾ ਭਾਸ਼ਾ ਅਫਸਰ ਸੰਗਰੂਰ ਆਦਿ ਨੇ ਵੀ ਹਿੱਸਾ ਲਿਆ। ਇਸ ਮੌਕੇ ਪ੍ਰਬੰਧਕਾਂ ਵੱਲੋਂ ਡਾ. ਸ਼ਿਵਰਾਜ ਸਿੰਘ, ਡਾ. ਤੇਜਵੰਤ ਮਾਨ, ਡਾ. ਰਣਜੋਧ ਸਿੰਘ ਅਤੇ ਡਾ. ਭਗਵੰਤ ਸਿੰਘ ਦਾ ਸਨਮਾਨ ਕੀਤਾ ਗਿਆ।
ਇਸ ਸਮੇਂ ਵੀਹ ਤੋਂ ਉੱਪਰ ਪੁਸਤਕ ਪ੍ਰਕਾਸ਼ਕਾਂ ਵੱਲੋਂ ਲਾਏ ਗਏ ਪੁਸਤਕ ਮੇਲੇ ਦਾ ਉਦਘਾਟਨ ਡਾ. ਤੇਜਵੰਤ ਮਾਨ ਸਾਹਿਤ ਰਤਨ ਨੇ ਕੀਤਾ। ਇਸ ਸਮੇਂ ਡਾ. ਮਾਨ ਨੇ ਚਿੰਤਾ ਜਾਹਰ ਕੀਤੀ ਕਿ ਇਨ੍ਹਾਂ ਪੁਸਤਕਾਂ ਦੀ ਕੀਮਤ ਪਾਠਕਾਂ ਦੀ ਖਰੀਦ ਸਮਰਥਾ ਤੋਂ ਬਹੁਤ ਜ਼ਿਆਦਾ ਹੈ। ਜੇਕਰ ਪੁਸਤਕ ਪ੍ਰਕਾਸ਼ਕ ਅਤੇ ਵਿਕਰੇਤਾ ਆਪਣਾ ਮੁਨਾਫ਼ਾ ਠੀਕ ਠੀਕ ਸੀਮਾਂ ਵਿੱਚ ਰੱਖਣ ਤਾਂ ਥੋੜੀ ਰਾਹਤ ਮਿਲ ਸਕਦੀ ਹੈ।
ਇਸ ਸਮੇਂ ਸਭਾ ਵੱਲੋਂ ਭਰਵਾਂ ਕਵੀ ਦਰਬਾਰ ਕੀਤਾ ਗਿਆ, ਜਿਸ ਵਿੱਚ ਅਰਮਾਨੀ, ਜੰਗੀਰ ਸਿੰਘ ਰਤਨ, ਗੁਲਜ਼ਾਰ ਸਿੰਘ ਸ਼ੌਂਕੀ, ਭੁਪਿੰਦਰ ਸਿੰਘ ਉਪਰਾਮ, ਨੌਬੀ ਸੋਹਲ, ਦੇਸ਼ ਭੂਸ਼ਨ, ਪਵਨ ਹਰਚੰਦਪੁਰੀ ਆਦਿ ਨੇ ਕਵਿਤਾਵਾਂ ਸੁਣਾਈਆਂ।

Install Punjabi Akhbar App

Install
×