ਆਸਟਰੇਲੀਆ ਦੇ ਪਹਿਲੇ ਗੁਰਦੁਆਰਾ ਸਾਹਿਬ ਨੂੰ ਵਿਰਾਸਤੀ ਸਥਾਨ ਦੇ ਦਰਜੇ ਬਾਰੇ ਯਤਨ 2013 ਤੋਂ ਹੀ ਜਾਰੀ – ਅਮਨਦੀਪ ਸਿੰਘ ਸਿੱਧੂ

ਆਸਟਰੇਲੀਆ ਸਮੇਤ ਦੁਨੀਆਂ ਭਰ ਵਿਚ ਵਸਦੇ ਸਿੱਖਾਂ ਲਈ ਇੱਕ ਖੁਸ਼ੀ ਭਰੀ ਖਬਰ ਹੈ ਕਿ ਨਿਊ ਸਾਊਥ ਵੇਲਜ਼ ਸੂਬੇ  ਦੇ ਕਸਬੇ ਵਲਗੂਲਗਾ ‘ਚ ਸਥਾਪਿਤ ਸਭ ਤੋਂ ਪਹਿਲੇ ਗੁਰੂਘਰ ਨੂੰ ਸੂਬੇ ਦੀ ਸਰਕਾਰ ਵੱਲੋਂ ਵਿਰਾਸਤੀ ਸਥਾਨਾਂ ਦੀ ਲੜੀ ਵਿੱਚ ਸ਼ਾਮਿਲ ਕਰ ਲਿਆ ਗਿਆ ਹੈ। ਗੁਰੂ ਘਰ ਬਾਰੇ ਜਾਣਕਾਰੀ ਦਿੰਦਿਆਂ ਸਰਦਾਰ ਅਮਨਦੀਪ ਸਿੰਘ ਸਿੱਧੂ ਹੁਰਾਂ ਨੇ ਦੱਸਿਆ ਕਿ 1940-50 ਦੇ ਦਹਾਕੇ ਦੌਰਾਨ ਸਿੱਖ ਭਾਈਚਾਰਾ ਇੱਥੇ ਵਸਣਾ ਸ਼ੁਰੂ ਹੋਇਆ, ਪਰ ਅਧਿਆਤਮਕ ਤੇ ਸੱਭਿਆਚਾਰਕ  ਲੋੜਾਂ ਲਈ 25 ਸਾਲ ਤੱਕ 250 ਕਿਲੋਮੀਟਰ ਦੂਰ ਬਾਬਾ ਰਾਮ ਸਿੰਘ ਦੇ ਬੰਗਲੇ ਤੇ ਜਾਂਦਾ ਰਿਹਾ, ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਸੀ। ਫਿਰ 3 ਸਿੱਖਾਂ ਵੱਲੋਂ 1960 ਵਿੱਚ ਵਲਗੂਲਗਾ ਵਿਖੇ ਇਸ ਗੁਰੂਘਰ ਦੀ ਸਥਾਪਨਾ ਕੀਤੀ ਗਈ, ਜਿਸਨੂੰ ਅੱਧੀ ਸਦੀ ਬਾਅਦ ਵਿਰਾਸਤੀ ਜਗਾ ਵੱਲੋਂ ਮਾਨਤਾ ਦਿੱਤੀ ਗਈ। ਸਿੱਧੂ ਹੁਰਾਂ ਨੇ ਦੱਸਿਆ ਕਿ ਇਸ ਬਾਰੇ 2013 ਤੋਂ ਹੀ ਯਤਨ ਜਾਰੀ ਸਨ, ਪਰ ਇਸ ਬਾਰੇ ਸਰਕਾਰ ਵੱਲੋਂ ਇਤਿਹਾਸਿਕ ਮਹੱਤਤਾ, ਭਾਈਚਾਰੇ ਦੀ ਭਰੋਸੇਯੋਗਤਾ ਅਤੇ ਇਮਾਰਤ ਦਾ ਜਾਇਜ਼ਾ ਲੈਣ ਦੀ ਲੰਬੀ ਪ੍ਰਕਿਰਿਆ ਚੋਂ ਲੰਘਣ ਕਰਕੇ ਇੰਨਾ ਸਮਾਂ ਲੱਗ ਗਿਆ। ਗੌਰ ਤਲਬ ਹੈ ਕਿ ਆਸਟਰੇਲੀਆ ਦੇ ਬਾਹਰੀ ਭਾਈਚਾਰੇ ਦੇ ਲੋਕਾਂ ਦੀ ਮੱਦਦ ਲਈ ਵੀ ਸਿੱਖ  ਭਾਈਚਾਰਾ ਹਮੇਸ਼ਾਂ ਵੱਧ ਚੜ ਕੇ ਸੇਵਾ ਕਾਰਜਾਂ ਲਈ ਤਤਪਰ ਰਹਿੰਦਾ ਹੈ। ਪਿਛਲੇ ਸਮੇਂ ਦੌਰਾਨ ਜੰਗਲੀ ਅੱਗਾਂ, ਹੜ ਅਤੇ ਕਰੋਨਾ ਦੀ ਬਿਪਤਾ ਦੌਰਾਨ ਸਿੱਖ ਭਾਈਚਾਰੇ ਦਾ ਯੋਗਦਾਨ ਸ਼ਾਲਾਯੋਗ ਰਿਹਾ ਹੈ।

ਇਸ ਮੌਕੇ ਤੇ ਸੂਬੇ ਦੇ ਵਿਰਾਸਤੀ ਮੰਤਰੀ ਨੇ ਕਿਹਾ ਕਿ ” ਸੂਬੇ ‘ਚ ਉਸ ਸਮੇਂ ਪੱਕੇ ਵਸਣ ਆਏ ਪਰਵਾਸੀ ਸਿੱਖ ਭਾਈਚਾਰੇ ਦੇ ਲੋਕਾਂ ਵੱਲੋਂ ਸਥਾਪਿਤ ਇਸ ਗੁਰਦੁਆਰਾ ਸਾਹਿਬ ਦਾ ਵਿਸ਼ੇਸ਼ ਸੱਭਿਆਚਾਰਿਕ ਇਤਿਹਾਸ ਹੈ।” ਕਾਫਸ ਹਾਰਬਰ ਤੋਂ ਆਸਟਰੇਲੀਆ ਦੇ ਪਹਿਲੇ ਸਿੱਖ ਸੰਸਦ ਮੈਂਬਰ ਗੁਰਮੇਸ਼ ਸਿੰਘ ਨੇ ਵਿਰਾਸਤੀ ਲੜੀ ਵਿਚ ਸ਼ਾਮਿਲ ਹੋਣ ਦੇ ਕਾਰਜ ਨੂੰ ਇਲਾਕੇ ਅਤੇ ਭਾਈਚਾਰੇ ਲਈ ਮਾਣ ਕਰਨ ਯੋਗ ਦੱਸਿਆ। 

ਇੱਥੇ ਇਹ ਵੀ ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਪੱਛਮੀ ਆਸਟਰੇਲੀਆ ਦੇ ਰਿਵਰਟਨ ਵਿਖੇ ਇਸ ਦੇਸ਼ ਵਿਚ ਸਿੱਖਾਂ ਦੇ ਇਤਿਹਾਸ ਨੂੰ ਦਰਸਾਉਂਦੀ ਥਾਂ ਆਸਟ੍ਰੇਲੀਅਨ  ਸਿੱਖ ਹੈਰੀਟੇਜ ਟਰਾਇਲ ਨੂੰ ਵੀ ਇਹ ਵੱਕਾਰੀ ਮਾਣ ਹਾਸਿਲ ਹੋ ਚੁੱਕਾ ਹੈ। ਵੁਲਗੂਲਗਾ  ਦੇ ਗੁਰੂਘਰ ਵਿਖੇ ਨਿਰਮਲ ਸਿੰਘ ਕੰਧੋਲਾ ਮੁੱਖ ਗ੍ਰੰਥੀ ਵਜੋਂ 40 ਸਾਲਾਂ ਤੋਂ ਸੇਵਾ ਨਿਭਾ ਰਹੇ ਹਨ। ਗੁਰੂਘਰ ਦੀ ਨਵੀਂ ਇਮਾਰਤ ਅਤੇ ਹੋਰ ਕਾਰਜਾਂ ਵਿੱਚ ਸਵਰਗੀ ਡਾ. ਅਮਰਜੀਤ ਸਿੰਘ ਮੋਰ ਹੁਰਾਂ ਦੀ ਸਖਤ ਘਾਲਣਾ ਨੂੰ ਵੀ ਸੰਗਤ ਸ਼ਿੱਦਤ ਨਾਲ ਯਾਦ ਕਰਦੀ ਹੈ।

Install Punjabi Akhbar App

Install
×