ਬਠਿੰਡਾ ਵਿਖੇ ਔਰਤ ਕਰਜ਼ਾ ਮੁਕਤੀ ਕਾਨਫਰੰਸ ਕਰਨ ਦਾ ਫੈਸਲਾ

ਬਠਿੰਡਾ/ 27 ਜੂਨ/ — ਔਰਤਾਂ ਸਿਰ ਬੈਕਾਂ ਦੇ ਕਰਜਿਆਂ ਦੇ ਮਾਮਲਿਆਂ ਸਬੰਧੀ ਇੱਥੇ ਦਿਹਾਤੀ ਮਜਦੂਰ ਸਭਾ ਦੇ ਆਗੂ ਸ੍ਰੀ ਮਿੱਠੂ ਸਿੰਘ ਘੁੱਦਾ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਕੀਤੀ ਗਈ, ਜਿਸ ਵਿੱਚ ਦਿਹਾਤੀ ਮਜਦੂਰ ਸਭਾ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਕਿਰਤੀ ਕਿਸਾਨ ਯੂਨੀਅਨ, ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਤੇ ਜਮਹੂਰੀ ਕਿਸਾਨ ਸਭਾ ਦੇ ਆਗੂਆਂ ਨੇ ਭਾਗ ਲਿਆ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਘੁੱਦਾ ਨੇ ਕਿਹਾ ਕਿ ਔਰਤਾਂ ਨੂੰ ਪ੍ਰਾਈਵੇਟ ਬੈਂਕ ਕੰਪਨੀਆਂ ਕਰਜ਼ੇ ਦੀਆਂ ਕਿਸਤਾਂ ਦੇ ਮਾਮਲਿਆਂ ਵਿੱਚ ਧਮਕਾ ਰਹੀਆਂ ਹਨ ਤੇ ਕਿਸਤਾਂ ਭਰਨ ਲਈ ਦਬਾਅ ਪਾ ਰਹੀਆਂ ਹਨ। ਜਦ ਕਿ ਮੌਜੂਦਾ ਮਹਾਂਮਾਰੀ ਦੇ ਦੌਰ ਵਿੱਚ ਗਰੀਬ ਪਰਿਵਾਰਾਂ ਨੂੰ ਆਪਣੇ ਬੱਚਿਆਂ ਦੇ ਪੇਟ ਭਰਨ ਦਾ ਡਰ ਸਤਾ ਰਿਹਾ ਹੈ। ਇਸ ਦਬਾਅ ਕਾਰਲ ਗਰੀਬ ਔਰਤਾਂ ਮਾਨਸਿਕ ਰੋਗਾਂ ਦਾ ਸ਼ਿਕਾਰ ਹੋ ਰਹੀਆਂ ਹਨ। ਇਹਨਾਂ ਮਾਮਲਿਆਂ ਸਬੰਧੀ ਧਰਨਿਆਂ ਮੁਜਾਹਰਿਆਂ ਅਤੇ ਸਰਕਾਰ ਤੱਕ ਮੈਮੋਰੰਡਮ ਭੇਜਣ ਦੇ ਬਾਵਜੂਦ ਕੋਈ ਰਾਹਤ ਨਹੀਂ ਦਿੱਤੀ ਜਾ ਰਹੀ। ਉਹਨਾਂ ਦੱਸਿਆ ਕਿ ਸਾਮਲ ਜਥੇਬੰਦੀਆਂ ਦੇ ਸਹਿਯੋਗ ਨਾਲ ਔਰਤਾਂ ਦੇ ਕਰਜ਼ੇ ਮੁਆਫੀ ਨੂੰ ਲੈ ਕੇ 17 ਜੁਲਾਈ ਨੂੰ ਬਠਿੰਡਾ ਵਿਖੇ ਔਰਤ ਕਰਜ਼ਾ ਮੁਕਤੀ ਕਾਨਫਰੰਸ ਕੀਤੀ ਜਾਵੇਗੀ। ਇਸ ਦੀ ਤਿਆਰੀ ਲਈ ਪੋਸਟਰ ਕੱਢੇ ਜਾਣਗੇ, ਪਿੰਡਾਂ ਤੇ ਸ਼ਹਿਰਾਂ ਵਿੱਚ ਔਰਤਾਂ ਦੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ ਰੈਲੀਆਂ ਤੇ ਝੰਡਾ ਮਾਰਚ ਕੀਤੇ ਜਾਣਗੇ।
ਮੀਟਿੰਗ ਨੇ ਬਠਿੰਡਾ ਥਰਮਲ ਪਲਾਂਟ ਨੂੰ ਵੇਚਣ ਵਿਰੁੱਧ ਮਤਾ ਪਾਸ ਕੀਤਾ ਗਿਆ ਤੇ ਆਉਣ ਵਾਲੇ ਦਿਨਾਂ ਵਿੱਚ ਥਰਮਲ ਨੂੰ ਬਚਾਉਣ ਲਈ ਸੰਘਰਸ ਕਰਨ ਦਾ ਫੈਸਲਾ ਕੀਤਾ ਗਿਆ। ਇੱਕ ਹੋਰ ਮਤੇ ਰਾਹਂ ਮੋਗਾ ਮੱਛੀ ਮਾਰਕੀਟ ਨੂੰ ਬਚਾਉਣ ਲਈ ਸੰਘਰਸ ਕਰ ਰਹੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਅਤੇ ਹੋਰ ਜਥੇਬੰਦੀਆਂ ਦੇ ਵਰਕਰਾਂ ਦੀ ਗਿਰਫਤਾਰੀ ਦੀ ਸਖ਼ਤ ਨਿੰਦਾ ਕੀਤੀ ਗਈ। ਮੀਟਿੰਗ ਵਿੱਚ ਜਮਹੂਰੀ ਕਿਸਾਨ ਸਭਾ ਦੇ ਦਰਸਨ ਸਿੰਘ ਫੁੱਲੋ ਮਿੱਠੀ, ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਦੇ ਆਗੂ ਸੁਖਪਾਲ ਸਿੰਘ ਖਿਆਲੀਵਾਲਾ, ਦਿਹਾਤੀ ਮਜਦੂਰ ਸਭਾ ਦੇ ਆਗੂ ਪ੍ਰਕਾਸ ਸਿੰਘ ਨੰਦਗੜ੍ਹ, ਭਾਰਤੀ ਕਿਸਾਨ ਯੂਨੀਅਨ ਦੇ ਆਗੂ ਅਮਰੀਕ ਸਿੰਘ ਮਹਿਰਾਜ ਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਬੰਤ ਸਿੰਘ ਖਾਲਸਾ ਆਦਿ ਹਾਜਰ ਸਨ।