ਸਰਕਾਰ ਵੱਲੋਂ ਪਹਿਲੇ ਆਸਟ੍ਰੇਲੀਅਨ ਗੁਰਦੁਆਰੇ ਨੂੰ ਵਿਰਾਸਤੀ ਦਰਜਾ ਦੇਣ ਦਾ ਐਲਾਨ

1940-50ਵਿਆਂ ਦੌਰਾਨ ਆਏ ਸਨ ਪਹਿਲੇ ਪੰਜਾਬੀ ਸਿੱਖ

ਸਿੱਖ ਭਾਈਚਾਰੇ ‘ਚ ਖੁਸ਼ੀ ਦੀ ਲਹਿਰ 

(ਚਿੱਟੇ ਤੇ ਸੋਨੇ ਰੰਗੇ ਗੁੰਬਦਾਂ ਨਾਲ ਵੂਲਗੂਲਗਾ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ)

(ਬ੍ਰਿਸਬੇਨ) ਆਸਟ੍ਰੇਲੀਆ ਦੇ ਸੂਬਾ ਨਿਊ ਸਾਊਥ ਵੇਲਜ਼ ਸਰਕਾਰ ਵਿੱਚ ਵਿਰਾਸਤੀ ਮੰਤਰੀ ਡਾਨ ਹਰਵਿਨ ਨੇ ਕਿਹਾ ਹੈ ਕਿ 1968 ‘ਚ ਆਸਟ੍ਰੇਲੀਆ ਦੇ ਪਹਿਲੇ ਸਿੱਖ ਗੁਰਦੁਆਰੇ (ਵੂਲਗੂਲਗਾ) ਦੀ ਸਥਾਪਨਾ ਦੇਸ਼ ਅਤੇ ਸਮੁਚੇ ਭਾਈਚਾਰੇ ਲਈ ਸਮਾਜਿਕ ਅਤੇ ਧਾਰਮਿਕ ਅਹਿਮੀਅਤ ਰੱਖਦੀ ਹੈ ਨੂੰ ਆਸਟ੍ਰੇਲੀਆ ਦੀ ਵਿਰਾਸਤ ਸੂਚੀ (ਸਟੇਟ ਹੈਰੀਟੇਜ ਰਜਿਸਟਰ) ਵਿੱਚ ਸ਼ਾਮਲ ਕਰਦਿਆਂ ਖੁਸ਼ੀ ਮਹਿਸੂਸ ਕਰ ਰਹੇ ਹਨ।

(ਵੂਲਗੂਲਗਾ ਗੁਰਦੁਆਰਾ ਸਾਹਿਬ ਦੀ ਪੁਰਾਤਨ ਇਮਾਰਤ ਜੋ ਵਿਰਾਸਤ ਐਲਾਨੀ ਗਈ ਹੈ)

ਗੁਰਦੁਆਰਾ ਸਾਹਿਬ ਦੇ ਜਨਤਕ ਅਫਸਰ ਅਮਨਦੀਪ ਸਿੰਘ ਸਿੱਧੂ ਨੇ ਆਸਟ੍ਰੇਲੀਆ ਅਤੇ ਨਿਊ ਸਾਊਥ ਵੇਲਜ਼ ਵਿੱਚ ਵਸਣ ਵਾਲੇ ਸਿੱਖ ਭਾਈਚਾਰੇ ਲਈ ਇਸਨੂੰ ਇਕ ਸ਼ਾਨਦਾਰ ਪ੍ਰਾਪਤੀ ਦੱਸਿਆ ਹੈ। ਉਨ੍ਹਾਂ ਅਨੁਸਾਰ ਇਸ ਬਾਬਤ ਅਰਜ਼ੀ ਸਾਲ 2013 ਤੋਂ ਹੀ ਦਿੱਤੀ ਗਈ ਸੀ ਅਤੇ ਸਰਕਾਰ ਵਲੋਂ ਇਸਦੀ ਇਤਿਹਾਸਿਕ ਮਹੱਤਤਾ, ਭਾਈਚਾਰੇ ਦੀ ਭਰੋਸੇਯੋਗਤਾ, ਇਸ ਸਾਰੇ ਖੇਤਰ ਅਤੇ ਇਮਾਰਤ ਦਾ ਜਾਇਜ਼ਾ ਲੈਣ ਦੀ ਲੰਮੀ ਪ੍ਰਕਿਰਿਆ ਤੋਂ ਬਾਅਦ ਹੀ ਅਜਿਹਾ ਸੰਭਵ ਹੋਇਆ ਹੈ। ਸਿੱਧੂ ਅਨੁਸਾਰ ਵੁਲਗੂਲਗਾ ਖੇਤਰ ਵਿੱਚ ਸਾਡਾ ਕਿਸਾਨੀ ਪੰਜਾਬੀ ਭਾਈਚਾਰਾ ਪੰਜਾਬ ਤੋਂ 1940-50ਵਿਆਂ ਦੌਰਾਨ ਇੱਥੇ ਵਸਣਾ ਸ਼ੁਰੂ ਹੋਇਆ ਸੀ ਅਤੇ ਉਹਨਾਂ ਆਪਣੀਆਂ ਧਾਰਮਿਕ, ਸਮਾਜਿਕ ਅਤੇ ਸਭਿਆਚਾਰਕ ਲੋੜਾਂ ਹਿੱਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਇਸ ਪਹਿਲੇ ਅਤੇ ਪੁਰਾਤਨ ਗੁਰਦੁਆਰਾ ਸਾਹਿਬ ਦੀ ਨੀਂਹ ਰੱਖੀ ਸੀ। ਕਾਫਸ ਹਾਰਬਰ ਤੋਂ ਆਸਟ੍ਰੇਲੀਆ ਦੇ ਪਹਿਲੇ ਸਿੱਖ ਸੰਸਦੀ ਮੈਂਬਰ ਸ. ਗੁਰਮੇਸ਼ ਸਿੰਘ ਨੇ ਇਸ ਮੌਕੇ ਕਿਹਾ ਕਿ ਗੁਰਦੁਆਰਾ ਸਾਹਿਬ ਦਾ ਵਿਰਾਸਤੀ ਲੜੀ ਵਿੱਚ ਸ਼ਾਮਿਲ ਹੋਣਾ ਸਾਡੇ ਇਲਾਕੇ ਅਤੇ ਭਾਈਚਾਰੇ ਲਈ ਮਾਣ ਵਾਲੇ ਪਲ ਹਨ।

(ਸ੍ਰੀਮਤੀ ਦੀਸ਼ ਕੌਰ ਦੇ ਪਿਤਾ ਨਿਰੰਜਨ ਸਿੰਘ ਪਹਿਲੇ ਸਿੱਖ ਸਨ ਜਿਨ੍ਹਾਂ ਨੇ ਵੂਲਗੂਲਗਾ ਵਿਚ ਪਹਿਲੇ ਸਿੱਖ ਮੰਦਰ ਦੀ ਸਥਾਪਨਾ ਕੀਤੀ ਸੀ)

 ਬਹੁਸਭਿਆਚਾਰਕ ਮਾਮਲਿਆਂ ਲਈ ਕਾਰਜਕਾਰੀ ਮੰਤਰੀ ਜੈਫ਼ ਲੀ ਨੇ ਆਖਿਆ ਕਿ ਸਰਕਾਰ ਦਾ ਇਹ ਫ਼ੈਸਲਾ ਸਿੱਖ ਭਾਈਚਾਰੇ ਲਈ ਵਿਸ਼ੇਸ਼ ਅਹਿਮੀਅਤ ਰੱਖਦਾ ਹੈ। ਪਿਛਲੇ 50 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਇਸ ਇਲਾਕੇ ਦੀ ਵਸਨੀਕ ਸ੍ਰੀਮਤੀ ਦੀਸ਼ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨਿਰੰਜਣ ਸਿੰਘ 1938 ‘ਚ ਆਸਟ੍ਰੇਲੀਆ ਆਏ ਸਨ। “ਉਨ੍ਹਾਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਣਾ ਕਿ ਪਹਿਲੇ ਵਸੇ ਸਿੱਖ ਲੋਕਾਂ ਦੁਆਰਾ ਕੀਤੀ ਗਈ ਇਹ ਕੋਸ਼ਿਸ਼ ਕਦੇ ਆਸਟ੍ਰੇਲੀਆ ਦੇ ਇਤਿਹਾਸ ਵਿੱਚ ਇੱਕ ਸਟੇਟ ਵਿਰਾਸਤ ਵਜੋਂ ਸਾਂਭੀ ਜਾਵੇਗੀ ਅਤੇ ਸਾਡੀਆਂ ਅਤੇ ਆਉਣ ਵਾਲੀਆਂ ਨਸਲਾਂ ਨੂੰ ਸਾਡੀ ਸਿੱਖ ਵਿਰਾਸਤ ਬਾਰੇ ਜਾਣੂ ਕਰਵਾਉਂਦੀ ਰਹੇਗੀ,” ਉਨ੍ਹਾਂ ਕਿਹਾ। ਦੱਸਣਯੋਗ ਹੈ ਕਿ ਗੁਰੂਘਰ ਦੀ ਪਹਿਲੀ ਇਮਾਰਤ ਤੋਂ ਹਟਕੇ ਇੱਕ ਨਵੀਂ ਇਮਾਰਤ ਵੀ ਬਣਾਈ ਗਈ ਹੈ ਜਿਸਦੇ ਚਿੱਟੇ ਤੇ ਸੋਨੇ ਰੰਗੇ ਗੁੰਬਦਾਂ ਦੀ ਵੂਲਗੂਲਗਾ ਵਿੱਚ ਇੱਕ ਵੱਖਰੀ ਪਛਾਣ ਅਤੇ ਅਹਿਮੀਅਤ ਹੈ। ਗੁਰਦੁਆਰਾ ਸਾਹਿਬ ਦੇ ਨਵੇਂ ਕੰਪਲੈਕਸ ਨੂੰ 2019 ਵਿੱਚ ਸੰਗਤਾਂ ਲਈ ਖੋਲ੍ਹ ਦਿੱਤਾ ਗਿਆ ਸੀ।

Install Punjabi Akhbar App

Install
×