ਜੀਲੋਗ ਵਿਖੇ ਮਨਾਇਆ ਗਿਆ ਦੂਸਰਾ ਅੰਤਰ-ਰਾਸ਼ਟਰੀ ਮਹਿਲਾ ਦਿਵਸ 2021

ਵਿਕਟੋਰੀਆ ਰਾਜ ਦੇ ਖੂਬਸੂਰਤ ਕਸਬੇ ਜੀਲੋਗ ਵਿਖੋ ਪ੍ਰੀਤ ਖਿੰਡਾ  ਅਤੇ ਰਮਨ ਮਾਰੂਪੁਰ ਵੱਲੋਂ ਉਨ੍ਹਾਂ ਦੀ ਜੱਥੇਬੰਦੀ ‘ਪੰਜਾਬੀ ਸਵੈਗ ਜਿਲੌਂਗ’ ਦੇ ਬੈਨਰ ਹੇਠਾਂ ਬੀਤੇ ਐਤਵਾਰ ਮਾਰਚ 7 ਨੂੰ ਦੂਸਰਾ ਅੰਤਰ-ਰਾਸ਼ਟਰੀ ਮਹਿਲਾ ਦਿਵਸ 2021 ਮਨਾਇਆ ਗਿਆ

ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਮੁੱਖ ਮਹਿਮਾਨ ਸ੍ਰੀਮਤੀ ਜਯਾ (ਇੰਡੀਅਨ ਕੇਅਰ ਆਗ੍ਰੇਨਾਈਜ਼ੇਸ਼ਨ) ਮਹਿਲਾਵਾਂ ਅਤੇ ਨੌਜਵਾਨ ਬੱਚੀਆਂ ਨੂੰ ਉਨ੍ਹਾਂ ਦੇ ਨਿਜੀ ਹੱਕਾਂ ਬਾਰੇ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਤੋਂ ਬਾਅਦ ਸ੍ਰੀਮਤੀ ਜੈਸਮੀਨ (ਡਾਇਟੀਸ਼ਨ) ਨੇ ਆਏ ਹੋਏ ਮਹਿਮਾਨਾਂ ਨਾਲ ਉਨ੍ਹਾਂ ਦੀ ਸਿਹਤ ਸਬੰਧੀ ਵਿਸਥਾਰ ਨਾਲ ਗੱਲਬਾਤ ਕੀਤੀ ਅਤੇ ਸਿਹਤ ਅਤੇ ਭੋਜਨ ਦੇ ਸੰਤੁਲਨ ਬਾਰੇ ਵਿੱਚ ਦੱਸਦਿਆਂ ਮਹਿਲਾਵਾਂ ਨੂੰ ਆਪਣੇ ਦਿਨ-ਪ੍ਰਤੀ ਦਿਨ ਦੇ ਖਾਣ ਪੀਣ ਬਾਰੇ ਪੂਰੀ ਤਰ੍ਹਾਂ ਨਾਲ ਚੇਤੰਨ ਰਹਿਣ ਬਾਰੇ ਕਿਹਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਵਾਧੂ ਦਾ ਭਾਰ ਸਰੀਰ ਨੂੰ ਖਰਾਬ ਹੀ ਕਰਦਾ ਹੈ ਅਤੇ ਇਸ ਵਾਸਤੇ ਆਪਣੀ ਸਿਹਤ ਦਾ ਧਿਆਨ ਰੱਖਦਿਆਂ ਸਭ ਤੋਂ ਪਹਿਲਾਂ ਆਪਣੇ ਪੋਸ਼ਟਿਕ ਭੋਜਨ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਹਰ ਰੋਜ਼ ਦੀ ਸੈਰ ਦੀ ਪ੍ਰਕਿਰਿਆ ਨੂੰ ਕਰਦੇ ਰਹਿਣਾ ਚਾਹੀਦਾ ਹੈ।

ਡਾ. ਨਵਨੀਤ ਚੌਧਰੀ (ਡੈਂਟਿਸਟ) ਨੇ ਆਪਣੇ ਸੰਬੋਧਨ ਦੌਰਾਨ ਦੰਦਾਂ ਦੀ ਸੰਭਾਲ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬੀ ਵਿੱਚ ਇੱਕ ਕਹਾਵਤ ਹੈ ਕਿ ‘ਦੰਦ ਗਏ ਸਵਾਦ ਗਿਆ…’ ਤਾਂ ਫੇਰ ਦੰਦਾਂ ਅਤੇ ਸਵਾਦ ਨੂੰ ਕਾਇਮ ਰੱਖਣ ਵਾਸਤੇ ਉਨ੍ਹਾਂ ਨੇ ਮਹਿਲਾਵਾਂ ਨੂੰ ਬਹੁਤ ਸਾਰੇ ਨੁਕਤੇ ਵੀ ਦੱਸੇ ਅਤੇ ਕਿਹਾ ਕਿ ਮਹਿਜ਼ ਥੋੜ੍ਹੇ ਜਿਹੇ ਧਿਆਨ ਲਗਾਉਣ ਅਤੇ ਸਮਾਂ ਕੱਢਣ ਨਾਲ ਹੀ ਦੰਦਾਂ ਦੀ ਉਚਿਤ ਸੰਭਾਲ ਹੋ ਸਕਦੀ ਹੈ।

ਇਸੇ ਗੇੜ ਦੌਰਾਨ, ਨਰਸ ਸੰਦੀਪ ਕੌਰ ਬਰਾੜ ਵੱਲੋਂ ਆਏ ਸਾਰੇ ਮਹਿਮਾਨਾਂ ਦਾ ਸਿਹਤ ਚੈਕਅਪ ਕੀਤਾ ਗਿਆ ਜਿਸ ਵਿੱਚ ਕਿ ਬੀ.ਪੀ., ਸ਼ੂਗਰ ਲੈਵਲ, ਸਰੀਰਕ ਭਾਰ ਤੋਲਣ ਵੀ ਸ਼ਾਮਿਲ ਸੀ ਅਤੇ ਇਸ ਭਾਰ ਦੇ ਨਾਲ ਹੀ ਸਭ ਨੂੰ ਡਾਈਟ ਚਾਰਟ ਵੀ ਸਮਝਾਏ ਗਏ।

ਪ੍ਰੋਗਰਾਮ ਦਾ ਮਾਹੌਲ ਥੋੜ੍ਹਾ ਮੋੜਾ ਕੱਟਦਿਆਂ, ਆਯੋਜਕਾਂ ਨੇ ਇਸ ਦੌਰਾਨ ਕੁੱਝ ਸਭਿਆਚਾਰਕ ਪ੍ਰੋਗਰਾਮਾਂ ਦਾ ਵੀ ਆਯੋਜਨ ਕੀਤਾ ਹੋਇਆ ਸੀ ਅਤੇ ਇਸ ਦੌਰਾਨ ਗੁਰਲੀਨ ਸਿੰਘ (ਗਾਇਕ) ਨੇ ਅੰਤਰ-ਰਾਸ਼ਟਰੀ ਮਹਿਲਾ ਦਿਵਸ ਮੌਕੇ ਉਪਰ, ਮਹਿਲਾਵਾਂ ਦੀ ਮਹੱਤਤਾ ਦੇ ਨਾਲ ਨਾਲ ਦਿਨ ਪ੍ਰਤੀ ਦਿਨ ਦੀ ਸਖ਼ਤ ਮਿਹਨਤ ਦੀ ਸਿਫਤ ਕਰਦਿਆਂ ਇੱਕ ਗੀਤ ਸੁਣਾਇਆ ਅਤੇ ਸਰੋਤਿਆਂ ਨੂੰ ਝੂੰਮਣ ਲਾ ਦਿੱਤਾ।

ਸਭਿਆਚਾਰਕ ਪ੍ਰੋਗਰਾਮ ਦੌਰਾਨ ਆਯੋਜਕਾਂ ਵੱਲੋਂ ਸਭਿਆਚਾਰ ਨਾਲ ਸਬੰਧਤ ਕੁੱਝ ਸਵਾਲ ਵੀ ਪੁੱਛੇ ਗਏ ਅਤੇ ਸਹੀ ਜਵਾਬ ਦੇਣ ਬਦਲੇ, ਜੇਤੂ ਬੱਚੀਆਂ ਅਤੇ ਮਹਿਲਾਵਾਂ ਨੂੰ ਇਨਾਮਾਂ ਨਾਲ ਸਨਮਾਨਿਤ ਵੀ ਕੀਤਾ ਗਿਆ।

ਗੱਲ ਕਸਰਤ ਦੀ ਛਿੜੀ ਤਾਂ , ਹਰਜੋਤ ਕਾਹਲੋਂ (ਯੋਗਾ ਮਾਹਿਰ) ਅੱਗੇ ਆਏ ਅਤੇ ਮਹਿਮਾਨਾਂ ਨੂੰ ਸਿਹਤ ਸੰਭਾਲ ਵਾਸਤੇ ਯੋਗਾ ਅਭਿਆਸ ਦੀ ਮਹੱਤਤਾ ਦੇ ਗੁਣਗਾਣ ਕੀਤੇ ਅਤੇ ਉਥੇ ਉਨ੍ਹਾਂ ਨੇ ਖੁਦ ਯੋਗਾ ਦੇ ਆਸਣ ਕਰਕੇ ਵੀ ਦਿਖਾਏ ਅਤੇ ਇਨ੍ਹਾਂ ਆਸਣਾਂ ਨੂੰ ਕਰਨ ਲਈ ਸਭ ਨੂੰ ਪ੍ਰੇਰਿਆ।

ਇਸ ਸਮੁੱਚੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਵਾਸਤੇ ਐਲ. ਐਂਡ ਡੀ. (land and development real estate); ਪ੍ਰਿੰਟ ਕੁਇਕ; ਵਿਰਾਸਤ ਏ ਪੰਜਾਬ ਬੈਲਾਰਾਟ; ਮਿਡਾਸ; ਸਿੱਖ ਕਮਿਊਨਿਟੀ ਕਨੈਕਸ਼ਨ (ਮੈਲਬੋਰਨ); ਗਲਿਟਰੀ ਨੀਡਲਜ਼ ਕ੍ਰਿਏਸ਼ਨਜ਼, ਟੀ ਐਂਡ ਟਾਕ, ਸਿੱਧੂ ਫੋਟੋਗ੍ਰਾਫ਼ਰ ਅਤੇ ਪੰਜਾਬੀ ਸਵੈਗ ਪ੍ਰੋਡਕਸ਼ਨਜ਼ ਆਦਿ ਸੰਸਥਾਵਾਂ ਨੇ ਭਰਪੂਰ ਸਹਿਯੋਗ ਦਿੱਤਾ।

3 – 4 ਘੰਟੇ ਚਲੇ ਇਸ ਸਫਲ ਪ੍ਰੋਗਰਾਮ ਦੇ ਅੰਤ ਵਿੱਚ ਆਯੋਜਕਾਂ ਪ੍ਰੀਤ ਖਿੰਡਾ ਅਤੇ ਰਮਨ ਮਾਰੂਪੁਰ ਵੱਲੋਂ ਆਏ ਸਾਰੇ  ਹੀ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ।

Install Punjabi Akhbar App

Install
×