ਔਰਤ ਹੋਣ ਦੀ ਤ੍ਰਾਸਦੀ!

ਸਾਡੇ ਸਮਾਜ ਵਿੱਚ ਔਰਤ ਦਾ ਮਤਲਬ ਦੂਸਰੇ ਦਰਜ਼ੇ ਦਾ ਸ਼ਹਿਰੀ ਹੋਣਾ ਹੈ। ਇਸ ਅਧੁਨਿਕ ਕਾਲ ਵਿੱਚ ਵੀ ਪੁਰਸ਼ ਪ੍ਰਧਾਨ ਸਮਾਜ ਹੋਣ ਕਾਰਨ ਹਰ ਜਗ੍ਹਾ ‘ਤੇ ਔਰਤ ਨੂੰ ਦਬਾਇਆ ਜਾਂਦਾ ਹੈ। ਅੱਜ ਬਹੁਤ ਸਾਰੀਆਂ ਔਰਤਾਂ ਪੜ੍ਹ ਲਿਖ ਕੇ ਨੌਕਰੀਆਂ ਕਰਨ ਲੱਗ ਪਈਆਂ ਹਨ ਪਰ ਉਨ੍ਹਾਂ ਵਿੱਚੋਂ ਵੀ ਕਈਆਂ ਨੂੰ ਕੰਮ ਦੀ ਜਗ੍ਹਾ ‘ਤੇ ਸੋਸ਼ਣ ਦਾ ਸਾਹਮਣਾ ਕਰਨਾ ਪੈਂਦਾ ਹੈ। ਬਹੁਤੀਆਂ ਨੌਕਰੀ ਪੇਸ਼ਾ ਔਰਤਾਂ ਦੀ ਤਨਖਾਹ ਆਦਿ ਦਾ ਹਿਸਾਬ ਉਨ੍ਹਾਂ ਦੇ ਪਤੀ ਰੱਖਦੇ ਹਨ। ਵੇਖਿਆ ਗਿਆ ਹੈ ਕਿ ਪੰਚ, ਸਰਪੰਚ, ਐਮ.ਸੀ., ਮੇਅਰ, ਐਮ.ਐਲ.ਏ, ਐਮ.ਪੀ. ਅਤੇ ਇੱਥੋਂ ਤੱਕ ਕਿ ਮੰਤਰੀ ਬਣਨ ਵਾਲੀਆਂ ਜਿਆਦਾਤਰ ਔਰਤਾਂ ਦੀ ਰਾਜਨੀਤਕ ਤਾਕਤ ਦਾ ਇਸਤੇਮਾਲ ਉਨ੍ਹਾਂ ਦੇ ਪਤੀ ਜਾਂ ਪੁੱਤਰ ਕਰਦੇ ਹਨ।
ਕਈ ਸਾਲ ਪਹਿਲਾਂ ਬਟਾਲੇ ਪੁਲਿਸ ਜਿਲ੍ਹੇ ਦੀ ਇੱਕ ਸਬ ਡਵੀਜ਼ਨ ਵਿਖੇ ਤਾਇਨਾਤੀ ਦੌਰਾਨ ਅਜਿਹਾ ਹੀ ਇੱਕ ਕੇਸ ਮੇਰੇ ਕੋਲ ਆਇਆ ਸੀ। ਇੱਕ ਦਿਨ ਮੈਂ ਦਫਤਰ ਬੈਠਾ ਹੋਇਆ ਸੀ ਤਾਂ ਏਡਜ਼ ਦੇ ਕੇਸਾਂ ਲਈ ਬਦਨਾਮ ਇੱਕ ਪਿੰਡ ਦਾ ਸਰਪੰਚ 5 ૶ 7 ਮੋਹਤਬਰਾਂ ਨਾਲ ਮੇਰੇ ਦਫਤਰ ਆਇਆ। ਉਸ ਨੇ ਆ ਕੇ ਪੰਚਾਇਤ ਵੱਲੋਂ ਇੱਕ ਦਰਖਾਸਤ ਦਿੱਤੀ ਕਿ ਉਸ ਦੇ ਪਿੰਡ ਦੀ ਇੱਕ ਵਿਧਵਾ ਔਰਤ ਰਾਣੀ (ਕਾਲਪਨਿਕ ਨਾਮ) ਏਡਜ਼ ਨਾਲ ਪੀੜਤ ਹੈ। ਉਸ ਦੇ ਪਿੰਡ ਦੇ ਅਨੇਕਾਂ ਵਿਅਕਤੀਆਂ ਨਾਲ ਸਬੰਧ ਹਨ ਜਿਸ ਕਾਰਨ ਪਿੰਡ ਵਿੱਚ ਏਡਜ਼ ਦੀ ਬਿਮਾਰੀ ਫੈਲ ਰਹੀ ਹੈ। ਇਸ ਲਈ ਉਸ ਨੂੰ ਪਿੰਡ ਵਿੱਚੋਂ ਬਾਹਰ ਕੱਢਿਆ ਜਾਵੇ। ਮੈਂ ਸਰਪੰਚ ਨੂੰ ਸਮਝਾਇਆ ਕਿ ਪੁਲਿਸ ਕੋਲ ਅਜਿਹੀ ਕੋਈ ਕਾਨੂੰਨੀ ਤਾਕਤ ਨਹੀਂ ਹੁੰਦੀ ਕਿ ਕਿਸੇ ਨੂੰ ਪਿੰਡ ਵਿੱਚੋਂ ਕੱਢ ਸਕੇ। ਇਸ ਕੰਮ ਲਈ ਡੀ.ਸੀ., ਐਸ.ਡੀ.ਐਮ. ਜਾਂ ਫਿਰ ਅਦਾਲਤ ਵਿੱਚ ਕੇਸ ਕੀਤਾ ਜਾ ਸਕਦਾ ਹੈ। ਮੈਂ ਸਰਪੰਚ ਨੂੰ ਪੁੱਛਿਆ ਕਿ ਏਡਜ਼ ਫੈਲਾਉਣ ਵਿੱਚ ਰਾਣੀ ਨਾਲ ਸਬੰਧ ਰੱਖਣ ਵਾਲੇ ਵਿਅਕਤੀਆਂ ਦਾ ਵੀ ਬਰਾਬਰ ਦਾ ਕਸੂਰ ਹੈ, ਉਨ੍ਹਾਂ ਨੂੰ ਕਿਉਂ ਨਹੀਂ ਪੰਚਾਇਤ ਪਿੰਡੋਂ ਕੱਢਦੀ? ਸਰਪੰਚ ਪੂਰੀ ਬੇਸ਼ਰਮੀ ਨਾਲ ਹੱਸ ਕੇ ਬੋਲਿਆ ਕਿ ਉਹ ਤਾਂ ਉਸ ਦੇ ਧੜੇ ਦੇ ਬੰਦੇ ਹਨ।
ਪਰ ਲੋਕਾਂ ਨੂੰ ਹਰ ਕੰਮ ਜਲਦੀ ਕਰਵਾਉਣ ਲਈ ਪੁਲਿਸ ਹੀ ਸਭ ਤੋਂ ਸੌਖਾ ਜ਼ਰੀਆ ਲੱਗਦੀ ਹੈ। ਸਰਪੰਚ ਸੱਤਾਧਾਰੀ ਪਾਰਟੀ ਨਾਲ ਸਬੰਧ ਰੱਖਦਾ ਸੀ, ਉਸ ਨੇ ਮੈਨੂੰ ਐਮ.ਐਲ.ਏ. (ਜੋ ਕਿ ਕਿਸੇ ਸੁਰੱਖਿਆ ਫੋਰਸ ਤੋਂ ਰਿਟਇਰਡ ਸੀ ਤੇ ਮਹਾਂ ਬਦਤਮੀਜ਼ ਵਿਅਕਤੀ ਸੀ) ਕੋਲੋਂ ਫੋਨ ਕਰਵਾਉਣੇ ਸ਼ੁਰੂ ਕਰ ਦਿੱਤੇ। ਆਖਰ ਅੱਕ ਕੇ ਮੈਂ ਦੋ ਕੁ ਹਫਤਿਆਂ ਬਾਅਦ ਪੰਚਾਇਤ ਅਤੇ ਰਾਣੋ ਨੂੰ ਆਪਣੇ ਦਫਤਰ ਬੁਲਾ ਲਿਆ। ਰਾਣੋ 26 ਕੁ ਸਾਲ ਦੀ ਸੋਹਣੀ ਸੁਨੱਖੀ ਔਰਤ ਸੀ ਤੇ ਕਿਸੇ ਪਾਸਿਉਂ ਵੀ ਇਹ ਨਹੀਂ ਸੀ ਮਾਲੂਮ ਹੁੰਦਾ ਕਿ ਉਸ ਨੂੰ ਏਡਜ਼ ਦੀ ਬਿਮਾਰੀ ਹੋ ਸਕਦੀ ਹੈ। ਵੈਸੇ ਵੀ ਏਡਜ਼ ਦੇ ਮਰੀਜ਼ ਵਿੱਚ ਬਿਮਾਰੀ ਦੇ ਲੱਛਣ 10 ૶ 12 ਸਾਲ ਬਾਅਦ ਦਿਸਣੇ ਸ਼ੁਰੂ ਹੁੰਦੇ ਹਨ। ਜਦੋਂ ਸਾਰੇ ਨਿੱਠ ਕੇ ਬੈਠ ਗਏ ਤਾਂ ਸਰਪੰਚ ਨੇ ਸਿਆਣਾ ਜਿਹਾ ਬਣ ਕੇ ਗੱਲ ਸ਼ੁਰੂ ਕੀਤੀ। ਉਸ ਦੀ ਗੱਲ ਬਾਤ ਤੋਂ ਇਹ ਸਾਹਮਣੇ ਆਇਆ ਕਿ ਰਾਣੀ ਦੇ ਵਿਆਹ ਨੂੰ 6 – 7 ਸਾਲ ਹੋ ਗਏ ਹਨ ਤੇ 4 -5 ਸਾਲ ਦੀ ਇੱਕ ਬੇਟੀ ਹੈ। ਉਸ ਦਾ ਪਤੀ ਡਰੱਕ ਡਰਾਈਵਰ ਸੀ, ਜਿਸ ਦੀ ਏਡਜ਼ ਕਾਰਨ ਤਿੰਨ ਸਾਲ ਪਹਿਲਾਂ ਮੌਤ ਹੋ ਚੁੱਕੀ ਸੀ। ਉਸ ਨੇ ਹੀ ਬਾਹਰ ਖੇਹ ਖਰਾਬਾ ਕਰ ਕੇ ਏਡਜ਼ ਸਹੇੜੀ ਸੀ ਤੇ ਰਾਣੀ ਨੂੰ ਲਾਗ ਲਗਾਈ ਸੀ।
ਉਸ ਦੀ ਮੌਤ ਤੋਂ ਬਾਅਦ ਰਾਣੀ ਬਜਾਏ ਆਪਣੇ ਪੇਕੇ ਜਾਣ ਦੇ ਇਥੇ ਹੀ ਰਹਿ ਰਹੀ ਸੀ। ਉਸ ਦੇ ਪਿੰਡ ਦੇ ਕਈ ਵਿਅਕਤੀਆਂ ਨਾਲ ਸਬੰਧ ਬਣ ਗਏ ਸਨ, ਕਿਉਂਕਿ ਜ਼ਮੀਨ ਜਾਇਦਾਦ ਨਾ ਹੋਣ ਕਾਰਨ ਉਸ ਕੋਲ ਕਮਾਈ ਦਾ ਹੋਰ ਕੋਈ ਸਾਧਨ ਨਹੀਂ ਸੀ ਤੇ ਦਿਉਰ ਜੇਠ ਉਸ ਦੀ ਕੋਈ ਆਰਥਿਕ ਮਦਦ ਨਹੀਂ ਸਨ ਕਰਦੇ। ਅਸੁਰੱਖਿਅਤ ਸਬੰਧਾਂ ਕਾਰਨ ਉਨ੍ਹਾਂ ਵਿਅਕਤੀਆਂ ਨੂੰ ਵੀ ਏਡਜ਼ ਚੰਬੜ ਗਈ ਸੀ। ਇਸ ਨੂੰ ਪਿੰਡ ਤੋਂ ਬੇਦਖਲ ਕੀਤਾ ਜਾਵੇ ਤਾਂ ਜੋ ਹੋਰ ਲੋਕਾਂ ਨੂੰ ਇਸ ਨਾਮੁਰਾਦ ਬਿਮਾਰੀ ਤੋਂ ਬਚਾਇਆ ਜਾ ਸਕੇ। ਸਰਪੰਚ ਦੀ ਇਸ ਗੱਲ ਦੀ ਨਾਲ ਆਏ ਬਾਕੀ ਲੋਕਾਂ ਨੇ ਵੀ ਠੋਕ ਕੇ ਪ੍ਰੋੜਤਾ ਕੀਤੀ। ਸਭ ਤੋਂ ਜਿਆਦਾ ਰੌਲਾ ਰਾਣੀ ਦੇ ਸਹੁਰੇ ਅਤੇ ਦਿਉਰ ਨੇ ਪਾਇਆ ਕਿਉਂਕਿ ਉਹ ਲਾਲਚ ਵਿੱਚ ਅੰਨ੍ਹੇ ਹੋ ਚੁੱਕੇ ਸਨ ਤੇ ਚਾਹੁੰਦੇ ਸਨ ਕਿ ਰਾਣੀ ਜਲਦੀ ਤੋਂ ਜਲਦੀ ਦਫਾ ਹੋਵੇ ਤਾਂ ਜੋ ਉਹ ਉਸ ਦੇ ਮਕਾਨ ‘ਤੇ ਕਬਜ਼ਾ ਕਰ ਸਕਣ।
ਰਾਣੀ ਚੁੱਪ ਚਾਪ ਸਾਰੇ ਹੱਲੇ ਗੁੱਲੇ ਨੂੰ ਸੁਣਦੀ ਰਹੀ। ਉਸ ਦੇ ਸ਼ਾਂਤ ਚਿਹਰੇ ਤੋਂ ਲੱਗ ਰਿਹਾ ਸੀ ਕਿ ਪਿੰਡ ਵਾਲਿਆਂ ਦੀ ਚਿੱਲ ਪੌਂ ਦਾ ਉਸ ‘ਤੇ ਕੋਈ ਖਾਸ ਅਸਰ ਨਹੀਂ ਹੋ ਰਿਹਾ। ਰੋਜ਼ਾਨਾ ਚੰਗੇ ਮਾੜੇ ਲੋਕਾਂ ਨਾਲ ਵਾਹ ਪੈਣ ਕਾਰਨ ਪੁਲਿਸ ਵਾਲਿਆਂ ਨੂੰ ਲੋਕਾਂ ਦਾ ਮਨ ਪੜ੍ਹਨ ਦਾ ਵਲ ਆ ਜਾਂਦਾ ਹੈ। ਇਸ ਕਾਰਨ ਮੈਂ ਵੀ ਸਮਝ ਗਿਆ ਕਿ ਇਸ ਸ਼ਾਂਤ ਚਿਹਰੇ ਦੇ ਪਿੱਛੇ ਕੋਈ ਭਿਆਨਕ ਜਵਾਲਾਮੁਖੀ ਉੱਬਲ ਰਿਹਾ ਹੈ ਜੋ ਜਲਦੀ ਹੀ ਫਟ ਜਾਵੇਗਾ। ਸਾਰਿਆਂ ਦੀ ਗੱਲ ਸੁਣਨ ਤੋਂ ਬਾਅਦ ਮੈਂ ਰਾਣੀ ਨੂੰ ਆਪਣਾ ਪੱਖ ਦੱਸਣ ਲਈ ਕਿਹਾ ਤਾਂ ਉਸ ਦਾ ਕਈ ਸਾਲਾਂ ਤੋਂ ਦੱਬਿਆ ਪਿਆ ਗੁੱਸਾ ਭੜਕ ਉੱਠਿਆ, ”ਡੀ.ਐਸ.ਪੀ ਸਾਹਿਬ, ਮੈਨੂੰ ਏਡਜ਼ ਹੈ ਤੇ ਮੇਰੀ ਬੱਚੀ ਨੂੰ ਵੀ ਏਡਜ਼ ਹੈ। ਮੈਂ ਤਾਂ ਪੰਜ ਚਾਰ ਸਾਲ ਵਿੱਚ ਮਰ ਜਾਵਾਂਗੀ, ਪਰ ਦੁੱਖ ਮੈਨੂੰ ਇਸ ਗੱਲ ਦਾ ਹੈ ਕਿ ਮੇਰੇ ਮਰਨ ਤੋਂ ਬਾਅਦ ਇਸ ਬੇਗੁਨਾਹ ਮਾਸੂਮ ਬੱਚੀ ਨੇ ਪਤਾ ਨਹੀਂ ਕਿਵੇਂ ਦਰ ਦਰ ਧੱਕੇ ਖਾ ਕੇ ਮਰਨਾ ਹੈ।”
ਸਾਰੀ ਪੰਚਾਇਤ ਚੁੱਪ ਹੋ ਗਈ ਤੇ ਰਾਣੀ ਆਪਣੇ ਸਹੁਰੇ ਵੱਲ ਇਸ਼ਾਰਾ ਕਰ ਕੇ ਬੋਲੀ, ”ਡੀ.ਐਸ.ਪੀ. ਸਾਹਿਬ, ਇਸ ਨੀਚ ਤੇ ਪਾਪੀ ਇਨਸਾਨ ਨੂੰ ਪੁੱਛੋ ਕਿ ਜਦੋਂ ਇਸ ਦੇ ਮੁੰਡੇ ਦਾ ਮੇਰੇ ਨਾਲ ਵਿਆਹ ਹੋਇਆ ਸੀ, ਉਦੋਂ ਇਸ ਨੂੰ ਪਤਾ ਸੀ ਨਾ ਕਿ ਉਸ ਨੂੰ ਏਡਜ਼ ਹੈ?” ਕੁਝ ਦੇਰ ਪਹਿਲਾਂ ਭੁੜਕ ਭੁੜਕ ਕੇ ਬੋਲਣ ਵਾਲੇ ਰਾਣੀ ਦੇ ਸਹੁਰੇ ਨੇ ਮਰੇ ਹੋਏ ਕੁੱਤੇ ਵਾਂਗ ਸਿਰ ਸੁੱਟ ਲਿਆ ਤੇ ਬੋਲਿਆ ਕਿ ਉਸ ਨੂੰ ਪਤਾ ਸੀ। ਇਸ ਤੋਂ ਬਾਅਦ ਰਾਣੀ ਪੰਚਾਇਤ ਵੱਲ ਹੋ ਗਈ, ”ਇਸ ਸਰਪੰਚ ਤੇ ਨਾਲ ਆਈ ਇਸ ਲਗੌੜ ਨੂੰ ਵੀ ਪਤਾ ਸੀ ਕਿ ਨਹੀਂ ਇਸ ਗੱਲ ਬਾਰੇ?” ਸਰਪੰਚ ਨੂੰ ਧਰਤੀ ਵਿਹਲ ਨਾ ਦੇਵੇ। ਉਹ ਵੀ ਮੰਨ ਗਿਆ ਕਿ ਤਕਰੀਬਨ ਸਾਰੇ ਪਿੰਡ ਨੂੰ ਪਤਾ ਸੀ।
ਰਾਣੀ ਰੋਂਦੀ ਹੋਈ ਬੋਲਦੀ ਗਈ ਜਿਵੇਂ ਅੱਜ ਉਸ ਨੂੰ ਕਿਸੇ ਦੀ ਪ੍ਰਵਾਹ ਨਾ ਹੋਵੇ, ”ਤੁਹਾਡੇ ਸਾਰਿਆਂ ਦਾ ਬੇੜਾ ਗਰਕ ਹੋ ਜਾਵੇ। ਅੱਜ ਪਿੰਡ ਨੂੰ ਮੇਰੀ ਏਡਜ਼ ਦਿਸ ਰਹੀ ਹੈ, ਪਰ ਵਿਆਹ ਵੇਲੇ ਮੇਰੇ ਪਤੀ ਦੀ ਏਡਜ਼ ਨਾ ਦਿਖੀ? ਮੈਂ ਏਡਜ਼ ਪੇਕਿਆਂ ਤੋਂ ਲੈ ਕੇ ਆਈ ਸੀ? ਮੇਰਾ ਕੀ ਕਸੂਰ ਸੀ ਜੋ ਤੁਸੀਂ ਮੇਰੇ ਨਾਲ ਐਨਾਂ ਵੱਡਾ ਧ੍ਰੋਹ ਕਮਾਇਆ। ਵੇਖ ਲਿਉ ਤੁਸੀਂ ਸਾਰੇ ਕੀੜੇ ਪੈ ਕੇ ਮਰੋਗੇ। ਮੇਰੇ ਨਾਲ ਕੀਤਾ ਪਾਪ ਤਾਂ ਰੱਬ ਸ਼ਾਇਦ ਮਾਫ ਵੀ ਕਰ ਦੇਵੇ, ਪਰ ਇਸ ਛੋਟੀ ਬੱਚੀ ਨਾਲ ਕੀਤਾ ਗਿਆ ਬਜ਼ਰ ਪਾਪ ਉਸ ਨੇ ਮਾਫ ਕਦੇ ਨਹੀਂ ਕਰਨਾ। ਤੁਹਾਨੂੰ ਨਰਕ ਵਿੱਚ ਵੀ ਢੋਈ ਨਹੀਂ ਮਿਲਣੀ। ਚਲੋ ਮੈਂ ਚਲੀ ਜਾਂਦੀ ਆਂ ਪਿੰਡ ਛੱਡ ਕੇ, ਕਰੋ ਕੋਈ ਬਾਂਹ ਖੜੀ ਜਿਹੜਾ ਮੇਰੇ ਮਰਨ ਤੋਂ ਬਾਅਦ ਮੇਰੀ ਬੇਟੀ ਦੀ ਸਾਂਭ ਸੰਭਾਲ ਕਰੇਗਾ।” ਅਜੇ ਉਸ ਦੀ ਗੱਲ ਪੂਰੀ ਵੀ ਨਹੀਂ ਸੀ ਹੋਈ ਕਿ ਸਾਰੇ ਜਣੇ ਦਫਤਰ ਤੋਂ ਖਿਸਕ ਗਏ। ਦੁਬਾਰਾ ਕਈ ਹਫਤੇ ਤੱਕ ਮੈਨੂੰ ਉਸ ਸਰਪੰਚ ਦਾ ਮਨਹੂਸ ਚਿਹਰਾ ਵੇਖਣ ਨੂੰ ਨਾ ਮਿਲਿਆ।
ਬਲਰਾਜ ਸਿੰਘ ਸਿੱਧੂ ਕਮਾਂਡੈਂਟ
+91 9501100062