ਡਾਇਰੀ ਦੇ ਪੰਨ੍ਹੇ -ਕਿਉਂ ਟੁੱਟਦੀ ਹੈ ਗੱਲ!

ਜਦੋਂ  ਵੀ ਗੱਲ ਟੁੱਟਦੀ ਹੈ ਤਾਂ ਉਦੋਂ ਸਾਡਾ ਦਿਲ ਵੀ ਟੁੱਟਦਾ ਹੈ। ਵਾਰ ਵਾਰ ਟੁੱਟਦੀ ਹੈ ਗੱਲ ਤੇ ਵਾਰ ਵਾਰ ਟੁੱਟਦਾ ਹੈ ਦਿਲ। ਕਹਿੰਦੇ ਨੇ ਕਿ ਹਮੇਸ਼ਾ ਹਰੇਕ ਮਸਲੇ ਦਾ ਹੱਲ ਗੱਲ ਹੀ ਹੁੰਦੀ ਹੈ, ਜਦ ਗੱਲ ਅਧਵਾਟੇ ਰਹਿ ਜਾਵੇ ਤਾਂ ‘ਛੋਟੇ ਮਸਲੇ’’  ਵੱਡੇ ਬਣ ਜਾਂਦੇ ਨੇ ਤੇ ਜੇਕਰ  ਗੱਲ ਕਿਸੇ ਤਣ ਪੱਤਣ ਲਗ ਜਾਵੇ ਤਾਂ ‘ਵੱਡੇ’ ਮਸਲੇ’ ਵੀ ‘ਛੋਟੇ’ ਪੈ ਜਾਂਦੇ ਨੇ। ਦੁਨੀਆਂ ਭਰ ਦੇ ਮੁਲਕ ਆਪਸ ਵਿਚ ਬਹਿ ਕੇ ਗੱਲਾਂ ਨਿਬੇੜਦੇ ਦੇਖੇ ਜਾ ਸਕਦੇ ਨੇ ਤੇ ਗੱਲਾਂ ਨਿਬੜਨ ਬਾਅਦ ਗਲਵੱਕੜੀਆਂ ਵੀ ਪੈ ਜਾਂਦੀਆਂ ਨੇ, ਘੂਰਦੀਆਂ ਅੱਖਾਂ ਦੀ ਤੱਕਣੀ ਵਿਚ ਪਿਆਰ  ਤੇ ਇਸ਼ਕ ਦੀ ਲਿਸ਼ਕ ਆ ਜਾਂਦੀ ਹੈ। ਸਭ ਕੁਛ ਏਕੇ ਦੀ ਰੰਗਤ ਵਿਚ ਰੰਗਿਆ ਰੰਗਿਆ ਨਜਰ ਆਉਣ ਲਗਦਾ ਹੈ। ਇਸ ਵਕਤ ਕੇਂਦਰ ਨੇ ਅੜੀ ਫੜੀ ਹੋਈ ਹੈ। ਕਿਸਾਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ ਕੇਂਦਰ। ਮੀਟਿੰਗ  ਉਠਦੀ ਰਹੀ ਹੈ ਤੇ ਬਹਿੰਦੀ ਰਹੀ ਹੈ, ਤੇ ਕੇਂਦਰ ਕਹਿੰਦਾ ਹੈ  ਕਿ ਸਰਕਾਰ ਗੱਲਬਾਤ  ਕਰਨ ਵਾਸ। ਤੇ ਤਿਆਰ ਹੈ ਤੇ ਗੱਲਬਾਤ ਅੱਗੇ ਜਾਰੀ ਰਹੇਗੀ।ਇਹ ਗੱਲਬਾਤ ਹੁਣ ਕਦੋ ਹੁਮਦਿ ਹੈ ਤੇ ਕਿਵੇਂ ਹੁਮਦਿ ਹੈ, ਹਵਾ ਵਿਚ ਲਟਕ ਰਹ ਨੇ ਏਹ ਸਵਾਲ!

ਕਣਕਾਂ ਉਦਾਸ ਨੇ: ਅੱਜ ਖੇਤਾਂ ਵਿਚ ਕਣਕਾਂ ਵੀ ਉਦਾਸ ਨੇ ਕਿ ਕਣਕਾਂ ਦਾ ਪਾਲਣਹਾਰਾ ਦਿੱਲੀ  ਦੀਆਂ ਸੜਕਾਂ  ਉਤੇ ਟੁੱਟੇ  ਦਿਲ ਨਾਲ ਬੈਠਾ ਹੈ ਕਣਕ ਦੀ ਕਦਰ ਪੁਵਾਉਣ ਵਾਸਤੇ। ਨਿੱਕੇ ਹੁੰਦਿਆਂ ਇਹ ਗੀਤ ਸੁਣਿਆ ਕਰਦੇ ਸਾਂ: ਕਣਕਾਂ ਜੰਮੀਆਂ ਗਿੱਠ ਗਿੱਠ ਲੰਮੀਆਂ- ਘਰ ਆ ਢੋਲ ਸਿਪਾਹੀਆ ਵੇ- ਪਰ ਅਜ ਪੰਜਾਬ ਦਾ ਢੋਲ ਸਿਪਾਹੀ ਆਪਣੇ ਹੱਕ ਲੈਣ ਵਾਸਤੇ ਜੂਝ ਰਿਹਾ ਹੈ। ਸਮੇਂ ਨਾਲ ਸਿੰਝ ਰਿਹਾ ਹੈ। ਜਦ ਹਰਜੀਤ ਹਰਮਨ  ਗਾਉਂਦਾ ਹੈ-

ਜਿਸ ਵੇਲੇ ਕਣਕਾਂ ਨੂੰ ਪਹਿਲਾ ਪਾਣੀ ਲਾਉਂਦੇ ਜੱਟ, ਤੋਰੀਏ ਨੂੰ ਪੈਂਦੇ ਉਂਦੋਂ ਪੀਲੇ ਪੀਲੇ ਫੁੱਲ ਵੇ- ਓਸ ਰੁੱਤੇ ਸੱਜਣ ਮਿਲਾਦੇ ਰੱਬਾ ਮੇਰਿਆ,

ਸਾਰੀ ਹੀ ਉਮਰ ਤੇਰਾ ਤਾਰੀ ਜਾਊਂ ਮੁੱਲ ਵੇ—ਤਾਂ ਬਚਪਨ ਭਰੇ ਦਿਨ ਚੇਤੇ ਆ ਜਾਂਦੇ ਨੇ।  ਸਰੂਆਂ ਤੇ ਤੋਰੀਏ ਨੂੰ ਫੁੱਲ ਪੈ ਹਟੇ ਨੇ ਪਰ ਸੱਜਣਾ ਨੇ ਹਾਲੀ ਮੁੱਲ ਨਹੀਂ ਤਾਰਿਆ ਮੇਰੇ ਮੁਲਕ ਦੇ ਕਿਰਸਾਨ ਦਾ। ਕਣਕ ਪੱਕੇਗੀ। ਵੱਢੀ ਜਾਏਗੀ। ਸਾਰਾ ਮੁਲਕ ਖਾਏਗਾ। ਪਰ ਕਿਸਾਨ ਦੀ ਕਰਨੀ ਦਾ  ਮੁੱਲ ਕੌਣ ਪਾਏਗਾ? ਹਵਾ ਵਿਚ ਲਟਕਦਾ ਸਵਾਲ!

ਕਿਸਾਨ ਦੀ ਕਲਾ: ਸਾਡਾ ਸਰਵ ਸਾਂਝਾ ਕਿਸਾਨੀ ਅੰਦੋਲਨ ਸਿਖਰਾਂ ਵੱਲ ਵਧ ਰਿਹਾ ਹੈ। ਜੋਸ਼ੀਲੇ ਭਾਸ਼ਣਾ, ਅਗੇਵਧੂ ਕਵਿਤਾਵਾਂ ਤੇ ਦੇਸ਼ ਪਿਆਰ ਦੇ ਇਨਕਲਾਬੀ ਗੀਤਾਂ ਨੇ ਅੰਦੋਲਨ ਨੂੰ ਪੈਰਾਂ ਸਿਰ ਕਰੀ ਰੱਖਿਆ ਹੈ। ਅੰਨਦਾਤਾ  ਕੇਵਲ ਅੰਨ ਹੀ ਪੈਦਾ

ਨਹੀਂ ਕਰਦਾ ਸਗੋਂ ਬਹੁਪਖੀ ਕਲਾਵਾਂ ਦਾ ਵੀ ਮਾਲਕ ਹੈ, ਅਜਿਹਾ  ਪਰਦਰਸ਼ਨ ਸਾਡੇ ਕਿਸਾਨਾਂ ਨੇ ਇਨਾ ਲੋਕ ਪੱਖੀ ਘੋਲਾਂ ਵਿਚ ਕੀਤਾ ਹੈ ਤੇ ਕਰ ਰਹੇ ਨੇ। ਇਹ ਕਲਾਵਾਂ ਕੁਦਰਤ ਦੀ ਦੇਣ ਹਨ। ਸਿਧੇ ਸਾਧੇ ਰਬ ਵਰਗੇ ਬੰਦਿਆਂ ਕੋਲ ਲਾਜਵਾਬ ਆਵਾਜਾਂ ਨੇ, ਭਰਵੀਆਂ, ਸੁਰੀਲੀਆਂ, ਕੋਮਲ ਤੇ ਮਨਾਂ ਭਾਉਣ ਵਾਲੀਆਂ, ਹਲੂੰਣ ਦੇਣ ਵਾਲੀਆਂ। ਛੁਪੀਆਂ ਹੋਈਆਂ ਅਣਗਿਣਤ  ਕਲਾਵਾਂ ਉਭਰ ਕੇ ਸਾਹਮਣੇ ਆਈਆਂ ਨੇ ਅੰਦੋਲਨ ਦੇ ਜਰੀਏ।

ਅਜ ‘ਡਾਇਰੀਨਾਮਾ’ ਲਿਖਦਿਆਂ ਲਿਖਦਿਆਂ ਕਿਸਾਨਾਂ ਦਾ ਹਰਮਨ ਪਿਆਰਾ ਰੇਡੀਓ ਉਤੇ ਆਉਂਦਾ ‘ਦਿਹਾਤੀ ਪ੍ਰੋਗਰਾਮ’  ਚੇਤੇ ਆ ਗਿਆ ਹੈ ਤੇ ਚਾਚਾ  ਠੰਡੂ ਰਾਮ,ਰੌਣਕੀ ਰਾਮ, ਮਾਸਟਰ ਜੀ ਤੇ ਹੋਰ ਕਿੰਨੇ ਸਾਰੇ ਚੇਹਰੇ ਜੈ ਸਾਡੇ ਮਨਾਂ ਵਿਚ ਹਾਲੇ ਵੀ ਵਸੇ ਹੋਏ ਨੇ, ਇਕ ਫਨਕਾਰ ਗਾਇਆ ਕਰਦਾ ਸੀ ਦਿਹਾਤੀ ਪ੍ਰੋਗਰਾਮ  ਵਿਚ, ਨਾਂ ਸੀ ਹਰੀ  ਸਿੰਘ  ਰੰਗੀਲਾ, ਉਹਦੇ  ਕਿੰਨੇ ਸਾਲ ਪਹਿਲਾਭ ਗਾਏ ਕਿਸਾਨਾਂ ਦੇ ਗੀਤ ਦੇ ਇਹ ਬੋਲ ਅਜ ਕਿੰਨੇ ਸਾਰਥਕ ਹਨ ਤੇ ਕਿੰਨਾ ਢੁਕਦੇ ਨੇ ਅੱਜ ਦੇ ਸਮੇਂ ਉਤੇ:

ਬੱਲੇ ਬੱਲੇ ਓ ਕਿਸਾਨੋ ਬੱਲੇ ਬੱਲੇ ਜਿਮੀਦਾਰੋ ਓਏ

ਹੋਰ ਹੱਲਾ ਮਾਰੋ ਸ਼ੇਰੋ ਹੋਰ ਹੱਲਾ ਮਾਰੋ ਓ

ਬੱਲੇ ਬੱਲੇ  ਓ ਕਿਸਾਨੋ।

ਦੇਸ਼ ਵਿਚ ਵੰਡ ਦੇਵੋ ਪਰੇਮ ਤੇ ਪਿਆਰ ਨੂੰ

ਨਵਾਂ ਨਵਾਂ ਰੂਪ ਦਿਓ ਖੇਤਾਂ ਦੀ ਬਹਾਰ ਨੂੰ

ਮਥਾ ਥੋਡਾ ਚੁੰਮਾ ਦੇਸ਼ ਦਿਓ ਪਹਿਰੇਦਾਰੋ ਓਏ

ਬੱਲੇ ਬੱਲੇ ਓ ਜੁਆਨੋ ਬੱਲੇ ਬੱਲੇ

ਦੇਸ਼ ਦੇ ਕਿਸਾਨ ਦਾ ਮੱਥਾ ਚੁੰਮਣ ਤੇ ਉਹਦੇ ਚਰਨ ਸਪਰਸ਼ ਕਰਨ ਵਾਸਤੇ ਦੁਨੀਆਂ ਭਰ ਦੇ ਵੱਡੇ ਵੱਡੇ ਲੋਕ ਅੱਗੇ ਆ ਰਹੇ ਨੇ। ਆਉਣੇ ਚਾਹੀਦੇ ਵੀ  ਨੇ। ਕਿਸਾਨ ਬਿਨਾਂ ਅਸੀਂ ਕਿਸ ਕੰਮ ਦੇ? ਕਿਸਾਨ ਨਹੀਂ, ਅੰਨ ਨਹੀਂ। ਅੰਨ ਨਹੀਂ, ਧੰਨ ਨਹੀਂ। ਫਿਰ ਮਨ ਵੀ ਕਿੱਥੇ ਤੇ ਤੰਨ ਵੀ ਕਿੱਥੇ? ਕੀ ਕੀ  ਲਿਖਾਂ? ਅੱਜ ਏਨਾ ਹੀ ਕਾਫੀ, ਬਾਕੀ ਲਈ ਮਾਫੀ।

Install Punjabi Akhbar App

Install
×