ਪੱਛਮੀ ਆਸਟ੍ਰੇਲੀਆ ਵਿੱਚ ਮੱਛਰ ਦੇ ਕੱਟਣ ਕਾਰਨ ਬੱਚੇ ਦੀ ਮੌਤ

ਪੱਛਮੀ ਕਿੰਬਰਲੇ ਵਿਚਲੇ ਇੱਕ ਬੱਚੇ ਨੂੰ ਮੱਛਰ ਦੇ ਕੱਟਣ ਤੇ ਪਰਥ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਪਰੰਤੂ ਇਲਾਜ ਦੇ ਚਲਦਿਆਂ ਹੀ ਬੱਚੇ ਦੀ ਮੌਤ ਹੋ ਗਈ।
ਸਿਹਤ ਵਿਭਾਗ ਦਾ ਕਹਿਣਾ ਹੈ ਕਿ ਉਕਤ ਬੱਚੇ ਨੂੰ ਮੂਰੇ ਘਾਟੀ ਵਿੱਚ ਪਾਏ ਜਾਣ ਵਾਲੇ ਇੱਕ ਬਹੁਤ ਹੀ ਖਾਸ ਕਿਸਮ ਦੇ ਮੱਛਰ ਨੇ ਕੱਟਿਆ ਸੀ ਜਿਸ ਕਾਰਨ ਬੱਚੇ ਦੀ ਮੌਤ ਹੋਈ ਹੈ। ਇਸ ਖਾਸ ਕਿਸਮ ਦੇ ਮੱਛਰ ਦੇ ਡੰਗ ਮਾਰਨ ਕਰਕੇ ਇਨਸਾਨ ਦੇ ਦਿਮਾਗ ਵਿੱਚ ਸੋਜਾ ਆ ਜਾਂਦਾ ਹੈ ਅਤੇ ਕਈ ਵਾਰੀ ਇਨਸਾਨ ਇਸ ਨੂੰ ਸਹਾਰ ਹੀ ਨਹੀਂ ਸਕਦਾ।
ਵਿਭਾਗ ਨੇ ਇਹ ਵੀ ਦੱਸਿਆ ਹੈ ਕਿ ਉਕਤ ਮੱਛਰ, ਰਾਜ ਭਰ ਵਿੱਚ ਬਹੁਤ ਹੀ ਘੱਟ ਮਿਲਦਾ ਹੈ ਅਤੇ ਇਹ ਬੱਚੇ ਵਾਲਾ ਮਾਮਲਾ ਬੀਤੇ 6 ਸਾਲਾਂ ਦੌਰਾਨ ਮਹਿਜ਼ ਇੱਕ ਹੀ ਹੈ ਕਿ ਕਿਸੇ ਨੂੰ ਉਕਤ ਮੱਛਰ ਨੇ ਕੱਟਿਆ ਹੋਵੇ ਤੇ ਉਸ ਦੀ ਮੌਤ ਹੋ ਗਈ ਹੋਵੇ।
ਇਸਤੋਂ ਇਲਾਵਾ ਸਮੁੱਚੇ ਦੇਸ਼ ਅੰਦਰ ਅਜਿਹੇ 8 ਮਾਮਲੇ ਆਏ ਹਨ ਜਿਸ ਵਿੱਚ ਕਿ ਇਸੇ ਖਾਸ ਕਿਸਮ ਦੇ ਮੱਛਰ ਦੇ ਡੰਗਣ ਦੀਆਂ ਰਿਪੋਰਟਾਂ ਹਨ ਅਤੇ ਲੋਕ ਇਸ ਕਾਰਨ ਬੀਮਾਰ ਹੋਏ ਹਨ।
ਇਸ ਮੱਛਰ ਦੇ ਕੱਟਣ ਕਾਰਨ ਆਮ ਤੌਰ ਤੇ 2 ਹਫ਼ਤਿਆਂ ਦੇ ਅੰਦਰ ਅੰਦਰ ਬੁਖਾਰ ਹੋ ਸਕਦਾ ਹੈ ਅਤੇ ਜਾਂ ਫੇਰ ਸਿਰਦਰਦ, ਜ਼ੁਕਾਮ, ਉਲਟੀਆਂ ਅਤੇ ਜਾਂ ਫੇਰ ਪੱਠਿਆਂ ਵਿੱਚ ਦਰਦ ਹੋ ਜਾਂਦੇ ਹਨ।
ਇਸ ਤੋਂ ਇਲਾਵਾ ਕਈਆਂ ਨੂੰ ਇਹ ਜ਼ਿਆਦਾ ਅਸਰ ਕਰ ਜਾਂਦਾ ਹੈ ਅਤੇ ਬੁਰੀ ਤਰ੍ਹਾਂ ਨਾਲ ਸਿਰਦਰਦ ਹੁੰਦਾ ਹੈ। ਇਸਤੋਂ ਇਲਾਵਾ ਗਲ਼ੇ ਵਿੱਚ ਰੁਕਾਵਟ, ਜ਼ਿਆਦਾ ਰੌਸ਼ਨੀ ਨਾ ਸਹਿ ਸਕਣਾ, ਅਤੇ ਕਈ ਵਾਰੀ ਤਾਂ ਇਨਸਾਨ ਆਪਣੀ ਸੁਧ-ਬੁੱਧ ਹੀ ਖੋ ਬੈਠਦਾ ਹੈ ਅਤੇ ਇਸ ਤੋਂ ਇਲਾਵਾ ਜ਼ਿਆਦਾ ਇਨਫੈਕਸ਼ਨ ਹੋਣ ਤੇ ਇਨਸਾਨ ਦੀ ਮੌਤ ਵੀ ਹੋ ਸਕਦੀ ਹੈ ਅਤੇ ਜਾਂ ਫੇਰ ਲੰਬੀ ਬਿਮਾਰੀਆਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।
ਇਸਤੋਂ ਬਚਾਅ ਵਾਸਤੇ ਜਲਦੀ ਤੋਂ ਜਲਦੀ ਨਜ਼ਦੀਕੀ ਸਿਹਤ ਕੇਂਦਰ ਵਿੱਚ ਇਤਲਾਹ ਅਤੇ ਇਲਾਜ ਕਰਨਾ ਜ਼ਰੂਰੀ ਹੈ।