ਕੁਈਨਜ਼ਲੈਂਡ ਦੇ ਕੋਨਵੇਅ ਨੈਸ਼ਨਲ ਪਾਰਕ ਵਿਖੇ, ਏਅਰਲੀ ਬੀਚ ਦੇ ਨਜ਼ਦੀਕ, ਇੱਕ ਵੱਡਾ ਸਾਰਾ ਡੱਡੂ (ਕੇਨ ਟੋਡ) ਪਾਇਆ ਗਿਆ ਹੈ ਜਿਸ ਦਾ ਭਾਰ 3 ਕਿਲੋ ਦੇ ਕਰੀਬ ਹੈ। ਪਾਰਕ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਪ੍ਰਾਣੀ ਦੇ ਮਿਲਣ ਨਾਲ ਇੱਕ ਨਵਾਂ ਰਿਕਾਰਡ ਕਾਇਮ ਹੋ ਸਕਦਾ ਹੈ। ਅਧਿਕਾਰੀਆਂ ਵੱਲੋਂ ਇਸ ਡੱਡੂ ਨੂੰ ‘ਟੋਡਜ਼ਿਲਾ’ ਦਾ ਨਾਮ ਦਿੱਤਾ ਗਿਆ ਹੈ।
ਪਾਰਕ ਦੀ ਇੱਕ ਰੇਂਜਰ -ਕੀਲੀ ਗਰੇ, ਜਿਸ ਵੱਲੋਂ ਇਸ ਪ੍ਰਾਣੀ ਦੀ ਭਾਲ਼ ਕੀਤੀ ਗਈ ਹੈ, ਨੇ ਕਿਹਾ ਹੈ ਕਿ ਉਸ ਨੂੰ ਕਾਰ ਤੇ ਜਾਂਦਿਆਂ ਇੱਕ ਅਜੀਬ ਜਿਹੇ ਸੱਪ ਦੀ ਖੱਲ ਵਰਗੀ ਕੋਈ ਸ਼ੈਅ ਦਿਖਾਈ ਦਿੱਤੀ। ਉਸਨੇ ਜਦੋਂ ਕਾਰ ਰੋਕ ਕੇ ਇਸਨੂੰ ਦੇਖਣਾ ਚਾਹਿਆ ਤਾਂ ਉਸਦੀ ਹੈਰਾਨੀ ਦੀ ਹੱਦ ਨਾ ਰਹੀ ਕਿਉਂਕਿ ਇਹ ਇੱਕ ਵੱਡਾ ਸਾਰਾ ਅਤੇ ਭਾਰੀ ਭਰਕਮ ਡੱਡੂ ਸੀ।
ਇਸਨੂੰ ਤੁਰੰਤ ਉਥੋਂ ਚੁੱਕ ਕੇ ਇੱਕ ਡੱਬੇ ਵਿੱਚ ਬੰਦ ਕਰਕੇ ਸੁਰੱਖਿਅਤ ਥਾਂ ਤੇ ਲਿਆਂਦਾ ਗਿਆ ਹੈ। ਇਹ ਡੱਡੂ ਛੋਟੇ ਛੋਟੇ ਕੀਟ ਪਤੰਗੇ ਜਾਂ ਛੋਟੇ ਜਾਨਵਰ ਆਦਿ ਖਾ ਸਕਦਾ ਹੈ।
ਇਸ ਦਾ ਕੁੱਲ ਵਜ਼ਨ 2.7 ਕਿਲੋਗ੍ਰਾਮ ਹੈ ਅਤੇ ਇਸ ਦੀ ਉਮਰ 15 ਸਾਲਾਂ ਦੇ ਕਰੀਬ ਹੈ।
ਜ਼ਿਕਰਯੋਗ ਹੈ ਕਿ ਕੇਨ ਨਾਮ ਦੇ ਕੀਟ ਨੂੰ ਖਾਣ ਵਾਸਤੇ, ਸਾਲ 1935 ਦੌਰਾਨ, ਕੁਈਨਜ਼ਲੈਂਡ ਰਾਜ ਅੰਦਰ ਅਜਿਹੇ ਡੱਡੂਆਂ ਨੂੰ ਲਿਆਂਦਾ ਗਿਆ ਸੀ। ਆਮ ਤੌਰ ਤੇ ਨਰ ਡੱਡੂ 26 ਸਮ ਅਤੇ 2.5 ਕਿਲੋ ਤੱਕ ਦੇ ਹੋ ਸਕਦੇ ਹਨ ਅਤੇ ਮਾਦਾ 30,000 ਅੰਡੇ ਇੱਕ ਸੀਜ਼ਨ ਵਿੱਚ ਦੇ ਸਕਦੀ ਹੈ।
ਬਾਅਦ ਵਿੱਚ ਅਜਿਹੇ ਡੱਡੂ, ਇੱਕ ਪ੍ਰਕਾਰ ਦਾ ਸਿਰਦਰਦ ਹੀ ਬਣ ਗਏ ਸਨ ਅਤੇ ਫੇਰ ਇਨ੍ਹਾਂ ਨੂੰ ਇਨਵਾਇਰਮੈਂਟ ਬਾਇਓਡਾਈਵਰਸਿਟੀ ਅਤੇ ਕੰਜ਼ਰਵੇਸ਼ਨ ਐਕਟ 1999 ਤਹਿਤ ਸਮੁੱਚੇ ਦੇਸ਼ ਵਿਚਲੀ ਵਾਈਲਡ ਲਾਈਫ਼ ਲਈ ਇੱਕ ਖ਼ਤਰਾ ਮੰਨ ਲਿਆ ਗਿਆ ਸੀ।