ਕਰੇਗੀਬਰਨ ਅਤੇ ਬੇਵਰਿੱਜ ਵਿਖੇ ਹਫਤਾਵਾਰੀ ਦੀਵਾਨਾਂ ਦਾ ਆਰੰਭ…

ਮੈੱਲਬਰਨ ਦੇ ਉੱਤਰੀ ਇਲਾਕਿਆਂ ਵਿੱਚ ਭਾਈਚਾਰੇ ਦੀ ਵਧਦੀ ਆਮਦ ਅਤੇ ਲੋੜ ਨੂੰ ਦੇਖਦਿਆਂ ਦਲ ਬਾਬਾ ਬਿਧੀ ਚੰਦ ਜੀ ਖਾਲਸਾ ਦਰਬਾਰ ਮਿਕਲਹਮ ਵੱਲੋਂ ਹਫਤਾਵਰੀ ਦੀਵਾਨਾਂ ਦੀ ਸ਼ੁਰੂਆਤ ਲੰਘੇ ਸ਼ੁੱਕਰਵਾਰ ਨੂੰ ਕਰੇਗੀਬਰਨ ਵਿਖੇ ਕੀਤੀ ਗਈ। ਗਰੈਂਡ ਬੁਲੇਵਾਰਡ ਵਿਖੇ ਸਥਿਤ ਨਿਊਬਰੀ ਕਮਿਊਨਿਟੀ ਸੈਂਟਰ ਵਿਖੇ ਸਥਾਨਿਕ ਸੰਗਤਾਂ ਦੇ ਸਹਿਯੋਗ ਨਾਲ ਇਹ ਉਪਰਾਲਾ ਕੀਤਾ ਗਿਆ ।

ਇਸ ਮੌਕੇ ਸਜੇ ਹੋਏ ਦੀਵਾਨ ਸਮੇਂ ਸੋਦਰ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਸਹਿਜ ਪਾਠ ਦੇ ਭੋਗ ਪਾਏ ਗਏ। ਖਾਲਸਾ ਦਰਬਾਰ ਮਿਕਲਮ ਦੇ ਹਜੂਰੀ ਜਥੇ ਭਾਈ ਜਸਕਰਨਜੀਤ ਸਿੰਘ ਜੀ ਦੇ ਰਾਗੀ ਜੱਥੇ ਵੱਲੋ ਇਲਾਹੀ ਬਾਣੀ ਦੇ ਸ਼ਬਦ ਗਾਇਨ ਕੀਤੇ ਗਏ। ਚਾਹ ਪਕੌੜਿਆਂ ਤੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ।

ਇੱਥੇ ਇਹ ਵੀ ਵਰਣਨਯੋਗ ਹੈ ਕਿ ਪਿਛਲੇ ਦਿਨੀਂ ਮਿਕਲਹਮ ਵਿਖੇ ਦਲ ਬਾਬਾ ਬਿਧੀ ਚੰਦ ਜੀ ਖਾਲਸਾ ਦਰਬਾਰ ਦੀ ਸਥਾਪਨਾ ਕੀਤੀ ਗਈ ਸੀ। ਸੇਵਾਦਾਰਾਂ ਨੇ ਦੱਸਿਆ ਕਿ ਹਰ ਸ਼ੁੱਕਰਵਾਰ ਸ਼ਾਮ 6 ਤੋਂ 9 ਵਜੇ ਤੱਕ ਕਰੇਗੀਬਰਨ ਦੇ ਨਿਊਬਰੀ ਕਮਿਊਨਿਟੀ ਸੈਂਟਰ ਵਿੱਚ ਅਤੇ ਹਰ ਐਤਵਾਰ ਨੂੰ ਸਵੇਰ 10 ਤੋਂ 3 ਵਜੇ ਤੱਕ ਗਰੇਟਰ ਬੇਵਰਿੱਜ ਕਮਿਊਨਿਟੀ ਸੈਂਟਰ ਵਿਖੇ ਦੀਵਾਨ ਸਜਾਏ ਜਾਇਆ ਕਰਨਗੇ ।

ਉਹਨਾਂ ਵੱਲੋਂ ਸਥਾਨਿਕ ਸੰਗਤਾਂ ਨੂੰ ਹਰ ਹਫਤੇ ਇਹਨਾਂ ਸਮਾਗਮਾਂ ਵਿੱਚ ਪਹੁੰਚ, ਗੁਰੂ ਚਰਨਾਂ ਨਾਲ ਜੁੜ ਬੈਠਣ ਦੀ ਬੇਨਤੀ ਵੀ ਕੀਤੀ ਗਈ।