ਗੋਰਿਆਂ ਦੇ ਸਕੂਲੀ ਬੱਚਿਆਂ ਨੇ ਗੁਰਦੁਆਰਾ ਸਾਹਿਬ ਪਹੁੰਚ ਸਿੱਖ ਧਰਮ ਬਾਰੇ ਜਾਣਕਾਰੀ ਹਾਸਿਲ ਕੀਤੀ

NZ PIC 21 Aug-1lr

ਇੱਥੋਂ ਦੇ ਸਭ ਤੋਂ ਵਿਸ਼ਾਲ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਅੱਜ ਗੋਰਿਆਂ ਦੇ ਇਕ ਸਕੂਲ ‘ਟੀਟੀਰੰਗੀ ਰੂਡੋਲਫ ਸਟੇਨਰ ਸਕੂਲ’ ਵੈਸਟ ਆਕਲੈਂਡ ਦੇ ਦਸਵੀਂ ਕਲਾਸ ਦੇ ਗੋਰੇ ਬੱਚੇ ਜਿਨ੍ਹਾਂ ਦੇ ਵਿਚ ਜ਼ਰਮਨੀ, ਰੂਸ, ਚਾਈਨੀਜ਼ ਅਤੇ ਜਾਪਾਨੀ ਮੂਲ ਦੇ ਵਿਦਿਆਰਥੀ ਵੀ ਸਨ, ਆਪਣੇ ਅਧਿਆਪਕਾਂ ਦੇ ਨਾਲ ਪਹੁੰਚੇ। ਉਨ੍ਹਾਂ ਦੇ ਇਥੇ ਪਹੁੰਚਣ ਦਾ ਮੁੱਖ ਮਕਦਸ ਸਿੱਖ ਧਰਮ ਬਾਰੇ ਅਤੇ ਸਿੱਖ ਵਿਰਸੇ ਬਾਰੇ ਜਾਣਕਾਰੀ ਹਾਸਿਲ ਕਰਨਾ ਸੀ। ਲਗਪਗ 30 ਬੱਚਿਆਂ ਦਾ ਇਹ ਸਮੂਹ ਸਵੇਰੇ 10 ਵਜੇ ਗੁਰਦੁਆਰਾ ਸਾਹਿਬ ਪਹੁੰਚਿਆ। ਉਨ੍ਹਾਂ ਦੇ ਸਵਾਗਤ ਲਈ ਕਮੇਟੀ ਮੈਂਬਰ ਸ. ਖੜਗ ਸਿੰਘ ਅਤੇ ਸੁਪਰੀਮ ਸਿੱਖ ਸੁਸਾਇਟੀ ਦੇ ਬੁਲਾਰੇ ਸ. ਦਲਜੀਤ ਸਿੰਘ ਖਾਸ ਤੌਰ ‘ਤੇ ਪਹੁੰਚੇ ਸਨ। ਇਨ੍ਹਾਂ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਦੇ ਮੁੱਖ ਦਰਵਾਜ਼ੇ ਉਤੇ ਇਕੱਤਰ ਕਰਕੇ ਪਹਿਲਾਂ ਨਿਸ਼ਾਨ ਸਾਹਿਬ, ਅੰਮ੍ਰਿਤ ਦੇ ਬਾਟੇ ਦੇ ਬਣੇ ਮਾਡਲ, ਸਿੰਘ ਸੂਰਮੇ ਅਤੇ ਸੂਰਮੀਆਂ ਦੇ ਬਣੇ ਬੁੱਤਾਂ, ਗੁਰਦੁਆਰਾ ਸਾਹਿਬ ਦੀ ਉਸਾਰੀ, ਨੀਯਤ ਪਹਿਰਾਵੇ ਅਤੇ  ਰਹਿਤ ਮਰਿਯਾਦਾ ਅਨੁਸਾਰ ਕੁਝ ਜਰੂਰੀ ਗੱਲਾਂ ਬਾਰੇ ਦੱਸਿਆ ਗਿਆ। ਸਾਰੇ ਬੱਚਿਆਂ ਨੇ ਉਥੇ ਰੱਖੇ ਗਏ ਪਟਕਿਆਂ ਨਾਲ ਸਿਰ ਢਕਿਆ ਅਤੇ ਫਿਰ ਦਰਬਾਰ ਹਾਲ ਦੇ ਵਿਚ ਮੱਥਾ ਟੇਕਿਆ। ਸ. ਖੜਗ ਸਿੰਘ ਅਤੇ ਸ. ਹਰਜਿੰਦਰ ਸਿੰਘ ਮੈਨੇਜਰ ਹੋਰਾਂ ਸਾਰੇ ਬੱਚਿਆਂ ਨੂੰ ਸਿੱਖ ਧਰਮ ਬਾਰੇ ਮੁੱਢਲੀ ਜਾਣਕਾਰੀ ਦਿੱਤੀ ਅਤੇ ਫਿਰ ਲੈਪਟਾਪ ਦੇ ਉਤੇ ਸਿੱਖ ਧਰਮ ਬਾਰੇ ਬਣਾਏ ਸਲਾਈਡ ਸ਼ੋਅ ਨੂੰ ਪੇਸ਼ ਕੀਤਾ। ਬਹੁਤ ਸਾਰੇ ਬੱਚਿਆਂ ਨੇ ਹੋਰ ਪ੍ਰਸ਼ਨ ਕਰਕੇ ਹੋਰ ਵਾਧੂ ਜਾਣਕਾਰੀ ਵੀ ਹਾਸਿਲ ਕੀਤੀ।   ਲਗਪਗ ਇਕ ਘੰਟੇ ਦੇ ਇਸ ਸੈਸ਼ਨ ਤੋਂ ਬਾਅਦ ਸਾਰੇ ਬੱਚੇ ਅਤੇ ਅਧਿਆਪਕ ਲੰਗਰ ਹਾਲ ਦੇ ਵਿਚ ਆਏ ਅਤੇ ਪੰਕਤਾਂ ਦੇ ਵਿਚ ਬੈਠ ਕੇ ਬੜੇ ਚਾਅ ਨਾਲ ਲੰਗਰ ਛਕਿਆ। ਪੰਜਾਬ ਤੋਂ ਇਥੇ ਪਹੁੰਚੇ ਹੋਏ ਦਸਤਾਰ ਕੋਚ ਸ. ਕਰਨੈਲ ਸਿੰਘ ਜੌੜਾ ਨਾਗਪਾਲ ਨੇ ਇਕ ਗੋਰੇ ਮੁੰਡੇ ਦੇ ਪੱਗ ਬੰਨ੍ਹੀ ਜੋ ਕਿ ਸਾਰੇ ਬੱਚਿਆਂ ਨੇ ਬੜੀ ਉਤਸੁਕਤਾ  ਨਾਲ ਪੱਗ ਬੰਨ੍ਹ ਹੁੰਦੀ ਵੇਖੀ ਅਤੇ ਫਿਲਮਾਂ ਬਣਾਈਆਂ। ਇਹ ਪੱਗ ਫਿਰ ਉਸ ਗੋਰੇ ਮੁੰਡੇ ਨੂੰ ਹੀ ਯਾਦਗਾਰ ਵੱਜੋਂ ਦੇ ਦਿੱਤੀ ਗਈ। ਖੁੱਲ੍ਹੇ ਪੰਡਾਲ ਦੇ ਵਿਚ ਇਕੱਤਰ ਹੋਏ ਬੱਚਿਆਂ ਨੂੰ ਫਿਰ ਸ. ਦਲਜੀਤ ਸਿੰਘ ਹੋਰਾਂ ਹੋਰ ਜਾਣਕਾਰੀ ਦੇ ਵਿਚ ਵਾਧਾ ਕਰਦਿਆਂ ਗੁਰਦੁਆਰਾ ਸਾਹਿਬ ਬਾਰੇ, ਇਥੇ ਹੁੰਦੀਆਂ ਖੇਡਾਂ ਅਤੇ ਅਕਤੂਬਰ ਦੇ ਵਿਚ ਮਨਾਏ ਜਾ ਰਹੇ ‘ਸਿੱਖ ਚਿਲਡਰਨ ਡੇਅ’  ਬਾਰੇ ਦੱਸਿਆ। ਬੱਚਿਆਂ ਦੇ ਇਸ ਗਰੁੱਪ ਦੀ ਅਗਵਾਈ ਸੀਨੀਅਰ ਟੀਚਰ ਸ੍ਰੀ ਪੀਟਰ ਪੈਟਰਸਨ, ਅਤੇ ਸ੍ਰੀਮਤੀ ਮੈਰੀ ਕਰ ਰਹੇ ਸਨ। ਅੰਤ ਇਹ ਬੱਚੇ ਬਹੁਤ ਹੀ ਖੁਸ਼ੀ-ਖੁਸ਼ੀ ਅਤੇ ਕਈ ਕੁਝ ਨਵਾਂ ਸਿੱਖ ਕੇ ਬਾਗੋ-ਬਾਗ ਹੋ ਕੇ ਵਾਪਿਸ ਪਰਤ ਗਏ।

Install Punjabi Akhbar App

Install
×