ਔਰਤ, ਸਨਮਾਨ ਅਤੇ ਸਮਾਜ

ਸ੍ਰਿਸ਼ਟੀ ਦਾ ਸੰਪੂਰਨ ਕਾਰਜ ਔਰਤ ਅਤੇ ਮਰਦ ਦੇ ਸੁਮੇਲ ਨਾਲ ਹੀ ਚੱਲਦਾ ਹੈ। ਪਰ ਅੱਜ ਇੱਕੀਵੀਂ ਸਦੀ ਦੌਰਾਨ ਵੀ ਭਾਰਤ ਵਿੱਚ ਔਰਤ ਦੀ ਸਮਾਜਿਕ ਸਥਿਤੀ ਕਣਕ ਦੀ ਫਸਲ ਦੁਆਲੇ ਵੱਟ ‘ਤੇ ਬੀਜੀ ਸਰੋਂ ਵਰਗੀ ਪ੍ਰਤੀਤ ਹੁੰਦੀ ਹੈ,ਜਿਸ ਦੇ ਤੇਲ ਦੀ ਵਰਤੋਂ ਤਾਂ ਹਰ ਘਰ ਵਿੱਚ ਹੁੰਦੀ ਹੈ ਪਰ ਬਹੁਤਿਆਂ ਨੂੰ ਉਸਦੀ ਸੁਗੰਧ ਪਸੰਦ ਨਹੀਂ ਆਉਂਦੀ। ਯੁੱਗਾਂ ਤੋਂ ਹੀ ਔਰਤ ਨੂੰ ਲਿਤਾੜਨਯੋਗ ਅਤੇ ਪੈਰ ਦੀ ਜੁੱਤੀ ਸਮਝਣ ਵਾਲੇ ਸਮਾਜ ਤੋਂ ਸਨਮਾਨ ਦੀ ਆਸ ਕਰਨੀ ਹੀ ਮੂਰਖਤਾ ਹੈ। ਬਹੁਤੀਆਂ ਔਰਤਾਂ ਘਰ ਦਾ ਬਜਟ ਸੰਭਾਲਣ, ਰੁਪਏ ਪੈਸੇ ਦਾ ਹਿਸਾਬ -ਕਿਤਾਬ ਰੱਖਣ,ਚੰਗੇ ਕੱਪੜੇ ਗਹਿਣੇ ਪਾਉਣ ਆਦਿ ਨੂੰ ਹੀ ਔਰਤ ਦੀ ਅਜਾਦੀ ਅਤੇ ਸਨਮਾਨ ਸਮਝਦੀਆਂ ਖੁਸ਼ ਹਨ ।ਇੱਕ ਮੱਧਵਰਗੀ ਪਰਿਵਾਰ ਦੀ ਔਰਤ ਸਵੇਰ ਦੇ ਅਲਾਰਮ ਨਾਲ ਉੱਠ ਕੇ ਘਰ ਦੀ ਸਾਫ ਸਫਾਈ ਦਾ ਕੰਮ ਕਰਦੀ ਹੈ, ਖਾਣਾ ਬਣਾਉਂਦੀ ਹੈ ,ਪਤੀ ਅਤੇ ਬੱਚਿਆਂ ਨੂੰ ਉਨ੍ਹਾਂ ਦੇ ਰੋਜ਼ਾਨਾ ਦੇ ਕੰਮਾਂ ਲਈ ਬਾਹਰ ਤੋਰਦੀ ਹੈ, ਸੱਸ-ਸਹੁਰੇ ਦੀ ਸੇਵਾ ਕਰਦੀ ਹੈ, ਕੱਪੜੇ ਧੋਂਦੀ ਹੈ, ਫਲੱਸ਼ਾਂ ਸਾਫ ਕਰਦੀ ਹੈ, ਖੁਦ ਨੌਕਰੀ ਲਈ ਜਾਂਦੀ ਹੈ, ਵਾਪਸ ਆ ਕੇ ਫਿਰ ਸਾਰੇ ਘਰੇਲੂ ਕੰਮ ਕਰਦੀ ਹੈ ਅਤੇ  ਸੰਪੂਰਨ ਰੂਪ ਵਿੱਚ ਅਜਾਦੀ ਮਾਣਦੀ ਹੈ। ਅਜਾਦ ਭਾਰਤ ਦੀ ਹੋਂਦ ਤੋਂ ਲੈ ਕੇ ਵੱਖ -ਵੱਖ ਫਿਰਕੂ ਫਸਾਦਾਂ ਦੌਰਾਨ ਆਪਣੀ ਪੱਤ ਤਾਰ -ਤਾਰ ਕਰਵਾਉਂਦੀ ਹੋਈ ਅੱਜ ਦੇ ਸਮੇਂ ਵਿੱਚ ਬਲਾਤਕਾਰਾਂ ਦਾ ਸੰਤਾਪ ਹੰਢਾਉਂਦੀ ਭਾਰਤੀ ਔਰਤ ਅਜਾਦ ਹੈ। ਦਫਤਰਾਂ, ਕਚਹਿਰੀਆਂ, ਕਾਰਖਾਨਿਆਂ ਵਿੱਚ ਮਰਦ ਸਮਾਜ ਦੀਆਂ ਐਕਸਰੇ ਮਸ਼ੀਨ ਵਰਗੀਆਂ ਅੱਖਾਂ ਤੋਂ ਖੁਦ ਨੂੰ ਬਚਾਉਣ ਵਿੱਚ ਲੱਗੀ ਔਰਤ ਅਜਾਦ ਹੈ। ਕੁਝ ਲਿਖਣ ਲਈ ਚੁੱਕੀ ਕਲਮ ਦੀਆਂ ਲਿਖਤਾਂ ਮਰਦਾਂ ਦੁਆਰਾ ਪਾਸ ਕੀਤੇ ਜਾਣ ਬਾਅਦ ਛਪਵਾਉਣ ਵਾਲੀ ਭਾਰਤੀ ਔਰਤ ਅਜਾਦ ਹੈ। 

ਅੱਜ ਔਰਤ ਵਕੀਲ, ਪਟਵਾਰੀ, ਜੱਜ,ਕਲਰਕ, ਪਾਇਲਟ,ਰਾਸ਼ਟਰਪਤੀ ਆਦਿ ਦੇ ਅਹੁਦਿਆਂ ਉੱਤੇ ਬਿਰਾਜਮਾਨ ਹੈ, ਪਰ ਅੱਜ ਵੀ ਔਰਤ ਨੂੰ ਉਸਦੀ ਹੋਂਦ ਦਾ ਅਹਿਸਾਸ ਘਰੇਲੂ ਕੰਮਾਂ ਵਿੱਚ ਹੀ ਕਰਵਾਇਆ ਜਾਂਦਾ ਹੈ। ਔਰਤ ਦਾ ਪਤੀ ਸਮਾਜ ਵਿੱਚ ਬਣਨ ਵਾਲੇ ਆਪਣੇ ਅਕਸ ਤੋਂ ਡਰਦਾ ਹੋਇਆ ਆਪਣੇ ਮਰਦਾਊਪੁਣੇ ਦੀ ਆੜ ਵਿੱਚ ਜ਼ਿਆਦਾਤਰ ਘਰ ਦੇ ਕੰਮਾਂ ਵਿਚ ਮੱਦਦ ਨਹੀਂ ਕਰਦਾ।ਸੋ ਸਹੀ ਅਰਥਾਂ ਵਿੱਚ ਅੱਜ ਵੀ ਅਜਾਦ ਭਾਰਤ ਦੀ ਔਰਤ ਸਿੱਧੇ- ਅਸਿੱਧੇ ਤੌਰ ਤੇ ਰਸੋਈ ਦੀ ਗੁਲਾਮ ਹੈ। ਅੱਜ ਵੀ ਜੇਕਰ ਔਰਤ ਦੀ ਔਲਾਦ ਸਲੱਗ ਨਿੱਕਲੇ ਤਾਂ ਉਸਦੇ ਪਿੱਛੇ ਸਾਰੇ ਪਰਿਵਾਰ ਦੀ ਪਰਵਰਿਸ਼ ਕੰਮ ਕਰਦੀ ਹੈ। ਪਰ ਜੇਕਰ ਉਹੀ ਔਲਾਦ ਗਲਤ ਜਾਂ ਸਮਾਜ ਵਿਰੋਧੀ ਕੰਮ ਕਰ ਦੇਵੇ ਤਾਂ ਉਸ ਲਈ ਅੱਜ ਵੀ ਉਸਦੀ ਮਾਂ ਦੇ ਦਿੱਤੇ ਗਏ ਸੰਸਕਾਰਾਂ ਨੂੰ ਪਰਖਿਆ ਜਾਂਦਾ ਹੈ। 

ਭਾਰਤੀ ਔਰਤ ਦੀ ਭਾਵੇਂ ਆਪਣੀ ਹਸਤੀ ਹੈ, ਪਰੰਤੂ ਉਸਦਾ ਕੁਝ ਵੀ ਆਪਣਾ ਨਹੀਂ ਹੈ।ਇੱਕ ਮੱਧਵਰਗੀ ਔਰਤ ਦਾ ਸਮਾਂ ਉਸਦੇ ਪਰਿਵਾਰ ਅਤੇ ਬੱਚਿਆਂ ਦਾ ਹੈ।ਉਸਦਾ ਖਾਣਾ ਵੀ ਉਸਦੇ ਪਰਿਵਾਰ ਅਤੇ ਬੱਚਿਆਂ ਦੀ ਪਸੰਦ ਦਾ ਹੈ, ਉਸਦੇ ਅੰਦਰ ਬਹੁਤ ਸਾਰੇ ਬਗਾਵਤੀ ਵਿਚਾਰ, ਬਗਾਵਤੀ ਸੁਰਾਂ ਹਨ ,ਜੋ ਫਰਜਾਂ ਦੇ ਬੋਝ ਥੱਲੇ ਬੜੇ ਚਿਰਾਂ ਤੋਂ ਦੱਬੀਆਂ ਹੋਈਆਂ ਹਨ। ਜਿਸ ਕਰਕੇ ਭਾਰਤੀ ਔਰਤ ਹਾਲੇ ਵੀ ਆਪਣੀ ਜਿੰਦਗੀ ਸਮਾਜ ਅਤੇ ਪਰਿਵਾਰ ਮੁਤਾਬਕ ਜਿਉਂਦੀ ਹੈ। ਭਾਰਤੀ ਸਮਾਜ ਵਿੱਚ ਔਰਤ ਦੀ ਅਜਿਹੀ ਸਥਿਤੀ ਲਈ ਬਹੁਤੀ ਜਿੰਮੇਵਾਰ ਔਰਤ ਹੀ ਹੈ। ਅਜੋਕੀ ਮੱਧਵਰਗੀ ਔਰਤ ਭਾਵੇਂ ਦਰਜਾ ਚਾਰ ਕਰਮਚਾਰੀ ਨਾਲ ਵਿਆਹ ਕਰਵਾਉਣ ਲਈ ਤਿਆਰ ਨਾ ਹੋਵੇ, ਪਰ ਘਰਾਂ ਵਿੱਚ ਦਰਜਾ ਚਾਰ ਕਰਮਚਾਰੀ ਦੇ ਸਾਰੇ ਕੰਮ ਕਰਦੀ ਆਪਣੇ ਆਪ ਨੂੰ ਸੰਪੂਰਨ ਗ੍ਰਹਿਣੀ ਦਾ ਮਾਣ ਪ੍ਰਾਪਤ ਕਰਨ ਵਿੱਚ ਮਸ਼ਰੂਫ ਹੈ। ਘਰ ਦਾ ਮਰਦ ਵੀ ਬਾਹਰ ਵੱਖ ਵੱਖ ਮੁਹਿੰਮਾਂ ਵਿਚ ਵਿਚਰਦਾ ਹੈ, ਕਿਧਰੇ ਮੋਢੀ ਬਣਦਾ ਹੈ, ਪਰ ਘਰ ਆ ਕੇ ਪਤਨੀ ਨੂੰ ਆਪਣੀ ਨਿੱਜੀ ਜਾਇਦਾਦ ਦਾ ਹਿੱਸਾ ਸਮਝਦਾ ਹੋਇਆ ਰੋਹਬ ਪਾ ਕੇ ਜਾਂ ਬੋਲ – ਕੁਬੋਲ ਬੋਲ ਕੇ ਉਸ ਪ੍ਰਤੀ ਆਪਣਾ ਸਤਿਕਾਰ ਜਾਹਰ ਕਰਦਾ ਹੈ ਅਤੇ ਅਜਿਹੇ ਸਤਿਕਾਰ ਦੇ ਪ੍ਰਮਾਣ ਪੱਤਰ ਤੁਹਾਨੂੰ ਭਾਰਤ ਦੇ ਹਰੇਕ ਥਾਣੇ ਦੀਆਂ ਫਾਈਲਾਂ ਵਿੱਚ ਅਸਾਨੀ ਨਾਲ ਮਿਲ ਜਾਣਗੇ। ਵਿਸ਼ਵ ਪੱਧਰ ਉੱਤੇ ਸ਼ਰਾਬੀਆਂ ਦੇ ਗੜ੍ਹ ਦਾ ਰਿਕਾਰਡ ਬਣਾਉਣ ਵਾਲੇ ਭਾਰਤੀ ਸਮਾਜ ਵਿੱਚ ਮਰਦ ਦਾ ਸ਼ਰਾਬ ਪੀ ਕੇ ਔਰਤ ਨੂੰ ਕੁੱਟਣਾ ਮਾਰਨਾ ਇੱਕ ਆਮ ਜਿਹੀ ਗੱਲ ਹੈ। ਪਰ ਇਸੇ ਭਾਰਤੀ ਸਮਾਜ ਵਿੱਚ ਜੇਕਰ ਔਰਤ ਦੇ ਸ਼ਰਾਬ ਸੇਵਨ ਦਾ ਪਤਾ ਲੱਗ ਜਾਵੇ ਤਾਂ ਸਾਰਾ ਸਮਾਜ ਉਸਨੂੰ ਕੁਲਟਾ, ਕਲਯੋਗਣ ਅਤੇ ਪਤਾ ਨੀਂ ਹੋਰ ਕੀ-ਕੀ ਰੁਤਬੇ ਦੇਣ ਲੱਗ ਜਾਂਦਾ ਹੈ। ਹਰ ਥਾਂ ਇਹੋ ਜਿਹੀਆਂ ਗੱਲਾਂ ਚਸਕੇ ਲੈ ਕੇ ਸੁਣਾਈਆਂ ਜਾਂਦੀਆਂ ਹਨ। 

ਜਿੱਥੋਂ ਤੱਕ ਮੇਰੀ ਸੋਚ ਦਾ ਦਾਇਰਾ ਹੈ ਤਾਂ ਆਪਣੀ ਇਸ ਸਮਾਜਿਕ ਸਥਿਤੀ ਲਈ ਔਰਤ ਖੁਦ ਹੀ ਜਿੰਮੇਵਾਰ ਹੈ। ਘਰ ਵਿੱਚ ਇੱਕ ਔਰਤ ਹੀ ਦੂਜੀ ਔਰਤ ਪ੍ਰਤੀ ਈਰਖਾ ਕਰਦੀ ਹੈ। ਜਿਵੇਂ ਸੱਸ-ਨੂੰਹ, ਨਨਾਣ-ਭਰਜਾਈ, ਦਰਾਣੀ-ਜੇਠਾਣੀ ਜਿਹੇ ਰਿਸ਼ਤੇ ਔਰਤ ਦੀ ਈਰਖਾ ਦੀ ਮਿਸਾਲ ਹਨ।ਇਹੀ ਈਰਖਾ ਮਰਦ ਦਾ ਦਖਲ ਔਰਤ ਦੀ ਜਿੰਦਗੀ ਵਿੱਚ ਵਧਾ ਦਿੰਦੀ ਹੈ। ਜਿਸ ਕਰਕੇ ਔਰਤ ਸੱਸ-ਨੂੰਹ ਆਦਿ ਦੇ ਰੂਪ ਵਿੱਚ ਆਪਣਾ ਵੱਖਰਾ ਘਰ ਪ੍ਰਾਪਤ ਕਰਨ ਨੂੰ ਹੀ ਆਪਣੀ ਜਿੱਤ ਸਮਝਦੀ ਹੈ। ਜੇਕਰ ਇੱਕ ਔਰਤ ਹੀ ਦੂਜੀ ਔਰਤ ਦਾ ਸਨਮਾਨ, ਭਾਵਨਾਵਾਂ ਦੀ ਕਦਰ ਕਰਨੀ ਸ਼ੁਰੂ ਕਰ ਦੇਵੇ ਤਾਂ ਉਹ ਖੁਦ ਇਸ ਸਮਾਜ ਵਿੱਚ ਆਪਣਾ ਸਤਿਕਾਰ ਪੈਦਾ ਕਰ ਸਕਦੀ ਹੈ।  ਅਕਸਰ ਇਹ ਕਿਹਾ ਜਾਂਦਾ ਹੈ ਕਿ ਇੱਕ ਕਾਮਯਾਬ ਮਰਦ ਦੇ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਹੈ ਅਤੇ ਜੇਕਰ ਔਰਤ ਦਾ ਇਹੀ ਹੱਥ ਦੂਜੀ ਔਰਤ ਦੀ ਕਾਮਯਾਬੀ ਪਿੱਛੇ ਆ ਜਾਵੇ ਤਾਂ ਸਮਾਜਿਕ ਸਤਿਕਾਰ ਖੁਦ ਹੀ ਔਰਤ ਦੇ ਪਿੱਛੇ ਆ ਜਾਵੇਗਾ। 

ਗੁਰੂਆਂ, ਪੀਰਾਂ ਅਤੇ ਬਹੁਤ ਸਾਰੇ ਲੇਖਕਾਂ ਨੇ ਔਰਤ ਦੇ ਹੱਕ ਵਿੱਚ ਅਵਾਜ ਬੁਲੰਦ ਕੀਤੀ ਹੈ। ਬਿਨਾਂ ਸ਼ੱਕ ਅੱਜ ਵੀ ਇਸ ਸਮਾਜ ਵਿੱਚ ਅਜਿਹੇ ਮਰਦ ਵੀ ਹਨ ਜੋ ਘਰ ਦੀਆਂ ਔਰਤਾਂ ਦਾ ਸਤਿਕਾਰ ਕਰਦੇ ਹਨ, ਘਰੇਲੂ ਕੰਮਾਂ ਵਿੱਚ ਉਨ੍ਹਾਂ ਦਾ ਹੱਥ ਵਟਾਉਂਦੇ ਹਨ,ਉਨ੍ਹਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹਨ ਭਾਰਤੀ ਸਮਾਜ ਉਨ੍ਹਾਂ ਨੂੰ ਜਨਾਨੇ ਕਹਿੰਦਾ ਹੈ। ਇਸੇ ਸਮਾਜ ਨੇ ਔਰਤਾਂ ਨੂੰ ਚੁਟਕਲਿਆਂ ਵਿੱਚ ਪਤੀ ਦਾ ਖੂਨ ਚੂਸਣ ਵਾਲੀ, ਖਰਚੀਲੀ ਤੇ ਘਰ ਦੇ ਕੰਮ ਕਰਵਾਉਣ ਵਾਲੀ ਸ਼ੈਤਾਨ ਦਰਸਾਇਆ ਗਿਆ ਹੈ। ਪਰ ਪੁਲਿਸ ਥਾਣਿਆਂ ਦੀਆਂ ਘਰੇਲੂ ਹਿੰਸਾ ਅਤੇ ਬਲਾਤਕਾਰਾਂ ਦੀਆਂ ਸ਼ਿਕਾਇਤਾਂ ਨਾਲ ਭਰੀਆਂ ਫਾਈਲਾਂ ਕੁਝ ਹੋਰ ਹੀ ਸੱਚਾਈ ਬਿਆਨ ਕਰਦੀਆਂ ਹਨ। ਕਮਾਲ ਦੀ ਗੱਲ ਜਿੰਨਾ ਬੱਚੀਆਂ ਦੇ ਬਲਾਤਕਾਰੀਆਂ ਦਾ ਆਪਣੀ ਖੁਦ ਦੀ ਹਵਸ ਉੱਤੇ ਕਾਬੂ ਨਹੀਂ ਉਹ ਔਰਤ ਨੂੰ ਆਪਣੇ ਕੰਟਰੋਲ ਅਧੀਨ ਕਰ ਕੇ ਸਮਾਜ ਸਿਰਜਕ ਬਣਨ ਦਾ ਠੇਕਾ ਲਈ ਬੈਠੇ ਹਨ। ਅੱਜ ਜਰੂਰਤ ਹੈ ਔਰਤ ਨੂੰ ਔਰਤ ਪ੍ਰਤੀ ਈਰਖਾ ਤਿਆਗ ਕੇ ਔਰਤ ਦਾ ਸਾਥ ਦੇਣ ਦੀ,ਔਰਤ ਦੇ ਵਿਚਾਰਾਂ ਨੂੰ ਅਜਾਦੀ ਦੇਣ ਦੀ , ਘਰੇਲੂ ਕੰਮਾਂ ਅਤੇ ਘਰੇਲੂ ਕਲੇਸ਼ਾਂ ਤੋਂ ਉੱਪਰ ਉੱਠ ਕੇ ਆਪਣੀ ਸੋਚ ਨੂੰ ਵਿਕਸਤ ਕਰਨ ਦੀ।  ਜਿਵੇਂ ਸਿੱਪੀ ਵਿੱਚੋਂ ਨਿਕਲਣ ਤੋਂ ਬਾਅਦ ਹੀ ਮੋਤੀ ਦੀ ਕੀਮਤ ਬਣਦੀ ਹੈ ਉਵੇਂ ਹੀ ਔਰਤ ਦਾ ਸਨਮਾਨ ਕਰਨ ਵਾਲਾ ਸਮਾਜ ਹੀ ਸੱਭਿਅਕ ਸਮਾਜ ਬਣਦਾ ਹੈ। ਔਰਤ ਨੂੰ ਚੀਜ, ਪੁਰਜੇ,ਟੋਟਾ, ਪੀਸ ਆਦਿ ਕਹਿਣ ਵਾਲੇ ਮਰਦਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਨ੍ਹਾਂ ਦੀ ਸਮਾਜ ਵਿੱਚ ਹੋਂਦ ਔਰਤ ਕਰਕੇ ਹੀ ਹੈ। ਮਰਦ ਬਿਨਾਂ ਵੀ ਇਸ ਸਮਾਜ ਦਾ ਨਿਰਮਾਣ ਸੰਭਵ ਨਹੀਂ। ਸੋ ਜੇਕਰ ਦੋਵੇਂ ਧਿਰਾਂ ਬਰਾਬਰ ਸਮਾਜਿਕ ਸਤਿਕਾਰ ਦਾ ਅਦਾਨ ਪ੍ਰਦਾਨ ਕਰਨ ਤਾਂ ਭਾਰਤੀ ਸਮਾਜ ਸਚਮੁੱਚ ਸੱਭਿਅਕ ਸਮਾਜ ਬਣ ਜਾਵੇਗਾ। ਔਰਤ ਲਈ ਅਜਾਦ ਫਿਜ਼ਾ ਸਚਮੁੱਚ ਹੀ ਸੁਹਿਰਦ ਸਮਾਜ ਦਾ ਨਿਰਮਾਣ ਕਰੇਗੀ। 

ਧੰਨਵਾਦ – (ਜਸਵਿੰਦਰ ਕੌਰ ਦੱਧਾਹੂਰ)

+91 9814494984 kaurjaswinder7711@gmail.com

Install Punjabi Akhbar App

Install
×