ਇਹ ਚੰਗਾ ਸੂਤ ਆਇਆ ਨੂੰਹਾਂ-ਧੀਆਂ ਘਰੇ ਤੇ ਸੱਸਾਂ-ਮਾਵਾਂ ਟੂਰ ‘ਤੇ

NZ PIC 4 May-1ਵੋਮੈਨ ਕੇਅਰ ਟ੍ਰਸਟ ਨੇ ਭਾਰਤੀ ਔਰਤਾਂ ਵਿਚ ‘ਫ੍ਰੀ ਟੂਰ ਐਂਡ ਟ੍ਰੈਵਲ’ ਦੀ ਲਾਈ ਚੇਟਕ-ਦੇਸ਼ ਦੀ ਸੁੰਦਰਤਾ ਨੂੰ ਮਾਨਣ ਦਾ ਦਿੱਤਾ ਇਕ ਵਧੀਆ ਵਸੀਲਾ
ਆਕਲੈਂਡ 4 ਮਈ (ਹਰਜਿੰਦਰ ਸਿੰਘ ਬਸਿਆਲਾ)- ਵੋਮੈਨ ਕੇਅਰ ਟ੍ਰਸਟ ਨਿਊਜ਼ੀਲੈਂਡ ਅਤੇ ਟ੍ਰਸਟ ਦੀ ਚੇਅਰਪਰਸਨ ਮੈਡਮ ਬਲਜੀਤ ਕੌਰ ਭਾਰਤੀ ਬਜ਼ੁਰਗ ਮਹਿਲਾਵਾਂ ਦੀ ਜ਼ਿੰਦਗੀ ਦੇ ਵਿਚ ਖੁਸ਼ੀਆਂ ਭਰਨ ਦੀ ਭਰਪੂਰ ਕੋਸ਼ਿਸ ਵਿਚ ਹਨ। ਉਨ੍ਹਾਂ ਨੂੰ ਬੀਤੇ ਬਚਪਨ ਅਤੇ ਜਵਾਨੀ ਦੇ ਦਿਨਾਂ ਦੀ ਯਾਦ ਦਿਵਾਉਣ ਦੇ ਲਈ ਜਿੱਥੇ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਉਥੇ ਇਨ੍ਹਾਂ ਮਹਿਲਾਵਾਂ ਨੂੰ ਨਿਊਜ਼ੀਲੈਂਡ ਦੇਸ਼ ਦੀ ਸੁੰਦਰਤਾ ਅਤੇ ਇਸ ਦੇ ਇਤਿਹਾਸ ਤੋਂ ਵੀ ਜਾਣੂ ਕਰਵਾਉਣ ਲੀ ਫ੍ਰੀ ਟੂਰ ਐਂਡ ਟ੍ਰੈਵਲ ਨੂੰ ਇਕ ਵਸੀਲੇ ਵਜੋਂ ਵਰਤਿਆ ਜਾ ਰਿਹਾ ਹੈ। ਇਨ੍ਹਾਂ ਮਹਿਲਾਵਾਂ ਦਾ ਕੰਮ ਉਦੋਂ ਸੂਤ ਆ ਗਿਆ ਜਦੋਂ ਬੀਤੇ ਕੱਲ੍ਹ (ਐਤਵਾਰ) ਉਨ੍ਹਾਂ ਦੀਆਂ ਨੂੰਹਾਂ ਅਤੇ ਧੀਆਂ ਆਪਣੇ-ਆਪਣੇ ਬੱਚਿਆਂ ਨਾਲ ਜਾਂ ਆਪਣੇ ਕੰਮੀ ਘਰੇ ਰੁੱਝੀਆਂ ਹੋਈਆਂ ਸਨ ਤਾਂ ਉਨ੍ਹਾਂ ਵਧੀਆ ਮੌਕੇ ਦਾ ਫਾਇਦਾ ਉਠਾਉਂਦਿਆਂ ਵੋਮੈਨ ਕੇਅਰ ਵੱਲੋਂ ਉਲੀਕੇ ਗਏ ਇਕ ਬੱਸ ਟੂਰ ਦਾ ਅਨੰਦ ਮਾਣਿਆ।
ਲਗਪਗ 45 ਮਹਿਲਾਵਾਂ ਦਾ ਇਹ ਸਮੂਹ ਕੋਲਮਰ ਰੋ ਪਾਪਾਟੋਏਟੋਏ ਤੋਂ ਇਕ ਬੱਸ ਰਾਹੀਂ ਪਹਿਲਾਂ ਗੁਰਦੁਆਰਾ ਸਾਹਿਬ ਟਾਕਾਨੀਨੀ ਮੱਥਾ ਟੇਕਣ ਪਹੁੰਚਿਆ। ਫਿਰ ਥੇਮਸ ਟਾਊਨ ਵੱਲ ਰਵਾਨਗੀ ਕੀਤੀ। ਕੋਰੋਮੰਡਲ ਬੀਚ ਉਤੇ ਜਾ ਕੇ ਇਨ੍ਹਾਂ ਮਹਿਲਾਵਾਂ ਨੇ ਪਾਣੀ ਦੇ ਕੰਢੇ ਜਿੱਥੇ ਭੋਜਨ ਦਾ ਅਨੰਦ ਮਾਣਿਆ ਉਥੇ ਸਮੁੰਦਰ ਦੇ ਗਰਮ ਪਾਣੀ ਦੇ ਵਿਚ ਪੈਰ ਡੁਬੋ ਕੇ ਰੱਖੇ ਅਤੇ ਵਿਸ਼ਵਾਸ਼ ਕੀਤਾ ਕਿ ਇਹ ਸਿਹਤ ਲਈ ਚੰਗਾ ਹੈ। ਇਸ ਤੋਂ ਬਾਅਦ ਕੋਰੋਮੰਡਲ ਦੇ ਪੈਨੀਸੁਲਾ ਅਜਾਇਬ ਘਰ (ਮਰਕਰੀ ਬੇਅ ਮਿਊਜ਼ੀਅਮ) ਵਿਖੇ ਪ੍ਰਦਰਸ਼ਤ ਚਿੱਤਰ ਨੁਮਾਇਸ਼ ਨੂੰ ਵੇਖਿਆ ਅਤੇ ਦੇਸ਼ ਦੇ ਇਤਿਹਾਸ ਬਾਰੇ ਜਾਣਕਾਰੀ ਹਾਸਿਲ ਕੀਤੀ। ਇਥੇ ਉਨ੍ਹਾਂ ਪੌਲੀਨੇਸ਼ੀਅਨ ਨੇਵੀਗੇਟਰ ਕੂਪ, ਮਾਓਰੀ ਆਰਟੀਫੈਕਟ, ਇੰਡਏਵਰ ਐਂਡ ਜ਼ੇਮਜ ਕੁੱਕ, ਐਚ. ਐਮ. ਐਸ. ਬੁਫੈਲੋ (ਸੰਕ-1840), ਕਾਉਰੀ ਟਿੰਬਰ, ਕਾਉਰੀ ਗਮ, ਪੁਰਾਣੀ ਡੇਅਰੀ ਫੈਕਟਰੀ ਜਿਸ ਦੇ ਅੰਦਰ ਇਹ ਅਜਾਇਬ ਘਰ ਬਣਾਇਆ ਗਿਆ ਹੈ, ਪਹਿਲਾਂ-ਪਹਿਲ ਇਥੇ ਵਸਣ ਵਾਲਿਆਂ ਦਾ ਰਿਕਾਰਡ, ਪੁਰਾਣੀਆਂ ਫੋਟੋਆਂ, ਨੈਚੁਰਲ ਹਿਸਟਰੀ ਡਿਸਪਲੇਅ ਅਤੇ ਫਿਸ਼ਿੰਗ ਡਿਸਪਲੇਅ ਨੂੰ ਗਹੁ ਨਾਲ ਵੇਖਿਆ।  ਇਸ ਮੌਕੇ ਸਮੇਂ ਨੂੰ ਹੋਰ ਖੁਸ਼ੀ ਭਰਿਆ ਕਰਨ ਲਈ ਇਨ੍ਹਾਂ ਮਹਿਲਾਵਾਂ ਨੇ ਫਿਰ ਗੀਤ-ਸੰਗੀਤ ਦਾ ਵੀ ਲੁਤਫ ਲਿਆ, ਮਿਊਜ਼ੀਅਮ ਦੇ ਸਾਹਮਣੇ ਗਿੱਧਾ ਪਾਇਆ ਗਿਆ ਅਤੇ ਉਸ ਵੇਲੇ ਕੁਝ ਹਾਜ਼ਿਰ ਟ੍ਰਸਟੀਆਂ ਨੇ ਵੀ ਨਾਲ ਨੱਚ ਕੇ ਖੁਸ਼ੀ ਮਨਾਈ। ਬੱਸ ਦੇ ਵਿਚ ਵਾਪਸੀ ਸਮੇਂ ਧਾਰਮਿਕ ਗੀਤ, ਲੋਕ ਗੀਤ, ਚੁਟਕਲੇ ਅਤੇ ਹੋਰ ਕਈ ਤਰ੍ਹਾਂ ਦੀਆਂ ਵੰਨਗੀਆਂ ਦੇ ਨਾਲ ਸਫਰ ਨੂੰ ਹੋਰ ਯਾਦਗਾਰੀ ਬਣਾਇਆ ਗਿਆ।
ਟੂਰ ਦੇ ਅੰਤ ਵਿਚ ਵੋਮੈਨ ਕੇਅਰ ਟ੍ਰਸਟ ਦੀ ਚੇਅਰਪਰਸਨ ਮੈਡਮ ਬਲਜੀਤ ਕੌਰ ਢੇਲ ਹੋਰਾਂ ਦੱਸਿਆ ਕਿ ਸਾਰੀਆਂ ਮਹਿਲਾਵਾਂ ਦੇ ਚਿਹਰਿਆਂ ‘ਤੇ ਇਸ ਟੂਰ ਦੀ ਬੇਹੱਦ ਖੁਸ਼ੀ ਝਲਕਦੀ ਵੇਖੀ ਗਈ। ਉਨ੍ਹਾਂ ਇਸ ਟ੍ਰਿਪ ਦੇ ਲਈ ਸਮਾਂ ਕੱਢਣ ਲਈ ਸਾਰੀਆਂ ਮਹਿਲਾਵਾਂ ਦਾ ਧੰਨਵਾਦ ਕੀਤਾ।

Install Punjabi Akhbar App

Install
×