ਘੱਗਰੇ, ਲਹਿੰਗੇ ਤੇ ਸੂਟ-ਲੇਡੀਜ਼ ਨਾਈਟ ‘ਤੇ ਸਭ ਦਾ ਮੂਡ 

‘ਵੋਮੈਨ ਕੇਅਰ ਟ੍ਰਸਟ’ ਵੱਲੋਂ ਮਹਿਲਾਵਾਂ ਸੰਗ ਮਨਾਈ ਗਈ ਸਭਿਆਚਾਰਕ ਸ਼ਾਮ ਮੌਕੇ ਧਮਾਲਾਂ ਤੇ ਹਾਸੇ-ਠੱਠੇ
– ਪੰਜਾਬਣਾਂ ਦੀ ਕਹਾਣੀ-ਉਨ੍ਹਾਂ ਦੀ ਜ਼ੁਬਾਨੀ ਪ੍ਰਦਰਸ਼ਨੀ ਦਾ ਆਕਲੈਂਡ ਕੌਂਸਿਲ ਲਾਇਬ੍ਰੇਰੀ ਵੱਲੋਂ ਉਦਘਾਟਨ-ਬਲਜੀਤ ਕੌਰ ਢੇਲ ਵੱਲੋਂ ਸਭ ਦਾ ਧੰਨਵਾਦ

NZ PIC 21 July-1
ਆਕਲੈਂਡ  21 ਜੁਲਾਈ  -ਜ਼ਿੰਦਗੀ ਦੇ ਵਿਚ ਜਿੱਥੇ ਭਾਰਤੀ ਮਹਿਲਾਵਾਂ ਦਾ ਬਹੁਤ ਸਾਰਾ ਸਮਾਂ ਕੰਮ ਕਰਦਿਆਂ ਅਤੇ ਕਬੀਲਦਾਰੀ ਨਜਿੱਠਆਂ ਨਿਕਲ ਜਾਂਦਾ ਹੈ ਉਥੇ ਕੋਈ ਚੰਗਾ ਸਬੱਬ ਬਣੇ ਤਾਂ ਸਭਿਆਚਾਰਕ ਸ਼ਾਂਮ ਦੇ ਵਿਚ ਹਿੱਸਾ ਲੈ ਕੇ ਇਸ ਰੰਗਲੀ ਦੁਨੀਆ ਦੇ ਨਾਲ ਰਲ ਮਨੋਰੰਜਨ ਦਾ ਮੌਕਾ ਵੀ ਨਹੀਂ ਗਵਾਉਣਾ ਚਾਹੀਦਾ। ਨਿਊਜ਼ੀਲੈਂਡ ਦੇ ਵਿਚ ਵੋਮੈਨ ਕੇਅਰ ਟ੍ਰਸਟ ਨੇ ਪਿਛਲੇ ਕੁਝ ਸਾਲਾਂ ਤੋਂ ਮਹਿਲਾਵਾਂ ਦੇ ਲਈ ਜਿੱਥੇ ਬਹੁਤ ਸਾਰੇ ਪੜ੍ਹਾਈ, ਲਿਖਾਈ, ਇੰਗਲਿਸ਼ ਸਿੱਖਿਆ, ਕੰਪਿਊਟਰ ਸਿੱਖਿਆ ਅਤੇ ਸੈਰ ਸਪਾਟਾ ਟੂਰਾਂ ਦਾ ਆਯੋਜਨ ਕੀਤਾ ਹੈ ਉਥੇ ਹਰ ਸਾਲ ‘ਲੇਡੀਜ਼ ਕਲਚਰਲ ਨਾਈਟ’ ਦੇ ਰਾਹੀਂ ਧਮਾਲ ਅਤੇ ਹਾਸਾ-ਠੱਠਾ ਕਰਕੇ ਪੰਜਾਬੀ ਸਭਿਆਚਾਰ ਨੂੰ ਵੀ ਇਥੇ ਸਿੰਜਣ ਦਾ ਕੰਮ ਕੀਤਾ ਹੈ। ਅੱਜ ਵੋਡਾਫੋਨ ਈਵੈਂਟ ਸੈਂਟਰ ਦੇ ਵਿਚ ਸਭਿਆਚਾਰਕ ਸ਼ਾਮ ਦਾ ਆਰੰਭ ਵੋਮੈਨ ਕੇਅਰ ਟ੍ਰਸਟ ਦੀਆਂ ਮੈਂਬਰਾਂ ਵੱਲੋਂ ਗੁਰਬਾਣੀ ਸ਼ਬਦ ਨਾਲ ਉਸ ਪ੍ਰਮਾਤਮਾ ਨੂੰ ਯਾਦ ਕਰਕੇ ਕੀਤਾ ਗਿਆ। ਰੰਗ-ਬਿਰੰਗੇ ਘੱਗਰੇ, ਲਹਿੰਗੇ ਸੂਟ ਅਤੇ ਪੰਜਾਬੀ ਸੰਗੀਤ ਨੇ ਹਰ ਇਕ ਮਹਿਲਾ ਦਾ ਨੱਚਣ ਵਾਲਾ ਮੂਡ ਬਣਾ ਦਿੱਤਾ।

NZ PIC 21 July-1B
(ਵੋਮੈਨ ਕੇਅਰ ਟ੍ਰਸਟ ਵੱਲੋਂ ਕਰਵਾਈ ਗਈ ‘ਲੇਡੀਜ਼ ਕਲਚਰਲ ਨਾਈਟ’ ਮੌਕੇ ਭਾਰਤੀ ਮਹਿਲਾਵਾਂ)

ਸਭਿਆਚਾਰਕ ਸ਼ਾਮ ਦੀ ਹੋਸਟ ਸ਼ਗੁਫਤਾ ਅਤੇ ਸੈਂਡੀ ਨੇ ਵਾਰੋ-ਵਾਰੀ ਪਹਿਲਾਂ ਛੋਟੇ ਬੱਚਿਆਂ ਨੂੰ ਭੰਗੜੇ ਦੀ ਪਰਫਾਰਮੈਂਸ ਵਾਸਤੇ ਬੁਲਾਇਆ ਅਤੇ ਫਿਰ ਜਵਾਨ ਕੁੜੀਆਂ ਨੇ ਸਟੇਜ ਉਤੇ ਧਮਾਲ ਦੇ ਉਤੇ ਧਮਾਲ ਪਾਈ ਰੱਖੀ। ਸਾਂਝ ਸਪੋਰਟਸ ਐਂਡ ਕਲਚਰਲ ਕਲੱਬ, ਪੰਜਾਬੀ ਕਲਚਰਲ ਐਸੋਸੀਏਸ਼ਨ, ਸ਼ਾਨ ਪੰਜਾਬ ਦੀ, ਵਿਰਸਾ ਅਕੈਡਮੀ ਸੀਨੀਅਰ ਮੈਂਬਰਜ਼, ਪੰਜਾਬ ਹੈਰੀਟੇਜ ਗਰੁੱਪ ਵੱਲੋਂ ਬੋਲੀਆਂ, ਸ਼ਿੰਦੋ-ਮਿੰਦੋ ਕਾਮੇਡੀ ਅਤੇ ਅਖੀਰ ਦੇ ਵਿਚ ਡੀ.ਜੇ. ਦੇ ਉਤੇ ਨੱਚਣ ਦੀ ਵਾਰੀ ਆਈ ਤਾਂ ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ ਅਤੇ ਗਾਉਣ ਵਾਲੇ ਦਾ ਮੂੰਹ ਵਾਲੀ ਗੱਲ ਹੋ ਗਈ। ਆਕਲੈਂਡ ਕੌਂਸਿਲ ਤੋਂ ਲੂਈਸ ਲਾ ਹਾਟੇ (ਮੁਖੀ ਰਿਸਰਚ ਐਂਡ ਹੈਰੀਟੇਜ ਐਂਡ ਸੈਂਟਰਲ ਲਾਇਬ੍ਰੇਰੀ) ਨੇ ਆ ਦੋ ਮਿੰਟ ਲਈ ਆਪਣੇ ਵਿਚਾਰ ਰੱਖੇ ਅਤੇ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੀ ਗਈ ਇਕ ਫੋਟੋ ਪ੍ਰਦਰਸ਼ਨੀ ‘ਪੰਜਾਬਣਾ ਦੀ ਕਹਾਣੀ-ਉਨ੍ਹਾਂ ਦੀ ਜ਼ੁਬਾਨੀ’ ਦਾ ਸਟੇਜ ਉਤੇ ਉਦਘਾਟਨ ਕੀਤਾ। ਇਹ ਪ੍ਰਦਰਸ਼ਨੀ ਬਾਅਦ ਦੇ ਵਿਚ ਵੋਮੈਨ ਕੇਅਰ ਸੈਂਟਰ ਵਿਖੇ ਲਗਾਈ ਜਾਵੇਗੀ। ਇਸ ਮੌਕੇ ਵੋਮੈਨ ਕੇਅਰ ਟ੍ਰਸਟ ਦੀ ਚੇਅਰਪਰਸਨ ਸ੍ਰੀਮਤੀ ਬਲਜੀਤ ਕੌਰ ਢੇਲ ਨੇ ਆਈਆਂ ਸਾਰੀਆਂ ਮਹਿਲਾਵਾਂ ਦਾ ਧੰਨਵਾਦ ਕੀਤਾ। ਇੰਗਲਿਸ਼ ਅਤੇ ਕੰਪਿਊਟਰ ਕਲਾਸਾਂ ਲੈਣ ਵਾਲਿਆਂ ਨੂੰ ਸਰਟੀਫਿਕੇਟ ਵੀ ਵੰਡੇ ਗਏ। ਇਸ ਪ੍ਰੋਗਾਰਮ ਦੇ ਸਾਰੇ ਗੋਲਡ, ਸਿਲਵਰ ਅਤੇ ਬ੍ਰੋਨਜ਼ ਸਪਾਂਸਰਜ਼ ਦਾ ਧੰਨਵਾਦ ਕੀਤਾ ਗਿਆ। ਅਖੀਰ ਦੇ ਵਿਚ ਪਾਈਆਂ ਗਈਆਂ ਬੋਲੀਆਂ, ਗਿੱਧਾ, ਜਾਗੋ, ਸਿੱਠਣੀਆਂ ਨੇ ਸਭ ਨੂੰ ਨੱਚਣ ਲਾਇਆ ਅਤੇ ਇਹ ਸਭਿਆਚਾਰਕ ਸ਼ਾਮ ਇਕ ਯਾਦਗਾਰੀ, ਧਮਾਲ ਪਾਊ ਅਤੇ ਹਾਸੇ-ਠੱਠੇ ਵਾਲੀ ਯਾਦਗਾਰੀ ਸ਼ਾਮ ਬਣ ਗਈ। ਇਸ ਸ਼ਾਮ ਦੇ ਵਿਚ ਕਾਫੀ ਦੂਰ ਤੋਂ ਮਹਿਲਾਵਾਂ ਪਹੁੰਚੀਆਂ ਹੋਈਆਂ ਸਨ।

Install Punjabi Akhbar App

Install
×