ਨਿਊ ਸਾਊਥ ਵੇਲਜ਼ ਅੰਦਰ ਹੁਣ ਗੁੰਮੇ ਨੂੰ ਲੱਭਣ ਲਈ ਇੱਕ ਸਥਾਨ

(ਸਟੇਸ਼ਨ ਤੇ ਯਾਤਰੀਆਂ ਵੱਲੋਂ ਜਾਣ ਬੁੱਝ ਕੇ ਛੱਡਿਆ ਗਿਆ ਸੋਫਾ)

ਜਨਤਕ ਟ੍ਰਾਂਸਪੋਰਟਾਂ ਅੰਦਰ ਕਈ ਤਰ੍ਹਾਂ ਦੇ ਗੁੰਮ ਹੋਏ ਸਾਮਾਨ ਨੂੰ ਲੱਭਣ ਅਤੇ ਵਾਪਿਸ ਲੈ ਕੇ ਜਾਣ ਵਾਸਤੇ ਰਾਜ ਸਰਕਾਰ ਵੱਲੋਂ ਹੁਣ ਇੱਕ ਸਥਾਨ ਦੀ ਸਥਾਪਨਾ ਕੀਤੀ ਗਈ ਹੈ ਅਤੇ ਇਸ ਰਾਹੀਂ ਗੁੰਮ ਹੋਈਆਂ ਵਸਤੂਆਂ ਦਾ ਵੇਰਵਾ ਡਿਜੀਟਲ ਮਾਧਿਅਮਾਂ ਰਾਹੀਂ ਦਰਸਾਇਆ ਜਾ ਰਿਹਾ ਹੈ।
ਸੜਕ ਪਰਿਵਹਨ ਮੰਤਰੀ ਐਂਡ੍ਰਿਊ ਕੰਸਟੈਂਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਿਸਟਮ ਰਾਹੀਂ ਹਰ ਤਰ੍ਹਾਂ ਦੇ ਜਨਤਕ ਵਾਹਨਾਂ ਆਦਿ ਵਿੱਚੋਂ ਲੱਭਿਆ ਗਿਆ ਸਮਾਨ ਇੱਕ ਹੀ ਜਗ੍ਹਾ ਉਪਰ ਇਕੱਠਾ ਕੀਤਾ ਜਾਵੇਗਾ ਅਤੇ ਗ੍ਰਾਹਕਾਂ ਦੀ ਸੇਵਾ ਲਈ ਇਹ ਕੇਂਦਰ, ਇੱਕ ਸੁਵਿਧਾ ਦਾ ਸਾਧਨ ਬਣੇਗਾ ਅਤੇ ਲੋਕਾਂ ਨੂੰ ਆਪਣੀਆਂ ਗੁੰਮ ਹੋਈਆਂ ਵਸਤੂਆਂ ਲਈ ਥਾਂ ਥਾਂ ਤੇ ਜਾ ਕੇ ਟੱਕਰਾਂ ਨਹੀਂ ਮਾਰਨੀਆਂ ਪੈਣਗੀਆਂ।
ਉਨ੍ਹਾਂ ਕਿਹਾ ਕਿ ਆਂਕੜੇ ਦਰਸਾਉਂਦੇ ਹਨ ਕਿ ਅਧਿਕਾਰੀਆਂ ਨੂੰ ਹਰ ਰੋਜ਼ 200 ਦੇ ਕਰੀਬ ਅਜਿਹੀਆਂ ਆਈਟਮਾਂ ਮਿਲਦੀਆਂ ਹਨ ਜੋ ਕਿ ਲੋਕ ਆਪਣੇ ਸਫਰ ਦੌਰਾਨ ਗੁਆ ਬੈਠਦੇ ਹਨ ਅਤੇ ਕਈ ਵਾਰੀ ਤਾਂ ਸੀ.ਸੀ.ਟੀ.ਵੀ. ਫੁਟੇਜ ਤੋਂ ਪਤਾ ਵੀ ਚਲਦਾ ਹੈ ਕਿ ਲੋਕ ਜਾਣਬੁੱਝ ਕੇ ਹੀ ਆਪਣੇ ਕੁੱਝ ਸਾਮਾਨ ਨੂੰ ਪਲੇਟ ਫਾਰਮਾਂ ਜਾਂ ਹੋਰ ਜਨਤਕ ਟ੍ਰਾਂਸਪੋਰਟਾਂ ਅੰਦਰ ਛੱਡ ਜਾਂਦੇ ਹਨ ਜੋ ਕਿ ਬਾਅਦ ਵਿੱਚ ਸਰਕਾਰ ਅਤੇ ਸੁਰੱਖਿਆ ਅਜੰਸੀਆਂ ਵਾਸਤੇ ਨਵੀਂ ਸਿਰਦਰਦੀ ਬਣ ਜਾਂਦਾ ਹੈ। ਇੱਕ ਸਾਲ ਅੰਦਰ ਹੀ ਕਈ ਵਾਰੀ ਤਾਂ 200,000 ਦੇ ਕਰੀਬ ਅਜਿਹੀਆਂ ਵਸਤੂਆਂ ਮਿਲਦੀਆਂ ਜੋ ਕਿ ਲੋਕਾਂ ਦੀਆਂ ਗੁਆਚੀਆਂ ਅਤੇ ਜਾਂ ਫੇਰ ਜਾਣ ਬੁੱਝ ਕੇ ਛੱਡੀਆਂ ਹੋਈਆਂ ਹੁੰਦੀਆਂ ਹਨ ਅਤੇ ਇਨ੍ਹਾਂ ਵਿੱਚ ਵਾਪਸੀ ਦੀ ਦਰ ਮਹਿਜ਼ 45% ਹੀ ਹੁੰਦੀ ਹੈ।
ਕੁੱਝ ਆਂਕੜਿਆਂ ਮੁਤਾਬਿਕ, ਹਰ ਮਹੀਨੇ 5000 ਤੋਂ ਵੱਧ ਅਜਿਹੀਆਂ ਵਸਤੂਆਂ ਪਾਈਆਂ ਜਾਂਦੀਆਂ ਹਨ; 1900 ਵਸਤੂਆਂ ਦੀ ਤਾਂ ਵਾਪਸੀ ਹੋ ਜਾਂਦੀ ਹੈ; ਅਤੇ ਹਰ ਸਾਲ 7000 ਦੇ ਕਰੀਬ ਅਜਿਹੀਆਂ ਬਾਕੀ ਪਈਆਂ ਵਸਤੂਆਂ ਦੀ ਨਿਲਾਮੀ ਕਰ ਦਿੱਤੀ ਜਾਂਦੀ ਹੈ ਜੋ ਕਿ ਸਾਲ ਵਿੱਚ ਇੱਕ ਵਾਰੀ ਹੀ ਹੁੰਦੀ ਹੈ; 2000 ਦੇ ਕਰੀਬ ਚਸ਼ਮੇ ਆਦਿ ਹਰ ਸਾਲ ਦਾਨ ਕਰ ਦਿੱਤੇ ਜਾਂਦੇ ਹਨ; ਮਹਿਜ਼ ਬੀਤੇ ਹਫ਼ਤੇ ਵਿੱਚ ਹੀ ਸਿਡਨੀ ਟ੍ਰੇਨਾਂ ਦੇ ਨੈਟਵਰਕ ਵਿੱਚੋਂ ਹੀ 200 ਤੋਂ ਜ਼ਿਆਦਾ ਛਤਰੀਆਂ ਮਿਲੀਆਂ ਹਨ; ਹਰ ਹਫਤੇ 750 ਦੇ ਕਰੀਬ ਅਜਿਹੀਆਂ ਈ ਮੇਲਾਂ ਮਿਲਦੀਆਂ ਹਨ ਜਿਨ੍ਹਾਂ ਵਿੱਚ ਕਿ ਗੁੰਮੀਆਂ ਹੋਈਆਂ ਵਸਤੂਆਂ ਅਤੇ ਉਨ੍ਹਾਂ ਦੀ ਵਾਪਸੀ ਦੇ ਚਾਹਵਾਨਾਂ ਬਾਰੇ ਜਾਣਕਾਰੀ ਹੁੰਦੀ ਹੈ; ਜ਼ਿਆਦਾਤਰ ਸਾਮਾਨ -ਪਰਸ, ਮੋਬਾਇਲ ਫੋਨ ਅਤੇ ਏਅਰ ਪੋਡ ਹੁੰਦੇ ਹਨ।

Install Punjabi Akhbar App

Install
×