ਅਕਾਲੀ ਸਰਕਾਰ ਸਮੇਂ ਹੋਏ ਬਿਜਲੀ ਸਮਝੌਤਿਆਂ ‘ਤੇ ਵਾਈਟ ਪੇਪਰ ਲਿਆਵਾਂਗੇ -ਕੈਪਟਨ

ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਥੇ ਪੰਜਾਬ ਵਿਧਾਨ ਸਭਾ ਦੇ ਇਜਲਾਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਮਗਰਲੀ ਅਕਾਲੀ-ਭਾਜਪਾ ਸਰਕਾਰ ਵਲੋਂ ਨਿੱਜੀ ਖੇਤਰ ਦੇ ਥਰਮਲ ਪਲਾਂਟਾਂ ਲਈ ਕੰਪਨੀਆਂ ਨਾਲ ਕੀਤੇ ਸਮਝੌਤਿਆਂ ਸਬੰਧੀ ਆਪਣਾ ਵਾਈਟ ਪੇਪਰ ਵਿਧਾਨ ਸਭਾ ਦੇ ਮਾਨਸੂਨ ਇਜਲਾਸ ਦੌਰਾਨ ਪੇਸ਼ ਕਰੇਗੀ ਜੋ ਆਮ ਤੌਰ ‘ਤੇ ਅਗਸਤ-ਸਤੰਬਰ ਵਿਚ ਹੁੰਦਾ ਹੈ | ਲੇਕਿਨ ਮੁੱਖ ਮੰਤਰੀ ਵਲੋਂ ਇਸ ਮੁੱਦੇ ‘ਤੇ ਵਾਈਟ ਪੇਪਰ ਜਾਰੀ ਕਰਨ ਲਈ ਏਨੀ ਲੰਮੀ ਤਰੀਕ ਕਿਉਂ ਪਾਈ ਗਈ, ਇਸ ਦਾ ਸਰਕਾਰੀ ਪੱਧਰ ‘ਤੇ ਕੋਈ ਜਵਾਬ ਨਹੀਂ ਦਿੱਤਾ ਗਿਆ | ਇਹ ਵੀ ਸਪਸ਼ਟ ਨਹੀਂ ਕੀਤਾ ਕਿ ਵਾਈਟ ਪੇਪਰ ਕੇਵਲ ਅਕਾਲੀਆਂ ਵਲੋਂ ਕੀਤੇ ਗਏ ਸਮਝੌਤਿਆਂ ਸਬੰਧੀ ਹੀ ਹੋਵੇਗਾ ਜਾਂ ਉਸ ਵਿਚ ਅਕਾਲੀ ਦਲ ਵਲੋਂ ਲਗਾਏ ਗਏ ਦੋਸ਼ਾਂ ਕਿ ਕੋਲੇ ਦੀ ਧੁਆਈ ਸਬੰਧੀ ਜਾਣਬੁੱਝ ਕੇ ਸਰਕਾਰ ਵਲੋਂ ਕੇਸ ਹਾਰ ਕੇ 4 ਹਜ਼ਾਰ ਕਰੋੜ ਦਾ ਨੁਕਸਾਨ ਕਰਨ ਦੇ ਦੋਸ਼ਾਂ ਨੂੰ ਵੀ ਵਾਈਟ ਪੇਪਰ ਵਿਚ ਸ਼ਾਮਿਲ ਕੀਤਾ ਜਾਵੇਗਾ | ਮੁੱਖ ਮੰਤਰੀ ਨੇ ਅੱਜ ਇਥੇ ਕਿਹਾ ਕਿ ਅਕਾਲੀ ਦਲ ਆਪਣੇ ਮੁਫਾਦਾਂ ਲਈ ਇਸ ਮੁੱਦੇ ਨੂੰ ਸਿਆਸੀ ਰੰਗਤ ਦੇ ਰਿਹਾ ਹੈ | ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਹੇਠਲੀ ਅਦਾਲਤ ‘ਚੋਂ ਕੇਸ ਜਿੱਤ ਗਈ ਸੀ ਜਦੋਂਕਿ ਸੁਪਰੀਮ ਕੋਰਟ ਦਾ ਫ਼ੈਸਲਾ ਪੰਜਾਬ ਸਰਕਾਰ ਦੇ ਵਿਰੁੱਧ ਆ ਗਿਆ | ਲੇਕਿਨ ਸਰਕਾਰ ਅਜੇ ਵੀ ਸੁਪਰੀਮ ਕੋਰਟ ਵਿਚ ਇਸ ਮੁੱਦੇ ‘ਤੇ ਲੜ ਰਹੀ ਹੈ | ਉਨ੍ਹਾਂ ਇਹ ਵੀ ਕਿਹਾ ਕਿ ਵਿਰੋਧੀ ਧਿਰ ਵਿਚ ਹੁੰਦਿਆਂ ਉਨ੍ਹਾਂ ਖ਼ੁਦ ਵੀ ਇੰਡੀਆ ਬੁਲਜ਼ ਕੰਪਨੀ ਵਿਰੁੱਧ ਧਰਨਾ ਦਿੱਤਾ ਸੀ ਕਿਉਂਕਿ ਅਕਾਲੀ ਸਰਕਾਰ ਵਲੋਂ ਗਿੱਦੜਬਾਹਾ ਵਿਖੇ ਸਰਕਾਰੀ ਖੇਤਰ ਦੀ ਐਨ.ਟੀ.ਪੀ.ਸੀ. ਨਾਲ ਪ੍ਰਾਜੈਕਟ ਦਾ ਮਾਮਲਾ ਰੱਦ ਕਰਕੇ ਇੰਡੀਆ ਬੁਲਜ਼ ਨਾਲ ਗਲੋਬਲ ਟੈਂਡਰਾਂ ਤੋਂ ਬਿਨਾਂ ਬਿਜਲੀ ਪਲਾਂਟ ਲਗਾਉਣ ਦਾ ਫ਼ੈਸਲਾ ਲਿਆ ਸੀ | ਉਨ੍ਹਾਂ ਭਰੋਸਾ ਦਿਵਾਇਆ ਕਿ ਸਰਕਾਰ ਪੰਜਾਬ ਦੇ ਮੁਫ਼ਾਦ ਦੀ ਰੱਖਿਆ ਕਰੇਗੀ | ਨਾਗਰਿਕਤਾ ਕਾਨੂੰਨ ਸਬੰਧੀ ਮਤਾ ਲਿਆਉਣ ਬਾਰੇ ਪੁੱਛੇ ਜਾਣ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਤੁਸੀਂ ਕੱਲ੍ਹ ਤੱਕ ਇੰਤਜ਼ਾਰ ਕਰੋ | ਵਰਨਣਯੋਗ ਹੈ ਕਿ ਰਾਜ ਸਰਕਾਰ ਪਹਿਲਾਂ ਹੀ ਇਸ ਕਾਨੂੰਨ ਦਾ ਵਿਰੋਧ ਕਰਨ ਸਬੰਧੀ ਐਲਾਨ ਕਰ ਚੁੱਕੀ ਹੈ | ਮੁੱਖ ਮੰਤਰੀ ਨੇ ਰਾਜਪਾਲ ਦੇ ਭਾਸ਼ਣ ਦੌਰਾਨ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਵਲੋਂ ਕੀਤੇ ਗਏ ਵਾਕਆਊਟ ਨੂੰ ਸਦਨ ਦੀ ਕਾਰਵਾਈ ‘ਚ ਖ਼ਲਲ ਪਾਉਣ ਦੀ ਕੋਸ਼ਿਸ਼ ਕਰਾਰ ਦਿੱਤਾ | ਉਨ੍ਹਾਂ ਕਿਹਾ ਕਿ ਜਦੋਂ ਰਾਜਪਾਲ 550ਵੇਂ ਪ੍ਰਕਾਸ਼ ਪੁਰਬ ਵਰਗੇ ਧਾਰਮਿਕ ਮੁੱਦੇ ‘ਤੇ ਬੋਲ ਰਹੇ ਸਨ ਤਾਂ ਵਿਰੋਧੀ ਧਿਰ ਵਲੋਂ ਹੰਗਾਮਾ ਕੀਤਾ ਗਿਆ, ਜੋ ਕਿ ਨਿੰਦਣਯੋਗ ਸੀ |

ਧੰਨਵਾਦ ਸਹਿਤ (ਅਜੀਤ)

Install Punjabi Akhbar App

Install
×