ਪੱਛਮੀ ਸਿਡਨੀ ਦੇ ਗਲੈਂਡਨਿੰਗ ਖੇਤਰ ਦੇ ਇੱਕ ਘਰ ਵਿੱਚ ਅੱਗ ਲੱਗ ਜਾਣ ਕਾਰਨ 2 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਅੱਗ ਦੀਆਂ ਲੱਪਟਾਂ ਵਿੱਚੋਂ ਬਚਾਉ ਦਲ਼ ਦੇ ਕਰਮੀਆਂ ਨੇ ਇੱਕ 74 ਸਾਲਾਂ ਦੀ ਬਜ਼ੁਰਗ ਮਹਿਲਾ ਨੂੰ ਸਹੀ ਸਲਾਮਤ ਬਾਹਰ ਕੱਢ ਕੇ ਬਚਾ ਵੀ ਲਿਆ ਹੈ।
ਨਿਊ ਸਾਊਥ ਵੇਲਜ਼ ਦੇ ਅੱਗ ਬੁਝਾਊ ਅਤੇ ਬਚਾਉ ਦਲ਼ ਦੇ ਸੁਪਰਿਨਟੈਂਡੈਂਟ ਐਡਮ ਡਿਊਬੈਰੀ ਨੇ ਦੱਸਿਆ ਕਿ ਸਵੇਰੇ ਦੇ 5 ਕੁ ਵਜੇ ਅੱਗ ਲੱਗੀ ਅਤੇ ਜਦੋਂ ਅੱਗ ਬੁਝਾਊ ਕਰਮਚਾਰੀ ਇੱਥੇ ਪਹੁੰਚੇ ਤਾਂ ਅੱਗ ਪੂਰੀ ਤਰ੍ਹਾਂ ਫੈਲ ਚੁਕੀ ਸੀ। ਇੱਕ ਵਿਅਕਤੀ ਨੂੰ ਅੱਗ ਵਿੱਚੋਂ ਬਾਹਰ ਕੱਢਿਆ ਗਿਆ ਸੀ ਪਰੰਤੂ ਉਸਦੀ ਹਾਲਤ ਠੀਕ ਨਹੀਂ ਸੀ ਅਤੇ ਜਲਦੀ ਹੀ ਉਹ ਦਮ ਤੋੜ ਗਿਆ ਸੀ।
ਜਦੋਂ ਅੱਗ ਅਤੇ ਧੂੰਏਂ ਉਪਰ ਕਾਬੂ ਪਾਇਆ ਗਿਆ ਤਾਂ ਅੰਦਰ ਪਹੁੰਚਣ ਤੇ ਇੱਕ ਹੋਰ ਵਿਅਕਤੀ ਦੀ ਮ੍ਰਿਤਕ ਦੇਹ ਮਿਲੀ ਜੋ ਕਿ ਇੱਕ 77 ਸਾਲਾਂ ਦੇ ਬਜ਼ੁਰਗ ਦੀ ਸੀ ਅਤੇ ਉਹ ਇਸ ਦਰਘਟਨਾ ਦਾ ਪਹਿਲਾਂ ਹੀ ਸ਼ਿਕਾਰ ਹੋ ਚੁਕਿਆ ਸੀ।
ਪੁਲਿਸ ਹੁਣ ਮਾਮਲੇ ਦੀ ਪੜਤਾਲ ਕਰ ਰਹੀ ਹੈ ਪਰੰਤੂ ਕਿਸੇ ਵੀ ਸ਼ਰਾਰਤੀ ਅਨਸਰ ਵੱਲੋਂ ਕੀਤੀ ਗਈ ਕੋਈ ਕਾਰਵਾਈ ਆਦਿ ਤੋਂ ਪੁਲਿਸ ਇਨਕਾਰ ਹੀ ਕਰ ਰਹੀ ਹੈ ਅਤੇ ਅੱਗ ਦਾ ਕਾਰਨ ਕੁੱਝ ਹੋਰ ਦੱਸਿਆ ਜਾ ਰਿਹਾ ਹੈ। ਪੜਤਾਲ ਜਾਰੀ ਹੈ।