ਐਡੀਲੇਡ ਦੇ ‘ਹਿਟ ਐਂਡ ਰਨ’ ਮਾਮਲੇ ਵਿੱਚ ਜ਼ਖ਼ਮੀ ਮਹਿਲਾ ਦੀ ਮੌਤ

ਤਕਰੀਬਨ ਇੱਕ ਮਹੀਨੇ ਪਹਿਲਾਂ ਮਾਰਚ ਦੀ 4 ਤਾਰੀਖ ਨੂੰ ਸਵੇਰ ਦੇ 6:15 ਤੇ ਐਡੀਲੇਡ ਦੇ ਵੈਸਟ ਟੈਰਸ ਦੇ ਨਜ਼ਦੀਕ ਗਰੋਟ ਸਟ੍ਰੀਟ ਦੇ ਹੰਗਰ ਜੈਕਸ ਕਾਰ ਪਾਰਕ ਵਿਖੇ ਇੱਕ 56 ਸਾਲਾਂ ਦੀ ਮਹਿਲਾ ਨੂੰ ਇੱਕ ਕਾਰ ਨੇ ਟੱਕਰ ਮਾਰੀ ਅਤੇ ਕਾਰ ਦਾ ਡ੍ਰਾਈਵਰ ਮੌਕੇ ਤੋਂ ਫਰਾਰ ਹੋ ਗਿਆ।
ਉਕਤ ਮਹਿਲਾ ਜੋ ਕਿ ਐਸਕੋਟ ਪਾਰਕ ਦੀ ਰਹਿਣ ਵਾਲੀ ਸੀ, ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਰਾਇਲ ਐਡੀਲੇਡ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਅਤੇ ਉਥੇ ਹੀ ਉਹ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਹੋਇਆਂ ਬੀਤੇ ਵੀਰਵਾਰ ਨੂੰ ਸਵਾਸ ਤਿਆਗ ਗਈ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਉਸ ਕਾਰ ਡ੍ਰਾਈਵਰ ਦੀ ਤਲਾਸ਼ ਕਰ ਰਹੀ ਹੈ ਅਤੇ ਇਸ ਦੁਰਘਟਨਾ ਨੂੰ ‘ਹਿਟ ਐਂਡ ਰਨ’ ਮਾਮਲੇ ਤਹਿਤ ਲਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਦੱਖਣੀ-ਆਸਟ੍ਰੇਲੀਆ ਵਿੱਚ ਇਸੇ ਸਾਲ ਦੇ ਦੌਰਾਨ ਸੜਕ ਦੁਰਘਟਨਾਵਾਂ ਦਾ ਇਹ 39ਵਾਂ ਮਾਮਲਾ ਹੈ। ਪੁਲਿਸ ਲੋਕਾਂ ਨੂੰ ਅਪੀਲ ਕਰ ਰਹੀ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਮਾਮਲੇ ਬਾਰੇ ਕੁੱਝ ਵੀ ਪਤਾ ਹੋਵੇ ਤਾਂ ਉਹ ਪੁਲਿਸ ਨੂੰ ਜਲਦੀ ਤੋਂ ਜਲਦੀ ਇਤਲਾਹ ਦੇਵੇ ਤਾਂ ਕਿ ਅਜਿਹੀਆਂ ਵਾਰਦਾਤਾਂ ਨੂੰ ਹੋਰ ਵਾਪਰਨ ਤੋਂ ਬਚਾਇਆ ਜਾ ਸਕੇ।