
ਰਾਜ ਸਰਕਾਰ ਨੇ ਇੱਕ ਅਹਿਮ ਫੈਸਲਾ ਲੈਂਦਿਆਂ ਵਿੰਜਕੈਰੀਬੀ ਸ਼ਾਇਰ ਕਾਂਸਲ ਨੂੰ ਫੌਰਨ ਸਸਪੈਂਡ ਕਰਕੇ ਇੱਥੇ ਅਗਲੇ ਤਿੰਨ ਮਹੀਨਿਆਂ ਲਈ ਇੱਕ ਕਾਰਜਕਾਰੀ ਅਫ਼ਸਰ ਨਿਯੁੱਕਤ ਕਰ ਦਿੱਤਾ ਹੈ।
ਸਥਾਨਕ ਸਰਕਾਰਾਂ ਦੇ ਵਿਭਾਗਾਂ ਦੇ ਮੰਤਰੀ ਸ਼ੈਲੀ ਹੈਂਕਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਫੀ ਸਮੇਂ ਤੋਂ ਉਕਤ ਕਾਂਸਲ ਦੀਆਂ ਅਣਗਹਿਲੀਆਂ ਦੀਆਂ ਖ਼ਬਰਾਂ ਮਿਲ ਰਹੀਆਂ ਸਨ ਅਤੇ ਇਸ ਦੀ ਕਾਰਜਕੁਸ਼ਲਤਾ ਉਪਰ ਵੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਗਏ ਸਨ। ਕਾਂਸਲ ਦੇ ਮੈਂਬਰਾਂ ਅਤੇ ਸਥਾਨਕ ਸੀਨੀਅਰ ਸਟਾਫ ਮੈਂਬਰਾਂ ਦਾ ਆਪਸ ਵਿੱਚ ਸਭ ਨਾਤੇ ਟੁੱਟ ਚੁਕੇ ਸਨ ਅਤੇ ਆਪੋ-ਧਾਪੀਆਂ ਦਾ ਬੋਲ ਬਾਲਾ ਹੋ ਗਿਆ ਸੀ।
ਸਥਾਨਕ ਸਰਕਾਰਾਂ ਦੇ ਐਕਟ ਅਧੀਨ ਇਹ ਜ਼ਰੂਰੀ ਹੈ ਕਿ ਆਪੋ ਵਿੱਚ ਤਾਲਮੇਲ ਬਿਠਾ ਕੇ ਜਨਤਕ ਭਲਾਈ ਲਈ ਕੰਮ ਕਰਨੇ ਜ਼ਰੂਰੀ ਹਨ ਕਿਉਂਕਿ ਕਾਂਸਲਾਂ ਨੂੰ ਜਨਤਕ ਤੌਰ ਤੇ ਲੋਕਾਂ ਦੁਆਰਾ, ਲੋਕਾਂ ਦੇ ਕੰਮਾਂ ਵਾਸਤੇ ਹੀ ਚੁਣਿਆ ਜਾਂਦਾ ਹੈ ਅਤੇ ਉਕਤ ਕਾਂਸਲ ਅਜਿਹੇ ਹਰ ਤਰ੍ਹਾਂ ਦੇ ਮਹੱਤਵਪੂਰਣ ਕੰਮ ਕਰਨ ਵਿੱਚ ਅਸਫ਼ਲ ਹੋ ਰਹੀ ਸੀ।
ਹਾਲ ਦੀ ਘੜੀ ਸਥਾਨਕ ਦੇਖ ਰੇਖ ਵਾਸਤੇ ਵਿਵ ਮੇਅ (ਪੀ.ਐਸ.ਐਮ.) ਦੀ ਨਿਯੁੱਕਤੀ ਕੀਤੀ ਗਈ ਹੈ ਅਤੇ ਇਹ ਨਿਯੁੱਕਤੀ ਅਗਲੇ ਤਿੰਨ ਮਹੀਨਿਆਂ ਵਾਸਤੇ ਕੀਤੀ ਗਈ ਹੈ।
ਮੰਤਰੀ ਹੈਂਕਾਕ ਨੇ ਜਾਣਕਾਰੀ ਵਿੱਚ ਇਹ ਵੀ ਦੱਸਿਆ ਕਿ ਕਾਂਸਲ ਨੂੰ ਮਾਰਚ ਦੀ 3 ਤਾਰੀਖ ਨੂੰ ਇਕ ਨੋਟਿਸ ਭੇਜਿਆ ਗਿਆ ਸੀ ਜਿਸ ਦਾ ਕਿ ਉਨ੍ਹਾਂ ਨੇ ਕੋਈ ਜਵਾਬ ਹੀ ਨਹੀਂ ਦਿੱਤਾ ਅਤੇ ਮਜਬੂਰਨ ਸਾਨੂੰ ਇਹ ਫੈਸਲਾ ਲੈਣਾ ਪਿਆ ਹੈ।
ਉਕਤ ਫੈਸਲੇ ਕਾਰਨ ਮੇਅਰ ਅਤੇ ਸਥਾਨਕ ਕਾਂਸਲਰਾਂ ਨੂੰ ਮੁਅੱਤਲ ਕੀਤਾ ਗਿਆ ਹੈ ਅਤੇ ਦੂਸਰੇ ਸਟਾਫ ਉਪਰ ਇਸ ਦਾ ਕੋਈ ਅਸਰ ਨਹੀਂ ਹੈ ਅਤੇ ਉਹ ਪਹਿਲਾਂ ਦੀ ਤਰ੍ਹਾਂ ਹੀ ਕੰਮ ਕਰਦੇ ਰਹਿਣਗੇ।