ਸਮੁੱਚੇ ਆਸਟ੍ਰੇਲੀਆਈ ਲੋਕਾਂ ਨੂੰ ਕਰੋਨਾ ਦੀ ਵੈਕਸੀਨ ਲਗਾਉਣ ਵਾਸਤੇ ਕੀ ਲੱਗ ਜਾਏਗਾ 2023 ਤੱਕ ਦਾ ਸਮਾਂ -ਇੱਕ ਰਿਪੋਰਟ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਮੋਰੀਸਨ ਸਰਕਾਰ ਦਾ ਦਾਅਵਾ ਹੈ ਕਿ ਬੇਸ਼ੱਕ ਐਸਟ੍ਰੇਜ਼ੈਨੇਕਾ ਦੀ ਰੋਕ ਕਾਰਨ ਵੈਕਸੀਨ ਵਿਤਰਣ ਵਿੱਚ ਕਈ ਤਰ੍ਹਾਂ ਦੀਆਂ ਅੜਚਨਾਂ ਦਾ ਸਾਹਮਣਾ ਕਰਨਾ ਪਿਆ ਸੀ, ਪਰੰਤੂ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਦਾ ਮੰਨਣਾ ਹੈ ਕਿ ਹੁਣ ਗੱਡੀ ਲੀਹਾਂ ਤੇ ਮੁੜ ਤੋਂ ਦੌੜਨ ਲੱਗੀ ਹੈ ਅਤੇ ਕਰੋਨਾ ਵੈਕਸੀਨ ਦਾ ਵਿਤਰਣ ਸਹੀਬੱਧ ਤਰੀਕਿਆਂ ਦੇ ਨਾਲ ਹੀ ਹੋ ਰਿਹਾ ਹੈ।
ਪਰੰਤੂ ਅਸਲ ਸਵਾਲ ਤਾਂ ਇਹ ਹੈ ਕਿ ਸਮੁੱਚੇ ਆਸਟ੍ਰੇਲੀਆਈ ਲੋਕਾਂ ਨੂੰ ਆਖਿਰ ਕਦੋਂ ਤੱਕ ਉਕਤ ਵੈਕਸੀਨ ਦਾ ਟੀਕਾ ਲਗਾ ਦਿੱਤਾ ਜਾਵੇਗਾ ਅਤੇ ਕੀ ਇਹ ਵੀ ਸੱਚਾਈ ਹੈ ਕਿ ਸ਼ਾਇਦ ਇਸ ਵਾਸਤੇ 2023 ਤੱਕ ਦਾ ਸਮਾਂ ਵੀ ਲੱਗ ਜਾਵੇ ਕਿਉਂਕਿ ਸਰਕਾਰ ਦੀ ਮੌਜੂਦਾ ਚਾਲ ਤਾਂ ਇਹੋ ਦਰਸਾਉਂਦੀ ਹੈ।
ਸਰਕਾਰ ਨੇ ਇਸ ਸਾਲ ਦੇ ਸ਼ੁਰੂ ਵਿੱਚ ਜੋ ਕਰੋਨਾ ਵੈਕਸੀਨ ਦੇ ਵਿਤਰਣ ਦੀ ਸਮਾਂ ਸਾਰਣੀ ਜਾਰੀ ਕੀਤੀ ਸੀ ਉਸ ਮੁਤਾਬਿਕ ਮਾਰਚ ਦੇ ਮਹੀਨੇ ਤੱਕ 4 ਮਿਲੀਅਨ ਲੋਕਾਂ ਨੂੰ ਉਕਤ ਵੈਕਸੀਨ ਦੀ ਪੂਰਨ ਡੋਜ਼ ਦੇਣੀ ਸੀ। ਅਤੇ ਇਸ ਤੋਂ ਬਾਅਦ ਅਕਤੂਬਰ ਦੇ ਮਹੀਨੇ ਤੱਕ 20 ਮਿਲੀਅਨ ਬਾਲਿਗ ਲੋਕਾਂ ਨੂੰ ਦੇ ਡੋਜ਼ਾਂ ਦੇਣੀਆਂ ਸਨ -ਭਾਵ 40 ਮਿਲੀਅਨ ਕਰੋਨਾ ਵੈਕਸੀਨ ਦੀਆਂ ਡੋਜ਼ਾਂ। ਪਰੰਤੂ ਇਹ ਸ਼ੈਡਿਊਲ ਤਾਂ ਉਦੋਂ ਹੀ ਵਿਗੜ ਗਿਆ ਸੀ ਜਦੋਂ ਐਸਟ੍ਰੇਜ਼ੈਨੇਕਾ ਦਵਾਈ ਕਾਰਨ ਕਈ ਤਰ੍ਹਾਂ ਦੇ ਮੱਤਭੇਦ ਪੈਦਾ ਹੋ ਗਏ ਸਨ ਅਤੇ ਮੋਰੀਸਨ ਸਰਕਾਰ ਨੇ ਇੱਕ ਖਾਸ ਉਮਰ ਵਰਗ ਦੇ ਲੋਕਾਂ ਨੂੰ ਉਕਤ ਵੈਕਸੀਨ ਦੇਣੀ ਬੰਦ ਕਰ ਦਿੱਤੀ ਸੀ।
ਪ੍ਰੋਗਰਾਮ ਨੂੰ ਮੁੜ ਤੋਂ ਚਾਲੂ ਕਰਦਿਆਂ ਅਜਿਹੇ ਲੋਕ ਜਿਹੜੇ 50ਵਿਆਂ ਤੋਂ ਉਪਰ ਦੇ ਸਾਲਾਂ ਵਿੱਚ ਸਨ ਅਤੇ 1ਏ ਅਤੇ 1ਬੀ ਪੜਾਅ ਤਹਿਤ ਟੀਕਾ ਲਗਾਉਣ ਤੋਂ ਰਹਿ ਗਏ ਸਨ, ਨੂੰ ਮੁੜ ਤੋਂ ਅੱਗੇ ਲਿਆਇਆ ਗਿਆ ਅਤੇ ਐਸਟ੍ਰੇਜ਼ੈਨੇਕਾ ਦਾ ਟੀਕਾ ਹੀ ਲਗਾਇਆ ਜਾਣ ਲੱਗਾ ਤਾਂ ਜੋ ਫਾਈਜ਼ਰ ਦੀ ਡੋਜ਼ ਨੂੰ ਜ਼ਿਆਦਾ ਜੋਖਮ ਭਰੇ ਮਾਹੌਲ ਅਤੇ ਨੌਜਵਾਨਾਂ ਆਦਿ ਲਈ ਬਚਾ ਕੇ ਰੱਖਿਆ ਜਾ ਸਕੇ। ਇਸੇ ਹਫਤੇ ਜਨਰਲ ਪ੍ਰੈਕਟਿਸ਼ਨਰਾਂ ਦੀਆਂ ਕਲਿਨਿਕਾਂ, ਰਾਜ ਅਤੇ ਟੈਰਿਟਰੀਆਂ ਦੀਆਂ ਕਲਿਨਿਕਾਂ ਆਦਿ ਨੂੰ ਵੀ ਟੀਕਾਕਰਣ ਨਾਲ ਜੋੜਿਆ ਗਿਆ।
ਆਉਣ ਵਾਲੀ ਮਈ ਦੀ 17 ਤਾਰੀਖ ਤੋਂ ਜਨਰਲ ਪ੍ਰੈਕਟਿਸ਼ਟਰ (ਸਰਜਨ) ਵੀ ਇਸ ਮੁਹਿੰਮ ਵਿੱਚ ਦਾਖਲ ਹੋ ਰਹੇ ਹਨ ਅਤੇ ਪੜਾਅ 2ਬੀ ਦੇ ਤਹਿਤ ਟੀਕਾਕਰਣ ਵਿੱਚ ਭਾਗ ਲੈਣਗੇ। ਇਸ ਪੜਾਅ ਅਧੀਨ, ਇਸ ਸਮੇਂ ਦੇਖਿਆ ਜਾਵੇ ਤਾਂ 15.8 ਮਿਲੀਅਨ ਡੋਜ਼ਾਂ ਦੇਸ਼ ਅੰਦਰ ਮੌਜੂਦ ਹਨ।
ਅਤੇ ਆਂਕੜਿਆਂ ਮੁਤਾਬਿਕ ਤਾਂ ਇਹੀ ਲਗਦਾ ਹੈ ਕਿ 2023 ਦੇ ਅਪ੍ਰੈਲ ਮਹੀਨੇ ਦੇ ਅੰਤ ਤੱਕ ਹੀ ਇਹ ਟੀਕਾਕਰਣ ਪੂਰਨ ਰੂਪ ਵਿੱਚ ਲਾਗੂ ਹੋ ਪਾਏਗਾ ਅਤੇ ਉਹ ਵੀ ਤਾਂ ਜੇ ਸਥਿਤੀਆਂ ਆਮ ਵਰਗੀਆਂ ਹੀ ਰਹੀਆਂ ਅਤੇ ਜ਼ਿਆਦਾ ਉਤਾਰ ਚੜ੍ਹਾਅ ਨਾ ਆਏ।
ਆਂਕੜੇ ਦਰਸਾਉਂਦੇ ਹਨ ਕਿ ਮੌਜੂਦਾ ਸਪੀਡ ਨਾਲ ਕੰਮ ਕਰਦਿਆਂ ਤਾਂ 50ਵਿਆਂ ਸਾਲਾਂ ਤੋਂ ਉਪਰ ਵਾਲੇ ਲੋਕਾਂ ਨੂੰ ਟੀਕੇ ਲਗਾਉਂਦਿਆਂ ਅਗਲੇ 10 ਤੋਂ 12 ਮਹੀਨੇ ਦਾ ਸਮਾਂ ਲੱਗ ਜਾਵੇਗਾ ਤਾਂ ਫੇਰ 20 ਤੋਂ 49 ਸਾਲਾਂ ਦੇ ਲੋਕਾਂ ਦੀ ਵਾਰੀ ਤਾਂ ਸ਼ਾਇਦ ਇਨ੍ਹਾਂ ਤੋਂ ਬਾਅਦ ਹੀ ਆਵੇਗੀ…. ਕਿਉਂਕਿ ਇਸ ਵਰਗ ਨੂੰ ਤਾਂ ਹਾਲੇ ਤੱਕ ਛੋਹਿਆ ਵੀ ਨਹੀਂ ਗਿਆ ਹੈ!
ਪ੍ਰਧਾਨ ਮੰਤਰੀ ਸਕਾਟ ਮੋਰੀਸਨ ਦਾ ਕਹਿਣਾ ਹੈ ਕਿ ਉਹ ਇਸ ਚੱਲ ਰਹੀ ਸਪੀਡ ਤੋਂ ਸੰਤੁਸ਼ਟ ਹਨ ਕਿਉਂਕਿ ਉਹ ਹੋਰ ਦੇਸ਼ਾਂ ਜਿਵੇਂ ਕਿ ਫਰਾਂਸ, ਕੈਨੇਡਾ, ਸਾਊਥ ਕੋਰੀਆ ਅਤੇ ਨਿਊਜ਼ੀਲੈਂਡ ਵਰਗੇ ਦੇਸ਼ਾਂ ਦੀ ਤਰਜ ਤੇ ਹੀ ਚੱਲ ਰਹੇ ਹਨ।

Install Punjabi Akhbar App

Install
×