ਹਾਏ! ਲੋਕ ਕੀ ਕਹਿਣਗੇ…….

Shinag Singh Sandhu 190906 lok ki kehng ee

ਸਮਾਂ ਬਦਲ ਗਿਆ, ਹਾਲਾਤ ਬਦਲ ਗਏ, ਤਕਨੀਕ ਬਦਲ ਗਈ, ਰਹਿਣ ਸਹਿਣ ਬਦਲ ਗਿਆ ਪਰ ਅੱਜ ਵੀ ਬਹੁਤ ਸਾਰੇ ਲੋਕਾਂ ਦੀ ਸੋਚ ਇਸੇ ਗੱਲ ਤੇ ਅੜੀ ਹੋਈ ਹੈ ਕਿ ਲੋਕ ਕੀ ਕਹਿਣਗੇ।

ਕੰਮ ਨੂੰ ਵੀ ਆਪਣਾ ਮਿਸ਼ਨ ਬਣਾ ਕੇ ਨਹੀਂ ਸਗੋਂ ਲੋਕਾਂ ਨੂੰ ਮੁੱਖ ਰੱਖ ਕੇ ਕੀਤਾ ਜਾਂਦਾ ਹੈ। ਆਪਣੇ ਰੁਤਬੇ ਨੂੰ ਲੋਕਾਂ ਤੋਂ ਉੱਚਾ ਰੱਖਣ ਦੀ ਖ਼ਾਤਰ ਕਰਜ਼ੇ ਦੀ ਬਿਨ੍ਹਾਂ ਪ੍ਰਵਾਹ ਕੀਤੇ ਲਗਜ਼ਰੀ ਚੀਜ਼ਾਂ ਖ਼ਰੀਦੀਆਂ ਜਾਂਦੀਆਂ ਭਾਵੇਂ ਉਨ੍ਹਾਂ ਦੀ ਜ਼ਰੂਰਤ ਤੋਂ ਬਿਨ੍ਹਾਂ ਵੀ ਸਰਦਾ ਹੋਵੇ।

ਪੜ੍ਹ ਲਿਖ ਕੇ ਨੌਜਵਾਨਾਂ ਨੂੰ ਛੋਟਾ ਕੰਮ ਕਰਨ ਲੱਗਿਆ ਸ਼ਰਮ ਮਹਿਸੂਸ ਹੁੰਦੀ ਕਿ ਜੇ ਉਨ੍ਹਾਂ ਨੇ ਛੋਟਾ ਕੰਮ ਕੀਤਾ ਤਾਂ ਲੋਕ ਕਹਿਣਗੇ ਕਿ ਪੜ੍ਹ ਲਿਖ ਕੇ ਇਹ ਕੰਮ ਕਰ ਰਿਹਾ ਜਦ ਕਿ ਬਾਹਰਲੇ ਦੇਸ਼ ਜਾ ਕੇ ਇਹੋ ਨੌਜਵਾਨ ਹਰ ਨਿੱਕੇ ਤੋਂ ਨਿੱਕਾ ਕੰਮ ਕਰਨ ਲਈ ਤਿਆਰ ਹੋ ਜਾਂਦਾ ਪ੍ਰੰਤੂ ਇੱਥੇ ਲੋਕਾਂ ਦਾ ਕਰਕੇ ਕੰਮ ਕਰਨ ਦੀ ਬਜਾਏ ਵਿਹਲਾ ਬਹਿਣਾ ਚੰਗਾ ਸਮਝਦੇ। ਲੋਕਾਂ ਦੀ ਫ਼ਿਤਰਤ ਹੈ ਕਿ ਛੋਟੇ ਦੇਸ਼ ਵਿੱਚ ਬੱਚਿਆਂ ਨੂੰ ਨਹੀਂ ਭੇਜਣਾ ਭਾਵੇਂ ਏਜੰਟਾਂ ਕੋਲ ਦਸ-ਵੀਹ ਲੱਖ ਰੁਪਿਆ ਫਸ ਜਾਵੇ ਪਰ ਭੇਜਣਾ ਕੈਨੇਡਾ ਈ ਆ। ਸਿਹਤ ਭਾਵੇਂ ਜਵਾਬ ਦੇ ਜਾਵੇ ਪ੍ਰੰਤੂ ਡਾਕਟਰ ਦੇ ਕਹਿਣ ਦੇ ਬਾਵਜੂਦ ਵੀ ਸਾਈਕਲ ਤੇ ਜਾਂਦੇ ਜਾਂ ਤੁਰ ਕੇ ਜਾਣ ‘ਚ ਬੜੀ ਸ਼ਰਮ ਆਉਂਦੀ।

ਅੱਜ-ਕੱਲ੍ਹ ਕੁੜੀ ਵਿਆਹੁਣ ਵੇਲੇ ਸਿਰਫ਼ ਅਮੀਰ ਪਰਿਵਾਰ ਹੀ ਵੇਖਿਆ ਜਾਂਦਾ, ਚੰਗਾ ਘਰਾਣਾ ਨਹੀਂ। ਵਿਆਹ ਸ਼ਾਦੀ ਕਰਨ ਲੱਗਿਆ ਲੋਕ ਆਪਣੀ ਹੈਸੀਅਤ ਤੋਂ ਬਾਹਰ ਜਾ ਕੇ ਕਰਜ਼ਾ ਚੁੱਕ ਕੇ ਖ਼ਰਚ ਕਰਦੇ ਹਨ ਸਿਰਫ਼ ਲੋਕ ਵਿਖਾਵੇ ਲਈ। ਫਿਰ ਭਾਵੇਂ ਸਾਰੀ ਉਮਰ ਕਰਜ਼ੇ ‘ਚ ਡੁੱਬੇ ਰਹਿਣ ਤੇ ਅਖੀਰ ਗੱਲ ਆਤਮ ਹੱਤਿਆ ਤੇ ਆਣ ਮੁੱਕਦੀ। ਵਿਆਹ ਦੌਰਾਨ ਸੂਟ-ਬੂਟ ਅਤੇ ਗਹਿਣਾ-ਗੱਟਾ ਵੀ ਏਸੇ ਕਰਕੇ ਹੀ ਮਹਿੰਗੇ ਤੋਂ ਮਹਿੰਗਾ ਪਾਇਆ ਜਾਂਦਾ ਹੈ ਤਾਂ ਕਿ ਅਸੀਂ ਕਿਸੇ ਤੋਂ ਘੱਟ ਨਾ ਦਿਸੀਏ ਅਤੇ ਸ਼ਰੀਕਾ ਵਿੱਚ ਨੱਕ ਉੱਚਾ ਰਹੇ। ਆਮ ਕਰਕੇ ਵੇਖਣ ਨੂੰ ਮਿਲਦਾ ਹੈ ਕਿ ਅਜੇ ਵੀ ਲੋਕਾਂ ਦੀ ਸੌੜੀ ਸੋਚ ਤੋ ਡਰਦਿਆਂ ਪਿੰਡਾਂ ਵਿੱਚ ਬੱਚਿਆਂ ਦੇ ਵਿਆਹ ਜਲਦੀ ਕਰ ਦਿੱਤੇ ਜਾਂਦੇ ਹਨ। ਰਿਸ਼ਤੇਦਾਰ ਵੀ ਇਹੋ ਕਹਿਣਾ ਸ਼ੁਰੂ ਕਰ ਦਿੰਦੇ ਕਿ ਬੱਚੇ ਵਿਆਹੁਣ ਦੀ ਕਰੋ ਅੱਜਕੱਲ੍ਹ ਜ਼ਮਾਨਾ ਨਹੀਂ ਚੰਗਾ। ਜ਼ਿਆਦਾ ਪੜ੍ਹਾ ਲਿਖਾ ਕੇ ਕੀ ਕਰਨਾ। ਕਰਨਾ ਤਾਂ ਘਰ ਦਾ ਕੰਮ ਈ ਆ। ਛੋਟੀ ਉਮਰੇ ਹੀ ਜ਼ਿੰਮੇਵਾਰੀਆਂ ਦੇ ਬੋਝ ਹੇਠਾਂ ਦੱਬੇ ਜਾਣ ਕਾਰਨ ਉਨ੍ਹਾਂ ਨੂੰ ਆਪਣਾ ਉਦੇਸ਼ ਪੂਰਾ ਕਰਨ ਲਈ ਅੱਗੇ ਵਧਣ ਦਾ ਮੌਕਾ ਹੀ ਨਹੀਂ ਮਿਲਦਾ।

ਗ਼ਰੀਬ ਕੋਲ ਕੋਈ ਬੈਠ ਕੇ ਰਾਜ਼ੀ ਨਹੀਂ। ਸ਼ਾਨ ‘ਚ ਫ਼ਰਕ ਪੈਂਦਾ। ਅਮੀਰ ਲੋਕ ਗ਼ਰੀਬ ਨੂੰ ਮਿਲਣ ‘ਚ ਸ਼ਰਮ ਮਹਿਸੂਸ ਕਰਦੇ। ਆਮ ਕਰਕੇ ਸਰਕਾਰੀ ਮਹਿਕਮਿਆਂ ‘ਚ ਵੇਖਣ ਵਿੱਚ ਆਉਂਦਾ ਹੈ ਕਿ ਪੱਕੇ ਮੁਲਾਜ਼ਮ ਕੱਚੇ ਮੁਲਾਜ਼ਮਾਂ ਤੋਂ ਦੂਰੀ ਬਣਾ ਕੇ ਰੱਖਦੇ। ਇੱਥੋਂ ਤੱਕ ਕਿ ਹੱਥ ਮਿਲਾਉਣਾ ਵੀ ਮੁਨਾਸਬ ਨਹੀਂ ਸਮਝਦੇ ਜਿਵੇਂ ਉਨ੍ਹਾਂ ਨੇ ਕੋਈ ਗੁਨਾਹ ਕੀਤਾ ਹੋਵੇ। ਆਪਣਾ ਰੁਤਬਾ ਉੱਚਾ ਸਮਝਦੇ ਨੇ ਤਾਂ ਹੀ ਤਾਂ ਧੜੇਬਾਜ਼ੀਆਂ ਬਣਦੀਆਂ। ਨਤੀਜੇ ਵਜੋਂ ਆਪਸੀ ਰੰਜਸ਼ ਉਤਪੰਨ ਹੁੰਦੀ ਹੈ। ਸਮਾਜ ਵਿੱਚ ਬਹੁਤੇ ਚੌਧਰ ਪ੍ਰਧਾਨ ਲੋਕ ਇਨਸਾਨ ਨੂੰ ਇਨਸਾਨੀਅਤ ਪੱਖੋਂ ਨਹੀਂ ਸਗੋਂ ਪੈਸੇ ਪੱਖੋਂ ਦੇਖਦੇ। ਦੂਜਿਆਂ ਤੋਂ ਚੰਗੇ ਕੱਪੜੇ ਪਾਉਣੇ, ਉਧਾਰ ਚੁੱਕ ਕੇ ਬੁਲਟ ਤੇ ਵੱਡੀ ਗੱਡੀ ਲੈਣਾ ਸ਼ਾਨ ਸਮਝਿਆ ਜਾਂਦਾ। ਲੋਕ ਫੋਕੀ ਟੋਹਰ ਅਤੇ ਵਾਹ ਵਾਹ ਖੱਟਣ ਦੀ ਖ਼ਾਤਰ ਆਪਣਾ ਝੁੱਗਾ ਚੌੜ ਕਰਾ ਲੈਂਦੇ।

ਲੋਕ ਤਾਂ ਕਿਸੇ ਪਾਸੇ ਨਹੀਂ ਲੱਗਣ ਦਿੰਦੇ। ਜੇ ਕੋਈ ਵਿਦੇਸ਼ ਕੰਮ ਕਰਨ ਚਲਾ ਜਾਵੇ ਤਾਂ ਪੁੱਛਣਗੇ ਕਿ ਕਦੋਂ ਆ ਰਿਹਾ ਵਾਪਸ ਅਤੇ ਜੇ ਆ ਜਾਵੇ ਤਾਂ ਉਸ ਦਿਨ ਤੋਂ ਹੀ ਪੁੱਛਣਾ ਸ਼ੁਰੂ ਕਰ ਦਿੰਦੇ ਨੇ ਕਦੋਂ ਵਾਪਸੀ ਫਿਰ। ਇੱਥੇ ਰਹਿ ਕੇ ਕਿਹੜਾ ਗੁਜ਼ਾਰਾ ਉਥੇ ਤਾਂ ਪੈਸੇ ਚਾਰ ਬਣਦੇ। ਜੇ ਕੋਈ ਘਰ ਰਹੇ ਤਾਂ ਵੀ ਲੋਕ ਕਹਿਣਗੇ ਕੋਈ ਕੰਮ ਧੰਦਾ ਈ ਕਰ ਲਿਆ ਕਰ ਸਾਰਾ ਦਿਨ ਵਿਹਲਾ ਰੋਟੀਆਂ ਈ ਪਾੜੀ ਜਾਣਾ ਤੇ ਜੇ ਕੋਈ ਕੰਮ ਕਰਦਾ ਉਸ ਨੂੰ ਕਹਿੰਦੇ ਕਿ ਕਦੇ ਬਹਿ ਵੀ ਜਾਇਆ ਕਰ ਐਨੇ ਪੈਸੇ ਕਮਾ ਕੇ ਕੀ ਕਰਨਾ। ਆਰੀ ਨੂੰ ਇੱਕ ਪਾਸੇ ਦੰਦੇ , ਜਹਾਨ ਨੂੰ ਦੋ ਪਾਸੇ ਨਹੀਂ, ਚਾਰ ਪਾਸੇ ਦੰਦੇ। ਲੋਕਾਂ ਵੱਲ ਵੇਖ ਕੇ ਤਰੱਕੀਆਂ ਨਹੀਂ ਹੁੰਦੀਆਂ। ਕਦੇ ਸੋਚੋ ਕਿ ਜੋ ਵੱਡੇ-ਵੱਡੇ ਬਿਜ਼ਨਸਮੈਨ ਤੇ ਧਨਾਢ ਬਣੇ ਕੀ ਉਹ ਇੱਕ ਦਿਨ ‘ਚ ਹੀ ਆਪਣੀ ਮੰਜ਼ਿਲ ਤੇ ਪਹੁੰਚ ਗਏ ਸਨ। ਉਨ੍ਹਾਂ ਨੂੰ ਵੀ ਬਹੁਤ ਸਾਰੀਆਂ ਮੁਸ਼ਕਲਾਂ ਤੇ ਤਾਹਨਿਆਂ ਮਿਹਣਿਆਂ ਦਾ ਸਾਹਮਣਾ ਕਰਨਾ ਪਿਆ। ਬਹੁਤੇ ਲੋਕ ਤਾਂ ਆਪਣੇ ਇਸਤਰੀ ਪਰਿਵਾਰਕ ਮੈਂਬਰ ਨੂੰ ਵੀ ਨਾਲ ਲਿਜਾਉਣ ਤੇ ਕਹਿ ਦਿੰਦੇ ਕਿ ਪਤਾ ਨਹੀਂ ਅੱਜ ਕਿਸ ਨੂੰ ਬਿਠਾਈ ਜਾ ਰਿਹਾ ਸੀ।

ਸਾਡੇ ਮਨਾਂ ‘ਚ ਈ ਡਰ ਹੁੰਦਾ ਜਿਵੇਂ ਕੋਈ ਸਾਨੂੰ ਦੇਖ ਰਿਹਾ ਹੋਵੇ ਤੇ ਸਾਡੀ ਕਿਸੇ ਗੱਲ ਤੇ ਹੱਸ ਰਿਹਾ ਹੋਵੇ ਪ੍ਰੰਤੂ ਜ਼ਰੂਰੀ ਨਹੀਂ ਕਿ ਉਹ ਸਾਡੇ ਤੇ ਹੱਸ ਰਿਹਾ ਹੋਵੇ। ਹੋ ਸਕਦਾ ਉਹ ਆਪਣੇ ਮਨ ਦੇ ਵਿਚਾਰਾ ਕਰਕੇ ਖ਼ੁਸ਼ ਹੋ ਰਿਹਾ ਹੋਵੇ। ਹਕੀਕਤ ਚ’ ਇੱਕ ਵਾਰ ਅਸੀਂ ਜਾ ਰਹੇ ਸੀ ਤਾਂ ਰਸਤਾ ਤੰਗ ਹੋਣ ਕਰਕੇ ਇੱਕ ਅੱਗੇ ਜਾ ਰਹੇ ਵਿਅਕਤੀ ਦੀ ਕਾਰ ਚਿੱਕੜ ਵਿੱਚ ਫਸ ਗਈ ਤਿਲ੍ਹਕਣ ਹੋਣ ਕਾਰਨ ਬਹੁਤ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਡਰਾਈਵਰ ਕੋਲੋਂ ਕਾਰ ਬਾਹਰ ਨਹੀਂ ਸੀ ਨਿਕਲ ਰਹੀ ਨਜ਼ਦੀਕ ਹੀ ਇੱਕ ਖੜ੍ਹਾ ਵਿਅਕਤੀ ਬਹੁਤ ਜ਼ੋਰ ਨਾਲ ਬਾਂਹਾਂ ਹਿਲਾ ਕੇ ਕਹਿ ਰਿਹਾ ਸੀ ਕਿ ਜੇ ਮੈਂ ਹੁੰਦਾ ਤਾਂ ਹੁਣ ਨੂੰ ਕਾਰ ਬਾਹਰ ਕੱਢ ਲੈਣੀ ਸੀ। ਉਸ ਦੀ ਗੱਲ ਸੁਣ ਕੇ ਡਰਾਈਵਰ ਨਰਵਸ ਹੋ ਗਿਆ। ਇਹ ਦੇਖ ਕੇ ਅਸੀਂ ਡਰਾਈਵਰ ਕੋਲੋਂ ਚਾਬੀ ਲੈ ਕੇ ਉਸ ਵਿਅਕਤੀ ਨੂੰ ਚਾਬੀ ਦਿੱਤੀ ਤਾਂ ਉਸ ਵਿਅਕਤੀ ਦੇ ਚਿਹਰੇ ਦਾ ਰੰਗ ਉੱਡ ਗਿਆ ਤੇ ਕਹਿੰਦਾ ਮੈਨੂੰ ਤਾਂ ਗੱਡੀ ਚਲਾਉਣ ਦੀ ਜਾਚ ਹੀ ਨਹੀਂ। ਇਸ ਬੀਤੀ ਘਟਨਾ ਤੋਂ ਪਤਾ ਚੱਲਦਾ ਹੈ ਕਿ ਅਕਸਰ ਅਸੀਂ ਆਪਣੇ ਮਨ ਵਿੱਚ ਦੂਜੇ ਵੱਲ ਵੇਖ ਕੇ ਹੀ ਆਪਣੀ ਯੋਗਤਾ ਘੱਟ ਹੋਣ ਦਾ ਗ਼ਲਤ ਅੰਦਾਜ਼ਾ ਲਾ ਲੈਂਦੇ ਹਾਂ। ਕੀ ਕਦੇ ਸੋਚਿਆ ਕਿ ਜਿਨ੍ਹਾਂ ਲੋਕਾਂ ਤੋਂ ਡਰਦੇ ਅਸੀਂ ਕੁੱਝ ਨਹੀਂ ਕਰ ਰਹੇ। ਉਨ੍ਹਾਂ ਤਾਂ ਆਪਣੀ ਜ਼ਿੰਦਗੀ ਵਿੱਚ ਕਦੇ ਕੁੱਝ ਨਹੀਂ ਕੀਤਾ। ਜੋ ਮਾੜਾ ਕਹਿੰਦਾ ਉਸਦਾ ਪਿਛੋਕੜ ਜ਼ਰੂਰ ਫਰੋਲੋ। ਘਰ ਲਈ ਤਾਂ ਹਰ ਕੋਈ ਕਮਾਉਂਦਾ। ਇਹ ਦੇਖੋ ਕਿ ਉਸਦੀ ਸਮਾਜ ਨੂੰ ਕੀ ਦੇਣ। ਕੀ ਕੀਤਾ ਸਮਾਜ ਦੇ ਲੋਕਾਂ ਲਈ। ਘਰੇ ਖਾ ਕੇ ਮਤ ਨਹੀਂ ਆਉਂਦੀ। ਜਦੋਂ ਕਿਸੇ ਦੇ ਅਤੀਤ ਵਿੱਚ ਕੀਤੇ ਕੰਮਾਂ ਤੇ ਝਾਤ ਪਾਈ ਜਾਵੇ ਤਾਂ ਉਸਦੀ ਅਸਲੀ ਤਸਵੀਰ ਸਾਹਮਣੇ ਆ ਜਾਵੇਗੀ। ਜੇ ਕੋਈ ਤਕੜਾ ਤਾਂ ਆਪਣੇ ਘਰ ਹੋਊ। ਕਿਸੇ ਨੂੰ ਕੁੱਝ ਨਹੀਂ ਦਿੰਦਾ। ਰੋਟੀ ਆਪਣੀ ਹੀ ਕਮਾ ਕੇ ਖਾਣੀ ਪੈਂਦੀ ਭਾਵੇਂ ਚੰਗੀ ਹੋਵੇ ਜਾਂ ਮਾੜੀ। ਜੇ ਸੋਚਿਆ ਜਾਵੇ ਤਾਂ ਇਹਨਾਂ ਲੋਕਾਂ ਨੇ ਤਾਂ ਪੀਰ, ਪੈਗ਼ੰਬਰਾਂ, ਰਿਸ਼ੀਆਂ ਮੁਨੀਆਂ ਅਤੇ ਅਵਤਾਰਾਂ ਨੂੰ ਵੀ ਕਦੇ ਚੰਗਾ ਨਹੀਂ ਕਿਹਾ ਸਗੋਂ ਕੋਈ ਨਾ ਕੋਈ ਨੁਕਸ ਉਨ੍ਹਾਂ ‘ਚ ਵੀ ਕੱਢ ਦਿੱਤਾ ਫਿਰ ਅਸੀਂ ਕਿਸ ਬਾਗ਼ ਦੀ ਮੂਲ਼ੀ ਹਾਂ।

ਸਮੇਂ ਦੀ ਚਾਲ ਦੇ ਨਾਲ-ਨਾਲ ਚੱਲਦਿਆਂ ਸਾਨੂੰ ਆਪਣੀਆਂ ਪੀੜੀਆਂ ਨੂੰ ਇਸ ਭਿਆਨਕ ਕੋਹੜ ਵਰਗੀ ਬਿਮਾਰੀ ਤੋਂ ਬਚਾਉਣ ਦੀ ਲੋੜ ਹੈ। ਹਮੇਸ਼ਾ ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ। ਫੋਕੀ ਟੌਹਰ, ਅਡੰਬਰ ਅਤੇ ਰਿਸ਼ਤੇਦਾਰਾਂ ਤੋਂ ਵੱਡਾ ਦਿਸਣ ਦੀ ਚਾਹਤ ਨੂੰ ਤਿਆਗ ਕੇ ਸਾਨੂੰ ਆਪਣੇ ਬੱਚਿਆਂ ਨੂੰ ਉਨ੍ਹਾਂ ਦੇ ਮਿਸ਼ਨ ਵਿੱਚ ਕਾਮਯਾਬ ਹੋਣ ਲਈ ਲਗਨ ਅਤੇ ਮਿਹਨਤ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਬਹੁਤ ਸਾਰੇ ਹੋਣਹਾਰ ਵੀ ਇਹੀ ਰੋਗੀ ਸੋਚ ਦਾ ਸ਼ਿਕਾਰ ਹੋਣ ਕਰਕੇ ਆਪਣੀ ਜ਼ਿੰਦਗੀ ਦਾ ਕੋਈ ਉਦੇਸ਼ ਪੂਰਾ ਨਹੀਂ ਕਰ ਪਾਉਂਦੇ। ਕਲਾ ਉਨ੍ਹਾਂ ਦੇ ਮਨਾਂ ਵਿੱਚ ਹੀ ਦੱਬ ਕੇ ਰਹਿ ਜਾਂਦੀ। ਲੋਕਾਂ ਤੋਂ ਡਰਦੇ ਹੀ ਉੱਪਰ ਨਾ ਉਠ ਕੇ ਆਪਣੀ ਜ਼ਿੰਦਗੀ ਨਰਕ ਬਣਾ ਲੈਂਦੇ।

ਜ਼ਿੰਦਗੀ ਇੱਕ ਸੰਘਰਸ਼ ਹੈ। ਜੇ ਅਸੀਂ ਜਾਨਵਰਾਂ ਦੀ ਤਰ੍ਹਾਂ ਰੋਟੀ ਖਾ ਕੇ ਹੀ ਸਾਰੀ ਉਮਰ ਬੋਝ ਬਣ ਕੇ ਮਰ ਗਏ ਤਾਂ ਮਨੁੱਖ ਹੋਣ ਦਾ ਕੀ ਫ਼ਾਇਦਾ। ਗ਼ਰੀਬ ਹੋਣਾ ਕੋਈ ਪਾਪ ਨਹੀਂ। ਇਨਸਾਨ ਜਨਮ ਤੋਂ ਗ਼ਰੀਬ ਜਾਂ ਅਮੀਰ ਪੈਦਾ ਹੋ ਸਕਦਾ ਹੈ ਪਰ ਸਾਰੀ ਉਮਰ ਉਸ ਗ਼ਰੀਬੀ ਵਿੱਚ ਹੀ ਕੱਟ ਕੇ ਬਿਨ੍ਹਾਂ ਮਿਹਨਤ ਅਤੇ ਸੰਘਰਸ਼ ਕੀਤੇ ਮਰ ਜਾਣਾ ਪਾਪ ਹੈ।

ਆਓ ਸਮਾਜ ਵਿੱਚ ਪਈਆਂ ਹੋਈਆਂ ਰੂੜ੍ਹੀਵਾਦੀ ਪਗਡੰਡੀਆਂ ਛੱਡ ਕੇ ਸਮਾਜ ਨੂੰ ਇੱਕ ਨਵਾਂ ਦ੍ਰਿਸ਼ਟੀਕੋਣ ਦਿੰਦੇ ਹੋਏ ਨਵੀਨ ਪੈੜਾਂ ਪਾਈਏ ਜੋ ਆਉਣ ਵਾਲੇ ਸਮੇਂ ਵਿੱਚ ਇੱਕ ਮਿਸਾਲ ਬਣ ਸਕਣ ਅਤੇ ਆਉਣ ਵਾਲੀ ਨਵੀਂ ਪੀੜੀ ਨੂੰ ਨਮੂਨਾ ਨਹੀਂ ਸਗੋਂ ਉਦਾਹਰਨ ਬਣਾਉਂਦੇ ਹੋਏ ਆਪਣੀ ਜ਼ਿੰਦਗੀ ਦਾ ਇੱਕ ਮਿਸ਼ਨ ਬਣਾ ਕੇ ਬੇਝਿਜਕ ਆਪਣੇ ਹੁਨਰ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰੀਏ ਤਾਂ ਜੋ ਭਵਿੱਖ ਅੰਦਰ ਨਵੀਂ ਸੋਚ ਦੀ ਪਿਰਤ ਪੈ ਸਕੇ।

(ਸ਼ਿਨਾਗ ਸਿੰਘ ਸੰਧੂ – ਸ਼ਮਿੰਦਰ ਕੌਰ ਰੰਧਾਵਾ)
+91 97816-93300

sahitphulwari@gmail.com

Install Punjabi Akhbar App

Install
×