ਮੈਲਬੋਰਨ ਦੇ ਗਲੈਨ ਵੈਵਰਲੇਅ ਵਿੱਚ ਇੱਕ ਘਰ ਨੂੰ ਲੱਗੀ ਅੱਗ ਵਿੱਚ ਔਰਤ ਅਤੇ ਤਿੰਨ ਬੱਚਿਆਂ ਦੀ ਮੌਤ

(ਦ ਏਜ ਮੁਤਾਬਿਕ) ਮੈਲਬੋਰਨ ਦੇ ਦੱਖਣ-ਪੂਰਬੀ ਹਿੱਸੇ ਵਿਚਲੇ ਗਲੈਨ ਵੈਵਰਲੇਅ ਦੇ ਟੋਲਕ ਗਰੋਵ ਵਿੱਚ ਸਥਿਤ ਇੱਕ ਘਰ ਨੂੰ ਅਚਾਨਕ ਤੜਕੇ ਸਵੇਰੇ 1:40 ਦੇ ਕਰੀਬ ਅੱਗ ਲੱਗ ਗਈ ਅਤੇ ਗੁਆਂਢੀਆਂ ਨੂੰ ਜਦੋਂ ਤੱਕ ਇਸ ਦਾ ਪਤਾ ਲੱਗਾ ਤਾਂ ਅੱਗ ਬਹੁਤ ਹੀ ਭਿਆਨਕ ਰੂਪ ਧਾਰਨ ਕਰ ਚੁਕੀ ਸੀ। ਉਨ੍ਹਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਬੁਲਾਇਆ ਅਤੇ ਆਪਣੇ ਤੌਰ ਤੇ ਵੀ ਆਪਣੇ ਘਰਾਂ ਜਾਂ ਬਾਗਾਂ ਅੰਦਰ ਲੱਗੇ ਪਾਣੀ ਦੇ ਪਾਈਪਾਂ ਨਾਲ ਅੱਗ ਬੁਝਾਉਣ ਦੇ ਯਤਨ ਕੀਤੇ ਪਰੰਤੂ ਬਹੁਤ ਦੇਰ ਹੋ ਚੁਕੀ ਸੀ ਅਤੇ ਘਰ ਅੰਦਰ ਮੌਜੂਦ ਇੱਕ ਮਹਿਲਾ ਅਤੇ ਤਿੰਨ ਬੱਚੇ ਅੱਗ ਦੇ ਭੇਟ ਚੜ੍ਹ ਗਏ। ਘਰ ਦੇ ਬਾਹਰ ਇੱਕ ਆਦਮੀ ਵੀ ਦੇਖਿਆ ਗਿਆ ਜੋ ਕਿ ਲਗਾਤਾਰ ਲੋਕਾਂ ਕੋਲੋਂ ਮਦਦ ਲਈ ਗੁਹਾਰ ਲਗਾ ਰਿਹਾ ਸੀ ਅਤੇ ਇੱਕ ਬਾਲਟੀ ਨਾਲ ਬਾਹਰ ਲੱਗੀ ਟੂਟੀ ਤੋਂ ਪਾਣੀ ਭਰ ਭਰ ਕੇ ਅੱਗ ਬੁਝਾਉਣ ਦਾ ਯਤਨ ਕਰ ਰਿਹਾ ਸੀ। 30 ਤੋਂ ਵੀ ਜ਼ਿਆਦਾ ਅੱਗ ਬੁਝਾਊ ਕਰਮਚਾਰੀਆਂ ਨੇ ਮਹਿਜ਼ 6 ਮਿਨਟ ਵਿੱਚ ਹੀ ਘਟਨਾਂ ਸਥਲ ਉਪਰ ਪਹੁੰਚ ਕੇ ਦੇਖਿਆ ਕਿ ਘਰ ਦੇ ਗੈਰਜ ਨੂੰ ਪੂਰੀ ਤਰ੍ਹਾਂ ਅੱਗ ਲੱਗੀ ਸੀ ਅਤੇ ਨਾਲ ਦੇ ਘਰਾਂ ਅੰਦਰ ਵੀ ਧੂੰਆਂ ਭਰ ਚੁਕਿਆ ਸੀ। ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਜਾਣਕਾਰੀ ਮੁਤਾਬਿਕ ਅੱਗ ਘਰ ਦੇ ਗੈਰਜ ਤੋਂ ਹੀ ਫੈਲੀ ਸੀ ਜਿੱਥੇ ਕਿ ਬਹੁਤ ਸਾਰਾ ਕੂੜ ਕਬਾੜ ਅਤੇ ਕਈ ਜਲਨਸ਼ੀਲ ਤੇਲ ਰੱਖੇ ਹੋਏ ਸਨ। ਘਟਨਾ ਕਾਰਨ ਸਮੁੱਚੇ ਇਲਾਕੇ ਅੰਦਰ ਹੀ ਡਰ ਅਤੇ ਸੋਗ ਦੀ ਲਹਿਰ ਹੈ ਅਤੇ ਹਰ ਕੋਈ ਇਸ ਘਟਨਾ ਬਾਰੇ ਚਿੰਤਿਤ ਅਤੇ ਦੁਖ ਜਾਹਰ ਕਰ ਰਿਹਾ ਹੈ।

Install Punjabi Akhbar App

Install
×