ਨਾਰੀ ਅਬਲਾ ਨਹੀਂ…ਅੱਵਲ ਹੈ: ‘ਔਕਲੈਂਡ ਵਿਮਨ ਲੋਇਅਰਜ਼ ਐਸੋਸੀਏਸ਼ਨ’ ਦੇ ਵਿਚ ਭਾਰਤੀ ਮਹਿਲਾਵਾਂ ਦੀ ਹੈ ਖਾਸ ਭੂਮਿਕਾ-ਅੰਜੀਤ ਸਿੰਘ

(ਖੱਬੇ ਤੋਂ ਸੱਜੇ: ਖੁਸ਼ਬੂ ਸੁੰਦਰਜੀ, ਅਨੁਸ਼ਕਾ ਬਲੋਇਮ, ਸੀਮੋਨੀ ਅਰਕੰਡ, ਅੰਜੀਤ ਸਿੰਘ, ਇਰਾਕਾ ਬੁਰਕੀ, ਲਾਨੂ ਫਾਲੇਟੂਆ ਤੇ ਕਰਲੀਨ ਓ ਹਾਲੋਰਨ। (ਉਪਰੋਂ ਥੱਲੇ) ਖੁਸ਼ਬੂ ਸੁੰਦਰਜੀ, ਹਿਨਾ ਘੇੜਾ, ਮੇਨਕਾ ਕੁਮਾਰ।)

(ਔਕਲੈਂਡ) :- ਕਦੇ ਸਮਾਂ ਹੁੰਦਾ ਸੀ ਇਸਤਰੀ ਨੂੰ ਕਮਜ਼ੋਰ ਅਤੇ ‘ਅਬਲਾ’ ਕਹਿ ਕੇ ਉਸਦੇ ਤੇਜ਼-ਤਰਾਰ ਦਿਮਾਗ ਨੂੰ ਅੱਗੇ ਵਧਣ ਤੋਂ ਰੋਕਿਆ ਜਾਂਦਾ ਸੀ ਤੇ ਉਸ ਉਤੇ ਫੈਸਲੇ ਲਾਗੂ ਕਰ ਦਿੱਤੇ ਜਾਂਦੇ ਸਨ। ਪਰ ਅੱਜ ਸਮਾਂ ਬਦਲਿਆ ਹੋਇਆ ਹੈ। ਜਿੱਥੇ ਇਸਤਰੀਆਂ ਨੇ ਅੱਜ ਹਰ ਖੇਤਰ ਦੇ ’ਚ ਤਰੱਕੀ ਕਰਕੇ ਨਵੇਂ ਰਾਹ ਵਿਕਸਤ ਕਰ ਦਿੱਤੇ ਹਨ ਉਥੇ ਵਕਾਲਤ ਵਰਗੇ ਪੇਸ਼ੇ ਨੂੰ ਸਫਲਤਾ ਨਾਲ ਕਰਦਿਆਂ ਅਦਾਲਤੀ ਫੈਸਲਿਆਂ ਦੀ ਅਜਿਹੀ ਗਵਾਹ ਬਣ ਰਹੀਆਂ ਹਨ ਕਿ ਸਦੀਆਂ ਤੱਕ ਉਨ੍ਹਾਂ ਦੀ ਉਦਾਹਰਣ ਕਾਇਮ ਰਹੇਗੀ। ਗੱਲ ਕਰਦੇ ਹਾਂ ਨਿਊਜ਼ੀਲੈਂਡ ਦੇ ਵਿਚ ਇਸਤਰੀਆਂ ਦੇ ਵਕਾਲਤੀ ਪੇਸ਼ੇ ਦੀ। ਭਾਰਤੀਆਂ ਨੂੰ ਇਹ ਜਾਣਕੇ ਖੁਸ਼ੀ ਹੋਵੇਗੀ ਕਿ ਭਾਰਤੀ ਮਹਿਲਾਵਾਂ ਦੀ ਗਿਣਤੀ ਵੀ ਇਸ ਖੇਤਰ ਵਿਚ ਲਗਾਤਾਰ ਵਧ ਰਹੀ ਹੈ। ਪਿਛਲੇ ਦਿਨੀਂ ‘ਔਕਲੈਂਡ ਵਿਮਨ ਲੋਇਅਰਜ਼ ਐਸੋਸੀਏਸ਼ਨ’ ਵੱਲੋਂ ਇਕ ਸਮਾਗਮ ਹੋਇਆ ਜਿਸ ਦੇ ਵਿਚ ਇਸ ਗੱਲ ਉਤੇ ਤਸੱਲੀ ਪ੍ਰਗਟ ਕੀਤੀ ਗਈ ਕਿ ਨਵੀਂਆਂ ਕੁੜੀਆਂ ਇਸ ਖੇਤਰ ਦੇ ਵਿਚ ਕਾਫੀ ਆ ਰਹੀਆਂ ਹਨ ਅਤੇ ਇਸ ਸੰਸਥਾ ਦੇ ਨਾਲ ਜੁੜ ਰਹੀਆਂ ਹਨ। ਸੰਖੇਪ ਵਿਚ ਇਸ ਸੰਸਥਾ ਨੂੰ ‘ਅਵਲਾ’ ਨਾਂਅ ਦੇ ਜਾਣਿਆ ਜਾਂਦਾ ਹੈ, ਇਹ ਸੰਸਥਾ ਵਕਾਲਤ ਕਰਨ ਦੇ ਵਿਚ ਕੁੜੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਸੁਣਦੀ ਹੈ ਤੇ ਹੱਲ ਕਰਦੀ ਹੈ ਤਾਂ ਕਿ ਉਹ ਪੜ੍ਹਾਈ ਕਰਕੇ ਸਾਲੀਸਿਟਰ, ਬੈਰਿਸਟਰ ਜਾਂ ਜੱਜ ਦੇ ਅਹੁਦੇ ਤੱਕ ਪਹੁੰਚ ਸਕਣ। ਇਸ ਸੰਸਥਾ ਨੂੰ ‘ਔਕਲੈਂਡ ਡਿਸਟ੍ਰਿਕਟ ਲਾਅ ਸੁਸਾਇਟੀ’, ‘ਨਿਊਜ਼ੀਲੈਂਡ ਲਾਅ ਸੁਸਾਇਟੀ’, ‘ਦਾ ਨਿਊਜ਼ੀਲੈਂਡ ਬਾਰ ਐਸੋਸੀਏਸ਼ਨ’, ‘ਦਾ ਨਿਊਜ਼ੀਲੈਂਡ ਐਸੋਸੀਏਸ਼ਨ ਆਫ ਵਿਮਨ ਜੱਜਸ’ ਸਮੇਤ ਕਈ ਲਾਅ ਫਰਮਾਂ ਵੱਲੋਂ ਪੂਰਨ ਸਹਿਯੋਗ ਮਿਲ ਰਿਹਾ ਹੈ।
ਭਾਰਤੀ ਮੂਲ ਦੀ ਕੁੜੀ ਅੰਜੀਤ ਸਿੰਘ ਜੋ ਕਿ ਸੀਨੀਅਰ ਕ੍ਰਿਮੀਨਲ ਡਿਫੈਂਸ ਲੌਇਰ ਹਨ ਨੇ ਗੱਲਬਾਤ ਕਰਦੇ ਦੱਸਿਆ ਕਿ ਵਕੀਲ ਮਹਿਲਾਵਾਂ ਦੀ ਇਸ ਸੰਸਥਾ ਦੇ ਵਿਚ ਭਾਰਤੀ ਮਹਿਲਾਵਾਂ ਦੀ ਖਾਸ ਭੂਮਿਕਾ ਬਣ ਰਹੀ ਹੈ, ਜੋ ਕਿ ਭਾਰਤੀ ਭਾਈਚਾਰੇ ਲਈ ਬਹੁਤ ਖੁਸ਼ੀ ਤੇ ਮਾਣ ਵਾਲੀ ਗੱਲ ਹੈ। ਵਰਨਣਯੋਗ ਹੈ ਕਿ ਭਾਰਤੀ ਮੂਲ ਦੀ ਇਸ ਕੁੜੀ ਦਾ ਪਰਿਵਾਰ ਵੀ ਅਦਾਲਤੀ ਖੇਤਰ ਨਾਲ ਸਬੰਧਿਤ ਹੈ ਅਤੇ ਇਸਨੇ ਕਾਮਰਸ ਅਤੇ ਲਾਅ (ਆਨਰਜ਼) ਦੇ ਵਿਚ ਯੂਨੀਵਰਸਿਟੀ ਆਫ ਔਕਲੈਂਡ ਤੋਂ ਡਿਗਰੀ ਕੀਤੀ ਹੋਈ ਹੈ। ਇਸ ਤੋਂ ਇਲਾਵਾ ਇਸ ਸੰਸਥਾ ਦੇ ਵਿਚ ਅਨੁਸ਼ਕਾ ਬਲੋਇਮ, ਖੁਸ਼ਬੂ ਸੁੰਦਰਜੀ, ਮੇਨਕਾ ਕੁਮਾਰ ਅਤੇ ਹੀਨਾ ਘੇੜਾ ਵੀ ਸ਼ਾਮਿਲ ਹਨ। ਔਰਤ-ਮਰਦ ਦੇ ਮਿਹਨਤਾਨਾ ਫਰਕ ਨੂੰ ਲੈ ਕੇ ਵੀ ਇਹ ਸੰਸਥਾ ਲਗਾਤਾਰ ਆਪਣੇ ਬਰਾਬਰ ਹੱਕਾਂ ਦੀ ਵਕਾਲਤ ਕਰਦੀ ਹੈ। ਇਹ ਸੰਸਥਾ ਕਈ ਪ੍ਰਕਾਰ ਦੇ ਪੈਨਲ ਚਰਚਾਵਾਂ ਵੀ ਕਰਦੀ ਹੈ, ਲੈਕਚਰ ਸੈਸ਼ਨ ਕਰਦੀ ਹੈ ਅਤੇ ਕਾਨੂੰਨੀ ਵਿਸ਼ੇ ਉਤੇ ਸੈਮੀਨਾਰ ਆਦਿ ਕਰਦੀ ਹੈ। ਇਸ ਵੇਲੇ ਵਕੀਲ ਮਹਿਲਾਵਾਂ ਦੀ ਇਸ ਸੰਸਥਾ ਦੀ ਪ੍ਰਧਾਨ ਅਨੁਸ਼ਕਾ ਬਲੋਇਮ ਹੈ।
 ਨਾਰੀ ‘ਅਬਲਾ’ ਨਹੀਂ ਸਗੋਂ ਅੱਵਲ ਹੈ ਨੂੰ ਬਰਕਰਾਰ ਰੱਖ ਰਹੀਆਂ ਅਤੇ ਵਕਾਲਤ ਦੇ ਖੇਤਰ ਵਿਚ ਆ ਰਹੀਆਂ ਇਨ੍ਹਾਂ ਭਾਰਤੀ ਮਹਿਲਾਵਾਂ ਦੇ ਲਈ ਸ਼ੁੱਭ ਕਾਮਨਾਵਾਂ!

Install Punjabi Akhbar App

Install
×