ਔਰਤ ‘ਅਬਲਾ’ ਜੰਮਦੀ ਨਹੀ ਬਣਾਈ ਜਾਂਦੀ ਹੈ…..

ਔਰਤ? ਕੀ ਪਰਿਭਾਸ਼ਾ ਹੋ ਸਕਦੀ ਹੈ ਇਸ ਸ਼ਬਦ ਦੀ? ਇਕ ਮਨੁੱਖੀ ਜੀਵ, ਜਿਸਨੂੰ ਔਰਤ ਸ਼ਬਦ ਨਾਲ ਚਿਤ੍ਰਿਤ ਕੀਤਾ ਗਿਆ ਹੈ। ਔਰਤ? ਔਰਤ ਇਕ ਗਰਭ ਹੈ, ਮਹਿਜ਼ ਬੱਚੇ ਪੈਦਾ ਕਰਨ ਵਾਲੀ ਮਸ਼ੀਨ ਹੈ ਅਤੇ ਇਕ ਔਰਤ ਹੈ ਇਹ ਸ਼ਬਦ ਬਹੁਤ ਹਨ, ਉਸਨੂੰ ਪਰਿਭਾਸ਼ਿਤ ਕਰਨ ਲਈ। ਸਿਮੋਨ ਦੀ ਬੁਵਆਰ ਦਾ ਇਹ ਕਥਨ ਸਾਡਾ ਧਿਆਨ ਬਾਰ ਬਾਰ ਆਪਣੇ ਵੱਲ ਖਿਚਦਾ ਹੈ
ਸਮਾਜ ਦਾ ਅੱਧਾ ਹਿੱਸਾ ਬਾਕੀ ਜੀਵਾਂ ਵਾਂਗ ਕਿਉਂ ਨਹੀਂ ਜੀਅ ਸਕਦਾ? ਆਪਣੀ ਮਰਜ਼ੀ ਨਾਲ, ਆਪਣੇ ਲਈ, ਬਿਨਾਂ ਡਰ, ਬਿਨਾਂ ਖੋਫ਼ ਦੇ। ਆਖ਼ਿਰ ਕਿਉਂ ਅੱਧਾ ਹਿੱਸਾ (ਮਰਦ) ‘ਸ੍ਰੇਸ਼ਠ’ ਅਤੇ ਅੱਧਾ ‘ ਗੌਣ ਹੈ? ਮਾਤਰ ਪ੍ਰਧਾਨ ਤੋਂ ਪਿਤਾ ਪ੍ਰਧਾਨ ਸਮਾਜ ਵਿਚ ਹੋਏ ਖ਼ਤਰਨਾਕ ਬਦਲਾਅ ਨੇ ਔਰਤ ਨੂੰ ਦੁਜੈਲੇ ਸਥਾਨ ਤੇ ਕੇਵਲ ਧੱਕਿਆ ਹੀ ਨਹੀ ਸਗੋਂ ਹੌਲੀ-ਹੌਲੀ ‘ਹੌਣ’ ਤੋਂ ‘ਗੌਣ’, ‘ਮਾਨਵੀ ਜੀਵ’ ਤੋਂ ‘ਉਪਭੋਗ ਦੀ ਵਸਤੂ’ ਬਣਾਉਣ ਲਈ ਧੱਕਦਾ ਹੀ ਚਲਾ ਗਿਆ। ਵੇਦਾਂ, ਉਪਨਿਸ਼ਦਾਂ, ਧਰਮ ਸੂਤਰਾਂ, ਮਿਥਿਹਾਸ (ਤੁਲਸੀ ਦਾਸ – ਢੋਰ ਗਵਾਰ ਸ਼ੂਦਰ ਪਸ਼ੂ ਨਾਰੀ, ਯੇ ਸਬ ਤਾੜਨ ਕੇ ਅਧਿਕਾਰੀ ), ਨਾਥਾਂ ਜੋਗੀਆਂ, ਭਗਤਾਂ, ਕਿੱਸਾਕਾਰਾਂ ਨੇ ਕਮਅਕਲ, ਪਾਪਣ, ਬਾਘਣ, ਖੁਰੀਂ ਮੱਤ ਵਾਲੀ, ਪੈਰ ਦੀ ਜੁੱਤੀ ਵਰਗੇ ਨਾਵਾਂ ਨਾਲ ਪੁਕਾਰਿਆ। ਪਰ ਏਹੋ ਜੇਹੇ ਇਸਤਰੀ ਵਿਰੋਧੀ ਮਾਹੌਲ ਅੰਦਰ ਗੁਰੂ ਨਾਨਕ ਦਾ ਸਭ ਨੂੰ ਵੰਗਾਰਨਾ ਕਿਸੇ ਕ੍ਰਾਂਤੀ ਤੋਂ ਘੱਟ ਨਹੀ ਸੀ ਜਦੋ ਉਨ੍ਹਾਂ ਨੇ ਕਿਹਾ,
”ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥
ਸੋ ਕਿਉ ਮੰਦਾ ਆਖਿਐ ਜਿਤੁ ਜੰਮਹਿ ਰਾਜਾਨ॥”
ਕੀ ਕਦੇ ਕਿਸੇ ਨੇ ਸੋਚਿਆ ਸੀ ਕਿ ਇਸ ਔਰਤ ਦਾ ਵੀ ਕੋਈ ਖ਼ਾਸ ਦਿਨ ਦੁਨੀਆ ਭਰ ਵਿਚ ਮਨਾਇਆ ਜਾ ਸਕਦਾ ਹੈ? ਸ਼ਾਇਦ ਨਹੀ। ਪਰ ਜਦੋਂ ਕਲੇਰਾ ਜੇਟਕਿਨ, ਰੋਜ਼ਾ ਲਕਸਮਬਰਗ, ਕੇਟ ਡੰਕਰ, ਪਾਉਲਾ ਥੀਡ ਵਰਗੀਆਂ ਔਰਤਾਂ ਨੇ ਵੋਟ ਦਾ ਅਧਿਕਾਰ ਤੇ ਬਰਾਬਰੀ ਦੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ ਤਾਂ ਵੱਡੀ ਪੱਧਰ ਤੇ ਭਰਵਾਂ ਹੁੰਗਾਰਾ ਮਿਲਿਆ। ਪਰ ਔਰਤਾਂ ਦੀ ਸੰਘਰਸ਼ਾਂ ਵਿਚ ਆਮਦ ਤੋਂ ਸੱਤਾਵਾਦੀ ਧਿਰਾਂ ਅਤੇ ਮਰਦਾਵੀ ਸੋਚ ਅੰਦਰ ਵੀ ਹਲਚਲ ਹੋਣ ਲੱਗੀ। ਦਾਬੇ ਦੇ ਬਾਵਜੂਦ ਆਪਣੀ ਅਵਾਜ਼ ਬੁਲੰਦ ਕਰਨਾ ਪਿਤ੍ਰਝਕੀ ਸਮਾਜ ਲਈ ਹਮੇਸ਼ਾ ਹੀ ਹਲੂਣ ਕੇ ਰਖਣ ਵਾਲੀਆਂ ਘਟਨਾਵਾਂ ਵਿਚ ਸ਼ੁਮਾਰ ਰਿਹਾ ਹੈ। ਆਖਿਰ 1996 ਵਿਚ ਸੰਯੁਕਤ ਰਾਸ਼ਟਰ ਸੰਘ ਵਲੋਂ 8 ਮਾਰਚ ਨੂੰ ਅੰਤਰ-ਰਾਸ਼ਟਰੀ ਮਹਿਲਾ ਦਿਵਸ ਵਜੋਂ ਮਾਨਤਾ ਮਿਲੀ ਜਿਸਦਾ ਥੀਮ ਸੀ ‘ਅਤੀਤ ਦਾ ਜਸ਼ਨ ਅਤੇ ਭਵਿਖ ਲਈ ਯੋਜਨਾ’। ਪਰ ਇੱਕੀਵੀ ਸਦੀ ਦੇ 20ਵੇਂ ਅਤੇ 21ਵੇਂ ਵਰ੍ਹੇ ਵਿਚ ਜਿਥੇ ਥੀਮ ਸੀ ਤੇ ਹੈ’ I AM GENERATION EQUALITY: REALIZING WOMEN’S RIGHTS ‘ ਅਤੇ ‘WOMEN IN LEADERSHIP: ACHIEVING AN EQUAL FUTURE IN A COVID-19 WORLD’ ਉਥੇ ਹੀ ਇਸ ਸਮੇਂ ਭਾਰਤ ਅੰਦਰ ਚਲ ਰਹੇ ਸੰਘਰਸ਼ ਦੋਰਾਨ ਜਿਥੇ ਔਰਤਾਂ ਦੀ ਜਿੰਦਗੀ ਵਿਚ ਇਕ ਬਹੁਤ ਵੱਡਾ ਬਦਲਾਅ ਵੇਖਣ ਨੂੰ ਮਿਲ ਰਿਹਾ ਹੈ ਉਥੇ ਹੀ ਸਿਆਸੀ ਗਲਿਆਰਿਆਂ ਵਿਚ ਵੀ ਘੁਟਨ ਵੱਧਦੀ ਜਾ ਰਹੀ ਹੈ। ਨਲਿਨ ਰੰਜਨ ਸਿੰਘ ਦੀਆਂ ਇਹ ਸਤਰਾਂ ਅਜੋਕੀ ਸਥਿਤੀ ਦੀ ਬਾਖੂਬੀ ਝਲਕ ਪੇਸ਼ ਕਰਦੀਆਂ ਹਨ।
ਲੜਕੀਆਂ ਘਰ ਸੇ ਬਾਹਰ ਨਿਕਲ ਰਹੀਂ ਹੈਂ
ਯੇਹ ਹਮਾਰੇ ਸਮੇਂ ਕੀ ਸਬ ਸੇ ਮਹਤਵਪੂਰਣ ਖ਼ਬਰ ਹੈ
ਲੜਕੀਆਂ ਬੋਲਨੇ ਲਗੀ ਹੈਂ
ਯੇਹ ਹਮਾਰੇ ਸਮੇਂ ਕੀ ਸਬਸੇ ਸੁਹਾਨੀ ਖਬਰ ਹੈ
ਲੜਕੀਆਂ ਧਰਨੇ ਪਰ ਬੈਠ ਗਯੀਂ ਹੈਂ
ਯੇਹ ਹਮਾਰੇ ਸਮੇਂ ਕੀ
ਸਬਸੇ ਚੋੰਕਾਨੇ ਵਾਲੀ ਖਬਰ ਹੈ
ਲੜਕੀਆਂ ਆਪਣੇ ਹਕ ਕੇ ਲੀਏ ਲੜਨੇ ਲਗੀ ਹੈਂ
ਯੇਹ ਹਮਾਰੇ ਸਮੇਂ ਕੀ ਸਬਸੇ ਭਿਆਨਕ ਖਬਰ ਹੈ
ਆਖ਼ਿਰ ਕਿਉਂ ਏਨਾ ਡਰ ਲਗਦਾ ਹੈ ਔਰਤਾਂ ਦੀ ਸ਼ਮੂਲੀਅਤ ਤੋਂ ਹਾਕਮ ਧਿਰਾਂ ਨੂੰ? 2019 ਵਿਚ ਕਰਾਚੀ ਯੁਨੀਵਰਸਿਟੀ ਦੀਆਂ ਦੋ ਵਿਦਿਆਰਥਣਾਂ ਰਾਸ਼ਿਦਾ ਸ਼ੱਬੀਰ ਹੁਸੈਨ ਅਤੇ ਰੁਮੀਸਾ ਲਖ਼ਾਨੀ ਵਲੋਂ ਔਰਤ ਦੇ ਬੈਠਣ ਸਬੰਧੀ ਬਣਾਏ ਇਕ ਪੋਸਟਰ ਨੇ ਰੂੜ੍ਹੀਵਾਦੀ ਸੋਚ ਨੂੰ ਝੰਜੋੜਨ ਵਿਚ ਅਹਿਮ ਭੂਮਿਕਾ ਨਿਭਾਈ ਸੀ। ਅੱਜ ਜਦੋਂ ਪੂਰਾ ਵਿਸ਼ਵ NEW WORLD ODRDER ਦੇ ਸ਼ਿਕੰਜੇ ਵਿਚ ਫਸਦਾ ਜਾ ਰਿਹਾ ਹੈ ਤਾਂ ਉਸ ਵੇਲੇ ਬੇਬੇ ਨਾਨਕੀ, ਮਾਤਾ ਖੀਵੀ, ਮਾਤਾ ਗੰਗਾ, ਮਾਤਾ ਨਾਨਕੀ, ਮਾਤਾ ਗੁਜਰ ਕੌਰ, ਮਾਤਾ ਸੁੰਦਰੀ, ਮਾਈ ਭਾਗੋ ਦੀਆਂ ਵਾਰਿਸਾਂ ਨਾਨਕ, ਤੇਗ ਬਹਾਦਰ ਤੇ ਗੋਬਿੰਦ ਦੇ ਵਾਰਿਸਾਂ ਦੇ ਨਾਲ ਘਰ ਦੀ ਚਾਰ ਦੀਵਾਰੀ ਤੋਂ ਬਾਹਰ ਨਿਕਲ ਜਿੱਤ ਦਾ ਹੋਕਾ ਦਿੰਦੀਆਂ ਸਵੈ ਨਿਰਭਰ ਹੋਣ ਵਲ ਕਦਮ ਵਧਾ ਚੁਕੀਆਂ ਹਨ। ਹੈਰਾਨੀ ਦੀ ਗਲ ਇਹ ਹੈ ਕਿ ਦੇਸ਼ ਦੀ ਅਜਾਦੀ ਤੋਂ ਲੈ ਕੇ ਬੇਟੀ ਬਚਾਓ ਬੇਟੀ ਪੜਾਓ ਦਾ ਹੋਕਾ ਦੇਣ ਵਾਲੀਆਂ ਸਰਕਾਰਾਂ ਦੇ ਰਾਜ ਵਿਚ ਵੀ ਜਿਥੇ ਔਰਤ ਨੇ ਕਦੇ ਆਪਣੇ ਆਪ ਨੂੰ ਸੁਰਖਿਅਤ ਮਹਿਸੂਸ ਨਹੀ ਕੀਤਾ ਹੁਣ ਓਹੀ ਜੋਸ਼, ਹੋਸ਼, ਜਜ਼ਬੇ, ਲਿਆਕਤ ਨਾਲ ਭਰੀਆਂ ਦਾਦੀਆਂ, ਮਾਵਾਂ, ਧੀਆਂ ਆਪਣੇ ਪਿਓੁਆਂ, ਪਤੀਆਂ, ਪੁੱਤਾਂ ਨਾਲ ਹਿੱਕਾਂ ਡਾਹ ਕੇ ਦਿੱਲੀ ਦੀਆਂ ਬਰੂਹਾਂ ਤੇ ਆਪਣੇ ਸਵੈਮਾਨ, ਆਪਣੀਆਂ ਅਗਲੀਆਂ ਨਸਲਾਂ ਦੇ ਸੁਰਖਿਅਤ ਭਵਿਖ ਅਤੇ ਚੰਗੇ ਸਮਾਜ ਲਈ ਸੰਘਰਸ਼ ਲੜ ਰਹੀਆਂ ਹਨ ਤੇ ਇਹਨਾ ਦਾ ਸਾਥ ਦੇ ਰਹੀਆਂ ਹਨ ਦੇਸ਼ ਵਿਦੇਸ਼ ਤੋਂ ਗ੍ਰੇਟਾ ਥਨਬਰਗ਼, ਅਮੇੰਡਾ ਸਰਨੀ, ਮੀਨਾ ਹੇਰਿਸ ਵਰਗੀਆਂ ਧੀਆਂ। ਜਿਹਨਾਂ ਦੇ ਬੋਲਾਂ ਤੇ ਸਾਰੀ ਮਰਦਾਵੀ ਸੋਚ ਨਾਲ ਲਬਰੇਜ਼ ਹਾਕਮ ਧਿਰਾਂ ਦੀ ਰਾਤਾਂ ਦੀ ਨੀਂਦ ਹਰਾਮ ਹੁੰਦੀ ਹੈ। 8 ਮਾਰਚ 2021 ਰਾਜਧਾਨੀ ਦੀਆਂ ਬਰੂਹਾਂ ਤੇ ਦੇਸ਼ ਦੀਆਂ ਔਰਤਾਂ ਦੇ ਇਕੱਠ ਇਤਿਹਾਸਿਕ ਹੋ ਨਿਬੜਿਆ। ਚਾਰੇ ਪਾਸੀ ‘ਔਰਤ ਮੁਕਤੀ ਦਿਵਸ’ ਦੇ ਝੰਡੇ ਲਹਿਰਾ ਰਹੇ ਸਨ. ਮੰਚ ਸੰਚਾਲਨ ਤੋਂ ਲੈ ਕੇ ਵਲੰਟੀਅਰਾਂ ਤੱਕ ਔਰਤਾਂ ਦੇ ਹੀ ਬੋਲਬਾਲਾ ਸੀ. ਲਖਵੀਰ ਕੌਰ ਦਾ ਕਹਿਣਾ ਸੀ ਔਰਤ ਦਿਵਸ ਅਸਲ ਵਿਚ ਉਸ ਦਿਨ ਮਨਾਇਆ ਜਾਵੇਗਾ ਜਦੋਂ ਏਸਿਡ ਅਟੈਕ ਬੰਦ ਹੋਣਗੇ, ਜਦੋਂ ਰੇਪ ਬੰਦ ਹੋਣਗੇ, ਔਰਤਾਂ ਨੂੰ ਉਹਨਾਂ ਦੀ ਕਿਸਮਤ ਉਪਰ ਨਹੀਂ ਛੱਡਿਆ ਜਾਵੇਗਾ ਸਗੋਂ ਬਰਾਬਰ ਦੇ ਹੱਕ ਦਿਤੇ ਜਾਣਗੇ ਅਤੇ ਜਾਗਰੂਕਤਾ ਆਪਣੇ ਘਰਾਂ ਤੋਂ ਸ਼ੁਰੂ ਕਰਨੀ ਪਵੇਗੀ।
ਨੇਪੋਲੀਅਨ ਨੇ ਕਿਹਾ ਸੀ, ”GIVE ME GOOD MOTHERS AND I SHALL GIVE YOU BETTER NATION.” ਦੁਨੀਆ ਵਿਚ ਔਰਤਾਂ ਦੀ ਦੂਸਰੀ ਪਾਰੀ ਨੂੰ ਵੇਖਦੇ ਹੋਏ ਤੰਦਰੁਸਤ ਸਮਾਜ ਦੀ ਆਸ ਬੱਝ ਰਹੀ ਹੈ।
ਹੁਣ ਔਰਤ ਨੂੰ ‘ਅਬਲਾ’ ਕਿਵੇਂ ਬਣਾਇਆ ਜਾਂਦਾ ਹੈ… ਇਸ ਦਾ ਉਤਰ ਤਾਂ ਇਹੀ ਹੈ ਕਿ ਮਰਦ ਪ੍ਰਧਾਨ ਸਮਾਜ ਅੰਦਰ ਪਹਿਲਾਂ ਦੀ ਤਰ੍ਹਾਂ ਹੀ ਔਰਤ ਨੂੰ ਚਾਰ ਦਿਵਾਰੀ ਅੰਦਰ, ਅਤੇ ਚਾਰ ਦਿਵਾਰੀ ਨਹੀਂ ਤਾਂ ਫੇਰ ਪਰਦੇ ਅੰਦਰ ਹੀ ਰੱਖ ਲਿਆ ਜਾਵੇ ਅਤੇ ਔਰਤ ਨੂੰ ਬਰਾਬਰ ਦਾ ਦਰਜ ਨਾ ਦੇ ਕੇ ਗ਼ੈਰ ਮਨੁੱਖਤਾ ਵਾਲੇ ਬੰਧਨਾਂ ਵਿੰਚ ਬੰਨ੍ਹ ਦਿੱਤਾ ਜਾਵੇ ਤਾਂ ਕੋਈ ਸ਼ੱਕ ਨਹੀਂ ਕਿ ਔਰਤ ਫੇਰ ਤੋਂ ‘ਅਬਲਾ’ ਬਣ ਜਾਵੇਗੀ ਅਤੇ ਸਦਾ ਇੱਦਾਂ ਹੀ ਬਣ ਕੇ ਆਪਣੀ ਜ਼ਿੰਦਗੀ ਕੱਟਦੀ ਰਹੇਗੀ।
ਪਰੰਤੂ ਹੁਣ ਔਰਤ ‘ਅਬਲਾ’ ਨਹੀਂ ਹੈ… ਅਤੇ ਜਾਣਦੀ ਹੈ ਕਿ ਇਸ ਮਰਦ ਪ੍ਰਧਾਨ ਸਮਾਜ ਕੋਲੋਂ ਆਪਣੇ ਹੱਕ-ਹਕੂਕ ਕਿਵੇਂ ਲੈਣੇ ਹਨ ਤਾਂ ਹੀ ਤਾਂ ਅੱਜ ਪੰਜਾਬ ਦੇ ਪਿੰਡਾਂ ਤੋਂ ਸ਼ੁਰੂ ਹੋ ਕੇ ਔਰਤ ਸਿੰਘੂ ਅਤੇ ਟਿਕਰੀ ਬਾਰਡਰ ਤੇ ਜਾ ਬੈਠੀ ਹੈ ਅਤੇ ਸਾਰੇ ਦੇਸ਼ ਦੀਆਂ ਔਰਤਾਂ ਨੂੰ ਵੀ ਆਵਾਜ਼ਾਂ ਮਾਰ ਮਾਰ ਕੇ ਆਪਣੇ ਨਾਲ ਰਲਣ ਲਈ ਘਰਾਂ ਤੋਂ ਬਾਹਰ ਕੱਢ ਰਹੀ ਹੈ ਅਤੇ ਭਾਰਤ ਦੇਸ਼ ਦੀਆਂ ਔਰਤਾਂ ਸਮੇਂ ਦੀ ਮੰਗ ਨੂੰ ਦੇਖਦਿਆਂ ਹੋਇਆਂ, ਆਪਣੇ ਘਰਾਂ ਵਿੱਚੋਂ ਬਾਹਰ ਆ ਵੀ ਰਹੀਆਂ ਹਨ ਅਤੇ ਬੇਸ਼ੱਕ ਆਪਣੇ ਰਾਜਾਂ ਅੰਦਰ ਹੀ, ਪਰੰਤੂ ਆਪਣੇ ਹੱਕਾਂ ਪ੍ਰਤੀ ਉਜਾਗਰ ਹੋ ਰਹੀਆਂ ਹਨ….। ਇਸਲਈ….
ਆਓ ਸੋਚ ਬਦਲੀਏ ਤੇ ਇਕ ਵਾਰ ਫਿਰ ਤੋਂ ਔਰਤ / ਸ਼ਕਤੀ ਦੁਆਰਾ ਸਮਾਜ ਦੇ ਨਵ-ਨਿਰਮਾਣ ਵਿਚ ਕਦਮਾਂ ਨਾਲ ਕਦਮ ਮਿਲਾ ਕੇ ਚੱਲਣ ਦਾ ਪ੍ਰਣ ਕਰੀਏ।

Install Punjabi Akhbar App

Install
×