ਜੇਕਰ ਔਰਤਾਂ ਆਪਣੇ ਪਾਰਟਨਰ ਮਰਦਾਂ ਨਾਲੋਂ ਜ਼ਿਆਦਾ ਪੈਸੇ ਕਮਾਉਂਦੀਆਂ ਹਨ ਤਾਂ ਉਨ੍ਹਾਂ ਨੂੰ ਜ਼ਿਆਦਾ ਘਰੇਲੂ ਹਿੰਸਾ ਦਾ ਸ਼ਿਕਾਰ ਵੀ ਹੋਣਾ ਪੈਂਦਾ ਹੈ -ਇੱਕ ਰਿਪੋਰਟ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਆਸਟ੍ਰੇਲੀਆਈ ਆਂਕੜਾ ਵਿਭਾਗ (Australian Bureau of Statistics (ABS)) ਦੇ ਇੱਕ ਤਾਜ਼ਾ ਸਰਵੇਖਣ ਵਿੱਚ ਇਹ ਅਨੁਮਾਨਿਤ ਕੀਤਾ ਗਿਆ ਹੈ ਕਿ ਜਿਹੜੀਆਂ ਔਰਤਾਂ ਆਪਣੇ ਪਤੀਆਂ ਜਾਂ ਪਾਰਟਨਰਾਂ ਕੋਲੋਂ ਜ਼ਿਆਦਾ ਆਮਦਨ ਪੈਦਾ ਕਰਦੀਆਂ ਹਨ, ਉਨ੍ਹਾਂ ਨੂੰ ਜ਼ਿਆਦਾ ਘਰੇਲੂ ਹਿੰਸਾ ਦਾ ਸ਼ਿਕਾਰ ਵੀ ਹੋਣਾ ਪੈਂਦਾ ਹੈ ਅਤੇ ਸਰਵੇਖਣ ਦੇ ਆਂਕੜਿਆਂ ਮੁਤਾਬਿਕ ਅਜਿਹੀਆਂ ਔਰਤਾਂ ਵਿੱਚ 35% ਨੇ ਇਹ ਗੱਲ ਮੰਨੀ ਹੈ।
ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਦੇ ਰੋਬਰਟ ਬਰੂਇੰਗ (ਟੈਕਸ ਅਤੇ ਤਬਾਦਲਾ ਇੰਸਟੀਚਿਊਅ ਦੇ ਨਿਰਦੇਸ਼ਕ), ਅਤੇ ਯਿਨਜੂਨੀ ਝੈਂਗ ਨੇ ਉਕਤ ਸਰਵੇਖਣ ਵਿੱਚ ਪਾਇਆ ਹੈ ਕਿ ਔਰਤਾਂ ਜਦੋਂ ਆਪਣੇ ਪਾਰਟਨਰ ਮਰਦਾਂ ਨਾਲੋਂ ਜ਼ਿਆਦਾ ਪੜ੍ਹੀਆਂ ਲਿਖੀਆਂ, ਤਜੁਰਬੇਕਾਰ, ਜ਼ਿਆਦਾ ਸਭਿਆਚਾਰਕ ਅਤੇ ਸ਼ਿਸ਼ਟਾਚਾਰਕ ਆਦਿ ਹੁੰਦੀਆਂ ਹਨ ਤਾਂ ਇਨ੍ਹਾਂ ਹਾਲਤਾਂ ਵਿੱਚ ਵੀ ਪਤੀਆਂ ਆਦਿ ਕੋਲੋਂ ਘਰੇਲੂ ਹਿੰਸਾ ਦਾ ਜ਼ਿਆਦਾ ਸ਼ਿਕਾਰ ਹੁੰਦੀਆਂ ਹਨ ਅਤੇ ਇਹ ਚਲਨ ਹਰ ਵਰਗ ਅਤੇ ਹਰ ਉਮਰ ਦੇ ਲੋਕਾਂ ਜਾਂ ਦੰਪਤੀਆਂ ਆਦਿ ਵਿੱਚ ਦੇਖਣ ਨੂੰ ਮਿਲਿਆ ਹੈ। ਆਂਕੜਿਆਂ ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ ਅਜਿਹੀਆਂ ਹਾਲਤਾਂ ਵਿੱਚ ਸਰੀਰਕ ਪ੍ਰਤਾੜਨਾ ਦੇ ਨਾਲ ਨਾਲ ਮਾਨਸਿਕ ਪ੍ਰਤਾੜਨਾ ਵੀ ਸ਼ਾਮਿਲ ਹੁੰਦੀ ਹੈ ਜਿਸ ਦਾ ਕਿ ਉਕਤ ਮਹਿਲਾਵਾਂ ਨੂੰ ਦਿਨ ਪ੍ਰਤੀ ਦਿਨ ਸਾਹਮਣਾ ਕਰਨਾ ਪੈਂਦਾ ਹੈ।
ਆਸਟ੍ਰੇਲੀਆਈ ਸਿਹਤ ਅਤੇ ਕਲਿਆਣ ਵਿਭਾਗ ਦੇ ਆਂਕੜੇ ਵੀ ਇਹ ਦਰਸਾਉਂਦੇ ਹਨ ਕਿ ਹਰ 6 ਵਿਚੋਂ 1 ਮਹਿਲਾ ਨੂੰ ਸਰੀਰਕ ਅਤੇ ਮਾਨਸਿਕ ਤੌਰ ਉਪਰ ਪ੍ਰਤਾੜਿਤ ਕੀਤਾ ਜਾਂਦਾ ਹੈ ਅਤੇ ਇਹ ਸਭ ਉਨ੍ਹਾਂ ਦੇ ਮੌਜੂਦਾ ਪਾਰਟਨਰ ਵੱਲੋਂ ਕੀਤਾ ਜਾਂਦਾ ਹੈ ਅਤੇ ਜਾਂ ਫੇਰ ਸਾਬਕਾ ਪਾਰਟਨਰ ਵੱਲੋਂ ਕੀਤਾ ਗਿਆ ਹੁੰਦਾ ਹੈ ਅਤੇ ਇਹੀ ਆਂਕੜੇ ਮਰਦਾਂ ਵਿੱਚ 16 ਦੇ ਮੁਕਾਬਲੇ 1 ਨੂੰ ਦਰਸਾਉਂਦੇ ਹਨ।
ਬੈਂਕਵੈਸਟ ਕਰਟਿਨ ਇਕਨਾਮਿਕਸ ਸੈਂਟਰ ਦੀ ਪਿਛਲੇ ਹਫ਼ਤੇ ਦੀ ਰਿਪੋਰਟ ਦਰਸਾਉਂਦੀ ਹੈ ਕਿ ਜੇਕਰ ਅੱਜ ਵੀ ਸ਼ੁਰੂ ਕੀਤਾ ਜਾਵੇ ਤਾਂ ਅਜਿਹੇ ਹਾਲਾਤਾਂ ਨੂੰ ਬਦਲਣ ਲਈ ਘੱਟੋ ਘੱਟ ਵੀ ਅਗਲੇ 26 ਸਾਲਾਂ ਦਾ ਸਮਾਂ ਲੱਗ ਜਾਵੇਗਾ।

Install Punjabi Akhbar App

Install
×