ਅਰਦਾਸ ਕਰਾਂ:… ਤਾਂ ਕਿ ਜ਼ਿੰਦਗੀ ਦੀਆਂ ਯਾਦਾਂ ਜਿਉਂਦੀਆਂ ਰਹਿਣ 

  • ‘ਵੋਮੈਨ ਕੇਅਰ ਟ੍ਰਸਟ’ ਨਿਊਜ਼ੀਲੈਂਡ ਨੇ ਫਿਲਮ ‘ਅਰਦਾਸ ਕਰਾਂ’ ਦਾ ਸਪੈਸ਼ਲ ਸ਼ੋਅ ਵਿਖਾ ਕੇ ਬੀਬੀਆਂ ਦੀ ਵਾਹ-ਵਾਹ ਖੱਟੀ
  • ਸਵ. ਹਰਦੇਸ਼ ਸਿੰਘ ਢੇਲ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ ਸ਼ੋਅ
('ਵੋਮੈਨ ਕੇਅਰ ਸੈਂਟ ਦੇ ਸੱਦੇ ਉਤੇ ਫਿਲਮ 'ਅਰਦਾਸ ਕਰਾਂ' ਦਾ ਵਿਸ਼ੇਸ਼ ਸ਼ੋਅ ਵੇਖਣ ਪਹੁੰਚੀਆਂ ਬੀਬੀਆਂ)
(‘ਵੋਮੈਨ ਕੇਅਰ ਸੈਂਟ ਦੇ ਸੱਦੇ ਉਤੇ ਫਿਲਮ ‘ਅਰਦਾਸ ਕਰਾਂ’ ਦਾ ਵਿਸ਼ੇਸ਼ ਸ਼ੋਅ ਵੇਖਣ ਪਹੁੰਚੀਆਂ ਬੀਬੀਆਂ)

ਔਕਲੈਂਡ 23 ਜੁਲਾਈ -‘ਵੋਮੈਨ ਕੇਅਰ ਟ੍ਰਸਟ’ ਜਿੱਥੇ ਨਿਊਜ਼ੀਲੈਂਡ ਵਸਦੀਆਂ ਭਾਰਤੀ ਖਾਸ ਕਰ ਪੰਜਾਬੀ ਬੀਬੀਆਂ ਦੇ ਲਈ ਮਨੋਰੰਜਕ, ਸਿਖਿਆਦਾਇਕ ਅਤੇ ਸੈਰ ਸਪਾਟੇ ਦੀ ਸਾਰੀ ਜਿੰਮੇਵਾਰੀ ਚੁੱਕੀ ਫਿਰਦਾ ਹੈ, ਨੇ ਉਥੇ ਅੱਜ ਇਕ ਵਾਰ ਫਿਰ ਲਗਪਗ 200 ਬੀਬੀਆਂ ਦੀ ਵਾਹ-ਵਾਹ ਖੱਟ ਲਈ। ‘ਟ੍ਰਸਟ ਮੈਂਬਰ ਤੇ ਕਮਿਊਨਿਟੀ ਡਿਵੈਲਪਮੈਂਟ ਮੈਨੇਜਰ ਸ੍ਰੀਮਤੀ ਬਲਜੀਤ ਕੌਰ ਢੇਲ, ਕਮਿਊਨਿਟੀ ਡਿਵੈਲਪਮੈਂਟ ਮੈਨੇਜਰ ਅਤੇ ਯੋਗਾ ਅਧਿਆਪਕਾ ਸ੍ਰੀਮਤੀ ਪਰਮਜੀਤ ਕੌਰ (ਸੋਨੀ ਢੇਲ) ਅੱਜ ਹੋਇਟਸ ਸਿਨੇਮਾ ਵਿਖੇ ਦੁਪਹਿਰ 12 ਵਜੇ ਦਾ ਵਿਸ਼ੇਸ਼ ਸ਼ੋਅ ਫਿਲਮ ‘ਅਰਦਾਸ ਕਰਾਂ’ ਲਈ ਬੁੱਕ ਕਰਵਾਇਆ ਸੀ। ਇਹ ਸ਼ੋਅ ਢੇਲ ਪਰਿਵਾਰ ਨੇ ਆਪਣੇ ਇਕ ਬਹੁਤ ਹੀ ਪਿਆਰੇ ਪਰਿਵਾਰਕ ਮੈਂਬਰ ਹਰਦੇਸ਼ ਸਿੰਘ ਢੇਲ ਜਿਨ੍ਹਾਂ ਨੇ ਕੈਂਸਰ ਵਰਗੀ ਨਾ ਮੁਰਾਦ ਬਿਮਾਰੀ ਹੋਣ ਦੇ ਬਾਵਜੂਦ ਜ਼ਿੰਦਾਦਿਲ ਜ਼ਿੰਦਗੀ ਜੀਵੀ ਸੀ ਅਤੇ ਉਹ ਬੀਤੀ 8 ਫਰਵਰੀ ਨੂੰ ਇਸ ਜ਼ਹਾਨ ਨੂੰ ਅਲਵਿਦਾa ਕਹਿ ਗਏ ਸਨ, ਦੀ ਮਿੱਠੀ ਯਾਦ ਨੂੰ ਸਮਰਪਿਤ ਕੀਤਾ ਗਿਆ ਸੀ। ਫਿਲਮ ‘ਅਰਦਾਸ ਕਰਾਂ’ ਦੇ ਵਿਚ ਗੁਰਪ੍ਰੀਤ ਸਿੰਘ ਘੁੱਗੀ ਦਾ ਜਾਦੂ ਭਰਿਆ ‘ਮੈਜ਼ਿਕ ਸਿੰਘ’ ਵਾਲੇ ਰੋਲ ਨੇ ਇਸ ਪਰਿਵਾਰ ਨੂੰ ਅਜਿਹਾ ਟੁੰਬਿਆ ਕਿ ਪੁੱਤਰ ਦੀਆਂ ਰਲਦੀਆਂ-ਮਿਲਦੀਆਂ ਯਾਦਾਂ ਨੂੰ ਵੋਮੈਨ ਕੇਅਰ ਟ੍ਰਸਟ ਦੇ ਸਾਰੇ ਮੈਂਬਰਾਂ ਦੇ ਨਾਲ ਵੇਖ ਕੇ ਜ਼ਿੰਦਾਦਿਲੀ ਨੂੰ ਮੁੜ ਸੁਰਜੀਤ ਕੀਤਾ। ਸਵ. ਹਰਦੇਸ਼ ਸਿੰਘ ਢੇਲ ਦੇ ਸਤਿਕਾਰਯੋਗ ਪਿਤਾ ਸ. ਸੋਹਣ ਸਿੰਘ ਢੇਲ ਅਤੇ ਮਾਤਾ ਬਲਬੀਰ ਕੌਰ ਵੀ ਖਾਸ ਤੌਰ ‘ਤੇ ਪਹੁੰਚੇ ਹੋਏ ਸਨ। ਇਹ ‘ਵੋਮੈਨ ਕੇਅਰ ਟ੍ਰਸਟ’ ਦਾ ਪਹਿਲਾ ਉਦਮ ਨਹੀਂ ਸੀ, ਇਸ ਤੋਂ ਪਹਿਲਾਂ ਵੀ ਕਈ ਵੱਡੇ ਸਮਾਜਿਕ ਪ੍ਰਾਜੈਕਟ ਇਸ ਟ੍ਰਸਟ ਨੇ ਕਮਿਊਨਿਟੀ ਨੂੰ ਦਿੱਤੇ ਹਨ।

ਫਿਲਮ ਦੌਰਾਨ ਬੀਬੀਆਂ ਨੇ ਆਪਣੀ ਅਸਲ ਜ਼ਿੰਦਗੀ ਨੂੰ ਇਕ ਤਰ੍ਹਾਂ ਨਾਲ ਪਰਦੇ ਉਤੇ ਵੇਖਿਆ, ਆਪਣੇ ਪੋਤਰਿਆਂ ਤੇ ਦੋਹਤਰਿਆਂ ਨੂੰ ਛੋਟੇ ਬੱਚੇ ਝੰਡੇ ਅਤੇ ਨੌਜਵਾਨ ਕੁੜੀ ਸ਼ਬਨਮ ਦੇ ਰੂਪ ਵਿਚ ਵੇਖਿਆ। ਕਲਾਕਾਰ ਮਲਕੀਤ ਸਿੰਘ ਰੌਣੀ ਦੀ ਪ੍ਰਵਾਸੀ ਜ਼ਿੰਦਗੀ ਦੀ ਮਿੱਠੀ ਜ਼ੇਲ੍ਹ ਅਤੇ ਜ਼ੇਲ੍ਹ ਤੋਂ ਬਾਹਰ ਕੁਦਰਤ ਦੇ ਨਜ਼ਾਰਿਆਂ ਨੇ ਜ਼ਿੰਦਗੀ ਦੇ ਅਰਥ ਬਦਲਣ ਦਾ ਫਾਰਮੂਲਾ ਦਿੱਤਾ। ਸਰਦਾਰ ਸੋਹੀ ਦੇ ਰੋਲ ਨੇ ਪ੍ਰਚਲਿਤ ਧਾਰਮਿਕ ਰਿਵਾਜਾਂ ਨੂੰ ਵੀ ਬਰਾਬਰ ਰੱਖਿਆ। ਰਾਣਾ ਜੰਗ ਬਹਾਦਰ ਦੇ ਮੁਸਲਮਾਨ ਰੋਲ ਅਤੇ ਗੁਰਦੁਆਰਾ ਸਾਹਿਬ ਅੰਦਰ ਮਿਲੇ ਮਾਨ-ਸਨਮਾਨ ਨੇ ਹਿੰਦੂ-ਸਿੱਖ-ਮੁਸਲਿਮ ਭਾਈਚਾਰੇ ਦੀ ਸਦਾਚਾਰਕ ਸਾਂਝ ਵਿਖਾਈ।  ਫਿਲਮ ਵੇਖ ਕੇ ਬਹੁਤ ਸਾਰੇ ਲੋਕਾਂ ਦੀਆਂ ਅੱਖਾਂ ਦੇ ਵਿਚ ਹੰਝੂ ਟੱਪਕੇ, ਗੱਲ੍ਹਾਂ ਗਿਲਿਆਂ ਹੋਈਆਂ ਪਰ ਦੂਜੇ ਪਲ ਹਾਸੇ-ਠੱਠੇ ਨੇ ਹੰਝੂਆ ਨੂੰ ਸੁਕਾਉਣ ਦਾ ਕਾਰਜ ਵੀ ਸਹਿਜੇ ਹੀ ਕਰ ਦਿੱਤਾ। ਅਜਿਹੀਆਂ ਫਿਲਮਾਂ ਨੂੰ ਪਰਿਵਾਰਕ ਫਿਲਮਾਂ ਦੇ ਨਾਲ-ਨਾਲ ਜੀਵਨ ਜਾਚ ਦਾ ਦਰਜਾ ਵੀ ਕਈ ਸੱਜਣਾ ਨੇ ਦਿੱਤਾ ਜਿਨ੍ਹਾਂ ਨੇ ਜ਼ਿੰਦਗੀ ਦੇ ਤਜ਼ਰਬਿਆਂ ਦੇ ਝੋਲੇ ਭਰ ਲਏ ਹੋਏ ਹਨ। ਸਾਰੇ ਦਰਸ਼ਕਾਂ ਨੇ ਫੋਰਮ ਫਿਲਮ ਨਿਊਜ਼ੀਲੈਂਡ ਅਤੇ ਵੋਮੈਨ ਕੇਅਰ ਟ੍ਰਸਟ ਦੇ ਸਾਰੇ ਅਹੁਦੇਦਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਰੁਝੇਵਿਆਂ ਭਰੀ ਜ਼ਿੰਦਗੀ ਦੇ ਸਵਾ ਦੋ ਘੰਟਿਆਂ ਨੂੰ ਜੀਵਨ ਸੁਧਾਰ ਕਲਾਸ ਦੇ ਵਿਚ ਬਦਲਣ ਦਾ ਮੌਕਾ ਦਿੱਤਾ।

Install Punjabi Akhbar App

Install
×