
(ਦ ਏਜ ਮੁਤਾਬਿਕ) ਲੋਕਾਂ ਵੱਲੋਂ ਦਾਇਰ ਕੀਤੀਆਂ ਗਈਆਂ ਸ਼ਿਕਾਇਤਾਂ ਦੇ ਆਧਾਰ ਤੇ ਪੱਛਮੀ ਸਿਡਨੀ ਦੇ ਹੈਮੂਰੈਬੀ ਰੈਸਟੋਰੈਂਟ (ਫੇਅਰਫੀਲਡ ਹਾਈਟਸ) ਦੇ ਪ੍ਰਬੰਧਕਾਂ ਨੂੰ, ਰੈਸਟੋਰੈਂਟ ਅੰਦਰ ਕੋਵਿਡ-19 ਤੋਂ ਬਚਾਅ ਸਬੰਧੀ ਹਦਾਇਤਾਂ ਦੀ ਪੂਰਨ ਤੌਰ ਤੇ ਪਾਲਨਾ ਆਦਿ ਨਾ ਕਰਨ ਲਈ, ਸਿਹਤ ਅਧਿਕਾੀਆਂ ਵੱਲੋਂ 11,000 ਡਾਲਰ ਦਾ ਜੁਰਮਾਨਾ ਕੀਤਾ ਗਿਆ ਹੈ। ਕੁੱਝ ਲੋਕਾਂ ਨੇ ਇਸ ਸਬੰਧੀ ਸਿਹਤ ਅਧਿਕਾਰੀਆਂ ਅਤੇ ਪ੍ਰਸ਼ਾਸਨ ਕੋਲ ਸ਼ਿਕਾਇਤਾਂ ਦਰਜ ਕੀਤੀਆਂ ਸਨ ਕਿ ਉਕਤ ਅਦਾਰੇ ਜਿੱਥੇ ਕਿ ਜਨਤਕ ਤੌਰ ਤੇ ਸਮਾਗਮਾਂ ਜਿਵੇਂ ਕਿ ਮੀਟਿੰਗਾਂ, ਵਿਆਹ-ਸ਼ਾਦੀਆਂ, ਕ੍ਰਿਸਟਨਿੰਗ ਦੀਆਂ ਰਸਮਾਂ, ਅਤੇ ਹੋਰ ਭਾਈਚਾਰਕ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਂਦਾ ਹੈ, ਅੰਦਰ ਕਰੋਨਾ ਦੇ ਖਿਲਾਫ ਬਣਾਏ ਗਏ ਸਰਕਾਰ ਦੇ ਨਿਯਮਾਂ ਦਾ ਪਾਲਣ ਪੂਰੀ ਤਰ੍ਹਾਂ ਨਹੀਂ ਕੀਤਾ ਜਾਂਦਾ ਅਤੇ ਇਸ ਵਿੱਚ ਬਹੁਤ ਸਾਰੀਆਂ ਖਾਮੀਆਂ ਹਨ ਜੋ ਕਿ ਕਿਤੇ ਨਾ ਕਿਤੇ ਜਨਤਕ ਸਿਹਤ ਨਾਲ ਖਿਲਵਾੜ ਹੈ ਅਤੇ ਕਦੇ ਵੀ ਕੋਈ ਕਰੋਨਾ ਦਾ ਕਲਸਟਰ ਆਦਿ ਇੱਥੋਂ ਮੁੜ ਤੋਂ ਸਿਰ ਚੁੱਕ ਸਕਦਾ ਹੈ। ਪੁਲਿਸ ਅਧਿਕਾਰੀਆਂ ਨੇ ਆਪਣੀ ਪੜਤਾਲ ਵਿੱਚ ਪਾਇਆ ਕਿ ਇੱਥੋਂ ਦੇ ਪ੍ਰਬੰਧਕ ਆਪਣੇ ਕੋਲੋਂ ਕੋਈ ਕੋਵਿਡ-19 ਸੇਫਟੀ ਪਲਾਨ ਪੇਸ਼ ਹੀ ਨਹੀਂ ਕਰ ਸਕੇ। ਉਥੋਂ ਦੇ ਸੀ.ਸੀ.ਟੀ.ਵੀ. ਵੀ ਕੰਮ ਨਹੀਂ ਕਰ ਰਹੇ ਸਨ ਜਿਹੜਾ ਕਿ ਵਾਤਾਵਰਣ ਪਲੈਨਿੰਗ ਕਾਨੂੰਨ (environmental planning legislation) ਦੀ ਉਲੰਘਣਾ ਹੈ ਅਤੇ ਇਸ ਵਾਸਤੇ ਰੈਸਟੋਰੈਂਟ ਦੇ ਪ੍ਰਬੰਧਕਾਂ ਨੂੰ 5000 ਡਾਲਰ ਦਾ ਜੁਰਮਾਨਾ ਕੀਤਾ ਗਿਆ ਅਤੇ ਇਸ ਤੋਂ ਇਲਾਵਾ ਕੋਵਿਡ-19 ਦੇ ਨਿਯਮਾਂ ਦੀ ਉਲੰਘਣਾਂ ਕਾਰਨ 6000 ਡਾਲਰ ਦਾ ਜੁਰਮਾਨਾ ਕੀਤਾ ਗਿਆ। ਨਿਊ ਸਾਊਥ ਵੇਲਜ਼ ਪੁਲਿਸ ਵੱਲੋਂ ਸ਼ਿਕਾਇਤ ਕਰਤਾਵਾਂ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ ਗਿਆ ਅਤੇ ਲੋਕਾਂ ਨੂੰ ਅਪੀਲ ਵੀ ਕੀਤੀ ਗਈ ਕਿ ਜੇਕਰ ਕਿਸੇ ਨੂੰ, ਕਿਤੇ ਵੀ ਅਜਿਹੀਆਂ ਸੂਚਨਾਵਾਂ ਮਿਲਣ ਜਾਂ ਦਿਖਾਈ ਦੇਣ ਤਾਂ ਤੁਰੰਤ ਸਥਾਨਕ ਪ੍ਰਸ਼ਾਸਨ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦੇਣ ਤਾਂ ਜੋ ਸਮਾਂ ਰਹਿੰਦਿਆਂ ਹੀ ਕਿਸੇ ਆਉਣ ਵਾਲੀ ਮੁਸੀਬਤ ਤੋਂ ਛੁਟਕਾਰਾ ਪਾਇਆ ਜਾ ਸਕੇ।