ਆਸਟ੍ਰੇਲੀਆ ਦਾ ਪਹਿਲਾ ਸਿੱਖ ਗੁਰੂਦਵਾਰਾ ਨਿਊ ਸਾਊਥ ਵੇਲਜ਼ ਦੀ ਵਿਰਾਸਤੀ ਸੂਚੀ ਵਿੱਚ ਦਾਖਲ

1968 ਵਿੱਚ ਬਣਿਆ ਵੂਲਗੂਲਗਾ ਦਾ ਪਹਿਲਾ ‘ਗੁਰੂਦਵਾਰਾ’ ਨਿਊ ਸਾਊਥ ਵੇਲਜ਼ ਰਾਜ ਦੀ ਵਿਰਾਸਤੀ ਸੂਚੀ ਵਿੱਚ ਦਾਖਿਲ ਕੀਤਾ ਗਿਆ ਹੈ। ਹੈਰੀਟੇਜ ਵਿਭਾਗ ਦੇ ਮੰਤਰੀ ਸ੍ਰੀ ਡਾਨ ਹਾਰਵਿਨ ਐਮ.ਐਲ.ਸੀ. ਨੇ ਜਾਣਕਾਰੀ ਦਿੰਦਿਆਂ ਸਮੁੱਚੇ ਸਿੱਖ ਭਾਈਚਾਰੇ ਨੂੰ ਇਸ ਲਈ ਵਧਾਈ ਦਿੱਤੀ ਹੈ। ਮੰਤਰੀ ਜੀ ਨੇ ਕਿਹਾ ਕਿ ਸਿੱਖਾਂ ਲਈ ਗੁਰੂਦਵਾਰਾ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਸਥਾਨ ਹੈ ਕਿਉਂਕਿ ਇੱਥੇ ਉਹ ਪਰਮਾਤਮਾ ਦੇ ਧਿਆਨ ਦੇ ਨਾਲ ਨਾਲ ਆਪਣੇ ਦੁੱਖ-ਸੁੱਖ ਦੇ ਪ੍ਰੋਗਰਾਮਾਂ ਨੂੰ ਵੀ ਨੇਪਰੇ ਚਾੜ੍ਹਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਿੱਖਾਂ ਦੇ ਇਹ ਧਾਰਮਿਕ ਸਥਾਨ ਬਹੁਤ ਹੀ ਮਨਮੋਹਕ ਅਤੇ ਸੁੰਦਰ ਆਰਕੀਟੈਕਟ ਦਾ ਨਮੂਨਾ ਵੀ ਹੁੰਦੇ ਹਨ ਜੋ ਕਿ ਕੁਸ਼ਲ ਕਾਰੀਗਰਾਂ ਹੱਥੋਂ ਬਣਾਏ ਜਾਂਦੇ ਹਨ। ਗੁਰੂਦਵਾਰਿਆਂ ਦੇ ਚਿੱਟੇ ਅਤੇ ਸੁਨਹਿਰੀ ਗੁੰਬਦਾਂ ਦੀ ਸੁੰੰਦਰਤਾ ਦੇਖਦਿਆਂ ਹੀ ਬਣਦੀ ਹੈ। ਇਹ ਧਾਰਮਿਕ ਸਥਾਨ ਸਾਰਿਆਂ ਲਈ ਸਾਂਝੇ ਵੀ ਹੁੰਦੇ ਹਨ ਅਤੇ ਸਾਂਝੀਵਾਲਤਾ ਦਾ ਸੰਦੇਸ਼ ਦਿੰਦੇ ਹਨ। ਬਹੁ-ਸਭਿਅਕ ਕਾਰਜਾਂ ਦੇ ਕਾਰਜਕਾਰੀ ਮੰਤਰੀ ਸ੍ਰੀ ਜਿਓਫ ਲੀ ਨੇ ਸਮੁੱਚੇ ਸਿੱਖ ਅਤੇ ਪੰਜਾਬੀ ਭਾਈਚਾਰੇ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਰਿਆਂ ਵਾਸਤੇ ਮਾਣ ਦੀ ਗੱਲ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਸਮੁੱਚੇ ਦੇਸ਼ ਅੰਦਰ ਕੋਈ ਵੀ ਕੁਦਰਤੀ ਆਫ਼ਤ ਜਾਂ ਵਿਪਦਾ ਆਉਂਦੀ ਹੈ ਤਾਂ ਇਹ ਸਿੱਖ ਭਾਈਚਾਰਾ ਹੀ ਹੈ ਜੋ ਕਿ ਲੋਕਾਂ ਦੀ ਮਦਦ ਲਈ ਸਭ ਤੋਂ ਪਹਿਲਾਂ ਖੜ੍ਹਿਆ ਦਿਖਾਈ ਦਿੰਦਾ ਹੈ ਅਤੇ ਭੋਜਨ ਦੇ ਨਾਲ ਨਾਲ ਹੋਰ ਜ਼ਰੂਰੀ ਵਸਤਾਂ ਨੂੰ ਵੀ ਜ਼ਰੂਰਤ ਮੰਦਾਂ ਲਈ ਮੁਹੱਈਆ ਕਰਵਾਉਂਦਾ ਹੈ। ਕੋਫਸ ਹਾਰਬਰ ਤੋਂ ਐਮ.ਪੀ. ਸ. ਗੁਰਮੇਸ਼ ਸਿੰਘ ਨੇ ਇਸ ਪ੍ਰਾਪਤੀ ਅਤੇ ਗੁਰੂ ਦੇ ਆਸ਼ਰਵਾਦ ਸਦਕਾ ਸਾਰਿਆਂ ਨੂੰ ਵਧਾਈ ਦਿੱਤੀ ਅਤੇ ਖਾਸ ਕਰਕੇ ਨਿਊ ਸਾਊਥ ਵੇਲਜ਼ ਸਰਕਾਰ ਦਾ ਵੀ ਸ਼ੁਕਰਿਆ ਅਦਾ ਕੀਤਾ।  

Install Punjabi Akhbar App

Install
×