ਮਾਂ ਖੇਡ ‘ਕੱਬਡੀ’ ਨਾਲ ਤਾਰਾਂ ਜੁੜੀਆਂ: ਕੋਈ ਫਰਕ ਨਹੀਂ ਪੈਂਦਾ ਮੁੰਡੇ ਹੋਣ ਜਾਂ ਕੁੜੀਆਂ

– ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਨੇ ਮਹਿਲਾ ਕਬੱਡੀ ਟੀਮ ਮਲੇਸ਼ੀਆ ਵਿਖੇ ‘ਇੰਟਰਨੈਸ਼ਨਲ ਇੰਟਰ-ਸਿਟੀ ਕਬੱਡੀ ਚੈਂਪੀਅਨਸ਼ਿੱਪ’ ਲਈ ਰਵਾਨਾ ਕੀਤੀ
– ਸ. ਤਾਰਾ ਸਿੰਘ ਦੀ ਅਗਵਾਈ ‘ਚ ਖੇਡਣ ਗਈ ਇਹ ਟੀਮ

NZ PIC 20 June-2
(ਨਿਊਜ਼ੀਲੈਂਡ ਦੀ ਮਹਿਲਾ ਟੀਮ ਮਲੇਸ਼ੀਆ ਰਵਾਨਾ ਹੋਣ ਵੇਲੇ)

ਆਕਲੈਂਡ  – (20 ਜੂਨ) ਨਿਊਜ਼ੀਲੈਂਡ ਵੋਮੈਨ ਕਬੱਡੀ ਟੀਮ ਦੀ ਧਾਂਕ ਪਿਛਲੇ ਕੁਝ ਸਾਲਾਂ ਤੋਂ ਵਿਸ਼ਵ ਪੱਧਰੀ ਕਬੱਡੀ ਮੁਕਾਬਿਲਆਂ ਦੇ ਵਿਚ ਜੰਮੀ ਹੋਈ ਹੈ। ਭਾਰਤ ਦੇ ਵਿਚ ਹੋ ਚੁੱਕੇ ਵਿਸ਼ਵ ਕਬੱਡੀ ਮੁਕਾਬਲਿਆਂ ਦੇ ਵਿਚ ਇਹ ਟੀਮ ਦੂਜੇ ਨੰਬਰ ਉਤੇ ਰਹਿ ਕੇ ਨਿਊਜ਼ੀਲੈਂਡ ਦਾ ਝੰਡਾ ਲਹਿਰਾ ਚੁੱਕੀ ਹੈ। ਮਾਓਰੀ ਮੂਲ ਦੀਆਂ ਕੁੜੀਆਂ ਨੂੰ ਕਬੱਡੀ ਕਾਫੀ ਰਾਸ ਆ ਗਈ ਹੈ ਅਤੇ ਇਨ੍ਹਾਂ ਨੂੰ ਪ੍ਰੋਮੋਟ ਕਰਨ ਵਾਲੇ ਸ. ਤਾਰਾ ਸਿੰਘ ਬੈਂਸ ਅਤੇ ਉਨ੍ਹਾਂ ਦੇ ਪੁੱਤਰ ਸ. ਸਤਨਾਮ ਸਿੰਘ ਬੈਂਸ ਅਵੱਲਾ ਸ਼ੌਕ ਰੱਖਦੇ ਹਨ। ਇਨ੍ਹਾਂ ਦੀ ਪ੍ਰੋਮੋਸ਼ਨ ਵਾਸਤੇ ਹੁਣ ‘ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ’ ਵੀ ਅੱਗੇ ਆ ਚੁੱਕੀ ਹੈ। ਪ੍ਰਧਾਨ ਹਰਪ੍ਰੀਤ ਸਿੰਘ ਗਿੱਲ ਅਤੇ ਸ. ਤੀਰਥ ਸਿੰਘ ਅਟਵਾਲ ਨੇ ਇਨ੍ਹਾਂ ਕੁੜੀਆਂ ਨੂੰ ‘ਇੰਟਰਨੈਸ਼ਨਲ ਇੰਟਰ-ਸਿਟੀ ਕਬੱਡੀ ਚੈਂਪੀਅਨਸ਼ਿੱਪ’ ਦੇ ਵਿਚ ਭਾਗ ਲੈਣ ਲਈ ਪੂਰਨ ਸਹਿਯੋਗ ਦਾ ਵਾਅਦਾ ਕੀਤਾ। ਅੱਜ ਇਹ ਟੀਮ ਆਕਲੈਂਡ ਹਵਾਈ ਅੱਡੇ ਉਤੋਂ ਮਲੇਸ਼ੀਆ ਵਿਖੇ ਹੋਣ ਵਾਲੇ 22 ਜੂਨ ਤੋਂ 24 ਜੂਨ ਤੱਕ ਹੋਣ ਵਾਲੇ ਮੁਕਾਬਲਿਆਂ ਦੇ ਵਿਚ ਭਾਗ ਲੈਣ ਲਈ ਸ. ਤਾਰਾ ਸਿੰਘ ਦੀ ਅਗਵਾਈ ਵਿਚ ਰਵਾਨਾ ਹੋਈ। ਪਹਿਲਾਂ ਇਹ ਮੁਕਾਬਲੇ ਸਿੰਗਾਪੁਰ ਹੋਣੇ ਸੀ ਜੋ ਕਿ ਹੁਣ ਜੌਹਰ ਬਾਰੂ ਵਿਖੇ ਹੋਣਗੇ ਜਿੱਥੇ ਬਹੁਤ ਹੀ ਸੋਹਣਾ ਗੁਰਦੁਆਰਾ ਸਾਹਿਬ ਸਥਾਪਿਤ ਹੈ। ਟੀਮ ਦੀ ਸਫਲਤਾ ਦੇ ਲਈ ਹਮਿਲਟਨ ਤੋਂ ਤਰਨਜੀਤ ਸਿੰਘ ਜੰਡਾ, ਹਰਪਾਲ ਸਿੰਘ, ਹੇਸਟਿੰਗਜ਼ ਤੋਂ ਸ. ਮੋਹਿੰਦਰ ਸਿੰਘ ਨਾਗਰਾ, ਸ. ਜਰਨੈਲ ਸਿੰਘ ਜੇ.ਪੀ., ਮਾਲਵਾ ਸਪੋਰਟਸ ਐਂਡ ਕਲਤਰਲ ਕਲੱਬ ਤੋਂ ਸ. ਪ੍ਰਿਤਪਾਲ ਸਿੰਘ, ਸ. ਜਗਦੇਵ ਸਿੰਘ ਜੱਗੀ, ਝਿਲਮਿਲ ਸਿੰਘ, ਪੰਜਾਬ ਕੇਸਰੀ ਕਲੱਬ ਤੋਂ ਜੱਸਾ ਬੋਲੀਨਾ, ਅੰਗਰੇਜ ਸਿੰਘ, ਰਾਜਾ ਬੁਟਰ, ਪਿੰਦੂ ਵਿਰਕ, ਪਾਪਾਮੋਆ ਤੋਂ ਜਿੰਦਰ ਚਮਿਆਰਾ, ਹਰਿੰਜਰ ਸਿੰਘ ਮੰਗਾ, ਟੌਰੰਗਾ ਤੋਂ ਰਣਜੀਤ ਰਾਏ, ਅਵਤਾਰ ਸਿੰਘ ਤਾਰੀ ਅਤੇ ਹੋਰ ਬਹੁਤ ਸਾਰੇ ਕਬੱਡੀ ਪ੍ਰੇਮੀਆਂ ਨੇ ਸ਼ੁੱਭ ਇਛਾਵਾਂ ਦਿੱਤੀਆਂ।