ਚੰਗੀ ਕੋਸ਼ਿਸ਼ ਕਰ ਰਹੇ ਹਨ ਪੰਜਾਬੀ ਨਿਊਜ਼ ਚੈਨਲ

ਪੰਜਾਬੀ ਨਿਊਜ਼ ਚੈਨਲ ਚੰਗੀ ਕੋਸ਼ਿਸ਼ ਕਰ ਰਹੇ ਹਨ। ਕੋਰੋਨਾ ਸੰਕਟ ਹੋਵੇ, ਕਿਸਾਨ ਅੰਦੋਲਨ ਹੋਵੇ ਜਾਂ ਪੰਜਾਬ ਦੇ ਭੱਖਦੇ ਮਸਲੇ ਹੋਣ ਰੋਜ਼ਾਨਾ ਇਨ੍ਹਾਂ ਦੇ ਜੁਦਾ-ਜੁਦਾ ਪਹਿਲੂਆਂ ਸੰਬੰਧੀ ਵਿਚਾਰ-ਚਰਚਾ ਪੇਸ਼ ਕੀਤੀ ਜਾਂਦੀ ਹੈ। ਮੁਲਾਕਾਤ ਆਧਾਰਤ ਪ੍ਰੋਗਰਾਮਾਂ ਵਿਚ ਵੀ ਪੰਜਾਬ ਦੇ ਸਮਾਜਕ ਸਿਆਸੀ ਮਸਲਿਆਂ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ। ਪਰੰਤੂ ਉਦੋਂ ਅਜਿਹੇ ਪ੍ਰਸਾਰਨਾਂ ਦੀ ਭਰੋਸੇਯੋਗਤਾ ਘੱਟ ਜਾਂਦੀ ਹੈ ਜਦ ਕਿਸੇ ਪਾਰਟੀ-ਵਿਸ਼ੇਸ਼ ਦੇ ਹਿੱਤਾਂ ਦੀ ਪੂਰਤੀ ਨੂੰ ਤਰਜੀਹ ਦਿੱਤੀ ਜਾਂਦੀ ਹੈ।

ਦਿੱਲੀ ਵਿਖੇ ਜਦ ਕਿਸਾਨ ਅੰਦੋਲਨ ਪੂਰੀ ਤਰ੍ਹਾਂ ਭਖਿਆ ਹੋਇਆ ਸੀ ਤਾਂ ਪਲ ਪਲ ਦੀ ਤਾਜ਼ਾ ਜਾਣਕਾਰੀ ਲਈ ਪੰਜਾਬੀ ਦਰਸ਼ਕ ਪੰਜਾਬੀ ਚੈਨਲ ਹੀ ਲਗਾਉਂਦੇ ਸਨ ਕਿਉਂਕਿ ਕੌਮੀ ਚੈਨਲ ਸੰਤੁਲਿਤ ਕਵਰੇਜ ਨਹੀਂ ਦੇ ਰਹੇ ਸਨ। ਪੰਜਾਬੀ ਚੈਨਲਾਂ ਦੇ ਸਮਾਚਾਰ ਸੰਪਾਦਕਾਂ, ਨਿਊਜ਼ ਐਂਕਰਾਂ ਅਤੇ ਰਿਪੋਰਟਰਾਂ ਨੇ ਸਖ਼ਤ ਮਿਹਨਤ ਕੀਤੀ। ਕੋਰੋਨਾ ਸੰਕਟ ਲੰਮਾ ਖਿੱਚਦਾ ਜਾ ਰਿਹਾ ਹੈ ਪਰੰਤੂ ਪੰਜਾਬੀ ਚੈਨਲਾਂ ਦੀਆਂ ਟੀਮਾਂ ਲਗਾਤਾਰ ਲੱਗੀਆਂ ਹੋਈਆਂ ਹਨ। ਪੰਜਾਬ, ਭਾਰਤ ਅਤੇ ਸਮੁੱਚੇ ਸੰਸਾਰ ਦੀ ਤਾਜ਼ਾ ਜਾਣਕਾਰੀ ਮੁਹੱਈਆ ਕਰਨ ਵਿਚ ਪੰਜਾਬੀ ਨਿਊਜ਼ ਚੈਨਲ, ਕੌਮੀ ਚੈਨਲਾਂ ਤੋਂ ਕਿਸੇ ਵੀ ਤਰ੍ਹਾਂ ਪਿੱਛੇ ਨਹੀਂ ਰਹੇ। ਪਰੰਤੂ ਪੇਸ਼ਕਾਰੀ ਤੇ ਮਿਆਰ ਪੱਖੋਂ ਕਈ ਵਾਰ ਕੁਝ ਪੰਜਾਬੀ ਚੈਨਲਾਂ ਦੇ ਐਂਕਰ ਅਤੇ ਰਿਪੋਰਟਰ ਪੱਛੜ ਜਾਂਦੇ ਹਨ। ਉਦਾਹਰਨ ਵਜੋਂ ਇਕ ਪੰਜਾਬੀ ਨਿਊਜ਼ ਚੈਨਲ ਦੇ ਐਂਕਰ ਨੇ ਦਿੱਲੀ ਤੋਂ ਲਗਾਤਾਰ ਕਿਸਾਨ ਅੰਦੋਲਨ ਦੀ ਕਵਰੇਜ ਮੂੰਹ ʼਤੇ ਰੁਮਾਲ ਬੰਨ੍ਹ ਕੇ ਕੀਤੀ। ਕਲੋਜ਼-ਅਪ ਵੇਲੇ ਮੂੰਹ ʼਤੇ ਬੰਨ੍ਹਿਆ ਰੁਮਾਲ ਭੱਦਾ ਲੱਗਦਾ ਸੀ। ਇਹੀ ਨਹੀਂ ਦਰਸ਼ਕਾਂ ਨੂੰ ਗ਼ਲਤ ਸੁਨੇਹਾ ਵੀ ਜਾਂਦਾ ਸੀ ਕਿਉਂਕਿ ਡਾਕਟਰਾਂ, ਸਿਹਤ-ਵਿਗਿਆਨੀਆਂ ਅਤੇ ਵਿਸ਼ਵ ਸਿਹਤ ਸੰਗਠਨ ਨੇ ਬਹੁਤ ਪਹਿਲਾਂ ਸਪਸ਼ਟ ਕਰ ਦਿੱਤਾ ਸੀ ਕਿ ਸਹੀ ਮਾਪ-ਦੰਡਾਂ ਅਨੁਸਾਰ ਬਣਿਆ ਮਾਸਕ ਹੀ ਕੋਰੋਨਾ ਵਾਇਰਸ ਤੋਂ ਬਚਾਅ ਕਰ ਸਕਦਾ ਹੈ। ਆਮ ਕੱਪੜਾ ਜਾਂ ਰੁਮਾਲ ਉਸਦੀ ਥਾਂ ਨਹੀਂ ਲੈ ਸਕਦਾ।

ਜਦ ਮੈਂ ਇਸ ਸਿਲਸਲੇ ਵਿਚ ਚੈਨਲ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਜਵਾਬ ਸੀ, “ਹੁਣੇ ਰਿਪੋਟਰ ਨਾਲ ਗੱਲ ਕਰਦੇ ਹਾਂ।” ਪਰ ਉਹ ਰਿਪੋਟਰ ਉਸੇ ਤਰ੍ਹਾਂ ਮਹੀਨਿਆਂ ਤੱਕ ਮਾਸਕ ਦੀ ਬਜਾਏ ਰੁਮਾਲ ਬੰਨ੍ਹ ਕੇ ਰਿਪੋਰਟਿੰਗ ਕਰਦਾ ਰਿਹਾ।

ਪ੍ਰਾਈਮ ਟਾਈਮ ʼਤੇ ਹੋਣ ਵਾਲੀ ਵਿਚਾਰ-ਚਰਚਾ ਵਿਚ ਨਿਊਜ਼-ਐਂਕਰਾਂ ਦਾ ਉਤਸ਼ਾਹ ਸ਼ਲਾਘਾਂਯੋਗ ਹੁੰਦਾ ਹੈ। ਚਰਚਾ ਲਈ ਵਿਸ਼ੇ ਦੀ ਚੋਣ ਵੀ ਅਕਸਰ ਸਹੀ ਹੁੰਦੀ ਹੈ ਪਰੰਤੂ ਮਾਹੌਲ ਤੇ ਮਿਆਰ ਚਰਚਾ ਵਾਲਾ ਨਹੀਂ ਹੁੰਦਾ। ਅਕਸਰ ਉਹੀ ਲੋਕ ਵਾਰ-ਵਾਰ ਪੈਨਲ ਵਿਚ ਮੌਜੂਦ ਹੁੰਦੇ ਹਨ। ਕੋਈ ਵੀ ਦੂਸਰੇ ਨੂੰ ਸੁਣਨ ਮੰਨਣ ਲਈ ਤਿਆਰ ਨਹੀਂ ਹੁੰਦਾ। ਅਸਲ ਗੱਲ, ਅਸਲ ਮੁੱਦਾ ਰੌਲੇ-ਰੱਪੇ ਵਿਚ ਗਵਾਚ ਜਾਂਦਾ ਹੈ। ਇਸਤੋਂ ਬਚਣ ਦੀ ਲੋੜ ਹੈ।

ਮੈਂ ਜਦ ਵੀ ਪੰਜਾਬੀ ਚੈਨਲ ਵੇਖਦਾ ਹਾਂ ਉਥੇ ਕਿਹੜੇ ਚੈਨਲ ʼਤੇ ਕਿੰਨਾ ਸਮਾਂ ਰੁਕਦਾ ਹਾਂ, ਇਸ ਗੱਲ ʼਤੇ ਨਿਰਭਰ ਕਰਦਾ ਹੈ ਕਿ ਚਰਚਾ ਲਈ ਕਿਹੜੇ ਵਿਸ਼ੇ, ਮਸਲੇ ਦੀ ਚੋਣ ਕੀਤੀ ਗਈ ਹੈ। ਐਂਕਰ ਕੌਣ ਹੈ ਅਤੇ ਪੈਨਲ ਵਿਚ ਸ਼ਾਮਲ ਮਾਹਿਰ ਕਿਸ ਮਿਆਰ ਦੇ ਹਨ। ਜੇ ਪੈਨਲ ਵਿਚ ਬਹੁਤੇ ਸਿਆਸੀ ਪਾਰਟੀਆਂ ਦੇ ਪ੍ਰਤੀਨਿਧ ਬੈਠੇ ਹੋਣ ਤਾਂ ਮੈਂ ਇਕ ਦੋ ਮਿੰਟਾਂ ਵਿਚ ਸਾਰੇ ਚੈਨਲਾਂ ʼਤੇ ਉੱਡਦੀ ਝਾਤ ਮਾਰ ਕੇ ਅਗਾਂਹ ਨਿਕਲ ਜਾਂਦਾ ਹਾਂ। ਇਸਦਾ ਅਰਥ ਇਹ ਹੋਇਆ ਕਿ ਪੰਜਾਬੀ ਨਿਊਜ਼ ਚੈਨਲਾਂ ਨੂੰ ਚਰਚਾ ਲਈ ਵਿਸ਼ੇ ਦੀ ਚੋਣ, ਐਂਕਰ ਅਤੇ ਪੈਨਲ ਦੀ ਚੋਣ ਬੜੀ ਸਮਝਦਾਰੀ ਅਤੇ ਸੋਚ-ਵਿਚਾਰ ਕੇ ਕਰਨੀ ਚਾਹੀਦੀ ਹੈ। ਮੁਲਾਕਾਤ ਆਧਾਰਿਤ ਪ੍ਰੋਗਰਾਮਾਂ ਵਿਚ ਵੀ ਐਂਕਰ ਅਤੇ ਸ਼ਖ਼ਸੀਅਤ ਦੀ ਚੋਣ ਅਨੁਸਾਰ ਹੀ ਦਿਲਚਸਪੀ ਬਣਦੀ ਹੈ। ਇਸੇ ਲਈ ਮੈਂ ਅਕਸਰ ਇਸ ਕਾਲਮ ਵਿਚ ਅਨੁਭਵੀ ਐਂਕਰਾਂ ਦੇ ਮਹੱਤਵ ਸੰਬੰਧੀ ਜ਼ਿਕਰ ਕਰਦਾ ਰਹਿੰਦਾ ਹਾਂ।

ਪੰਜਾਬੀ ਨਿਊਜ਼ ਚੈਨਲਾਂ ਕੋਲ ਕੁਝ ਕੁ ਅਨੁਭਵੀ ਐਂਕਰ ਹਨ। ਕੁਝ ਅੰਦਰੁਨੀ ਮਾਹੌਲ ਅਤੇ ਸਿਆਸਤ ਤੋਂ ਪ੍ਰੇਸ਼ਾਨ ਹੋ ਕੇ ਖੇਤਰ ਬਦਲ ਗਏ ਹਨ। ਕੁਝ ਐਂਕਰਿੰਗ ਨੂੰ ਗੰਭੀਰਤਾ ਨਾਲ ਨਾ ਲੈਂਦਿਆਂ ਮਿਹਨਤ ਤੋਂ ਕੰਨੀਂ ਕਤਰਾਉਂਦੇ ਹਨ। ਹੋਮ ਵਰਕ ਨਹੀਂ ਕਰਦੇ। ਇਧਰਲੀਆਂ ਓਧਰਲੀਆਂ ਮਾਰ ਕੇ ਸਮਾਂ ਪੂਰਾ ਕਰਦੇ ਹਨ। ਬਹੁਤੇ ਨਵੇਂ ਹਨ। ਉਨ੍ਹਾਂ ਨੂੰ ਬਹੁ-ਗਿਣਤੀ ਦਰਸ਼ਕ ਗੰਭੀਰਤਾ ਨਾਲ ਨਹੀਂ ਲੈਂਦੇ। ਇਸ ਸੱਭ ਦੇ ਬਾਵਜੂਦ ਕੋਸ਼ਿਸ਼ ਨਜ਼ਰ ਆ ਰਹੀ ਹੈ। ਕੋਸ਼ਿਸ਼ ਜਾਰੀ ਹੈ। ਅਸੀਂ ਇਸ ਕੋਸ਼ਿਸ਼ ਦੀ ਭਰਪੂਰ ਸਰਾਹਨਾ ਕਰਦੇ ਹਾਂ। ਲੋੜ ਸੰਤੁਲਿਤ ਪਹੁੰਚ ਅਪਣਾ ਕੇ ਚੱਲਣ ਦੀ ਹੈ। ਸਹੀ ਨੂੰ ਸਹੀ ਅਤੇ ਗ਼ਲਤ ਨੂੰ ਗ਼ਲਤ ਕਹਿਣ ਦੀ ਹੈ।

ਕਈ ਵਾਰ ਅਜਿਹਾ ਵੀ ਵੇਖਣ ਵਿਚ ਆਉਂਦਾ ਹੈ ਕਿ ਅਧਿਕਾਰੀ ਜਾਂ ਐਂਕਰ ਦਾ ਨਜ਼ਰੀਆ ਸਹੀ ਹੁੰਦਾ ਹੈ। ਉਹ ਸੱਚੀ ਤੇ ਸੰਤੁਲਿਤ ਪੱਤਰਕਾਰੀ ਕਰਨੀ ਲੋਚਦਾ ਹੈ। ਪਰੰਤੂ ਚੈਨਲ ਦੀ ਨੀਤੀ ਉਸਦੀ ਸੋਚ, ਉਸਦੀ ਸ਼ਖ਼ਸੀਅਤ ਲਈ ਰੁਕਾਵਟ ਬਣ ਜਾਂਦੀ ਹੈ। ਉਹ ਇਕ ਦਾਇਰੇ ਵਿਚ ਤਾਂ ਮਕਬੂਲ ਹੋ ਜਾਂਦਾ ਹੈ ਪਰੰਤੂ ਸਰਬ-ਸਾਂਝੀ ਮਾਨਤਾ ਨਹੀਂ ਮਿਲਦੀ।

ਪੰਜਾਬੀ ਨਿਊਜ਼ ਚੈਨਲਾਂ ਦੇ ਯਤਨਾਂ ਦੀ ਸ਼ਲਾਘਾਂ ਕਰਦਿਆਂ ਸਮੇਂ ਦੀ ਲੋੜ ਵੱਲ ਧਿਆਨ ਦਵਾਉਣਾ ਚਾਹਾਂਗਾ। ਸਮੇਂ ਦੀ ਲੋੜ ਹੈ ਕਿ ਸਿਆਸੀ ਤੇ ਵਿਉਪਾਰਕ ਹਿੱਤਾਂ ਤੋਂ ਉੱਪਰ ਉੱਠ ਕੇ ਸੰਤੁਲਿਤ ਪਹੁੰਚ ਅਪਣਾਉਂਦਿਆਂ ਪੰਜਾਬ ਦੇ ਬੁਨਿਆਦੀ ਮਸਲਿਆਂ ਅਤੇ ਪੰਜਾਬੀਆਂ ਦੀਆਂ  ਸਮੱਸਿਆਵਾਂ ਦੀ ਬਾਤ ਸੱਚੇ ਮਨ ਨਾਲ ਪਾਈ ਜਾਵੇ। ਪੱਤਰਕਾਰੀ ਦੀਆਂ ਕਦਰਾਂ-ਕੀਮਤਾਂ ਦੀ ਲਾਜ ਰੱਖੀ ਜਾਵੇ। ਅਜਿਹਾ ਕਰਕੇ ਹੀ ਕੋਈ ਚੈਨਲ, ਕੋਈ ਅਧਿਕਾਰੀ, ਕੋਈ ਐਂਕਰ ਦਰਸ਼ਕ-ਮਨਾਂ ʼਤੇ ਰਾਜ ਕਰ ਸਕਦਾ ਹੈ।

ਚੱਲਦੇ ਚੱਲਦੇ

ਦੂਰਦਰਸ਼ਨ ਅਧਿਕਾਰੀ ਉਦੋਂ ਬੇਹੱਦ ਖੁਸ਼ ਹੋਏ ਜਦੋਂ ਸਕੂਲ ਸਿੱਖਿਆ ਪ੍ਰਸਾਰਨ ਸਦਕਾ ਚੌਖੀ ਆਮਦਨ ਹੋਣ ਲੱਗੀ ਅਤੇ ਸਾਰਾ ਦਿਨ ਪ੍ਰੋਗਰਾਮ ਪੇਸ਼ ਕਰਨ ਤੋਂ ਵੀ ਮੁਕਤੀ ਮਿਲ ਗਈ। ਨਾ ਹਿੰਙ ਲੱਗੇ ਨਾ ਫਿਟਕੜੀ ਰੰਗ ਵੀ ਆਵੇ ਚੌਖਾ। ਦਰਸ਼ਕਾਂ ਦਾ ਕੀ ਐ! ਐਵੇ ਬੋਲਦੇ ਰਹਿੰਦੇ ਆ!!

(ਪ੍ਰੋ. ਕੁਲਬੀਰ ਸਿੰਘ) +91 9417153513

Welcome to Punjabi Akhbar

Install Punjabi Akhbar
×
Enable Notifications    OK No thanks