ਸਿਡਨੀ ਵਿੱਚ ਅਗਲੇ ਹਫ਼ਤੇ ਦੇ 4 ਦਿਨ ਬਹੁਤ ਜ਼ਿਆਦਾ ਹਲਚਲ ਅਤੇ ਉਥਲ-ਪੁਥਲ ਵਾਲੇ ਹੋ ਸਕਦੇ ਹਨ ਕਿਉਂਕਿ ਟ੍ਰੇਨਾਂ ਦੇ ਡ੍ਰਾਈਵਰਾਂ, ਨਰਸਾਂ ਅਤੇ ਅਧਿਆਪਕਾਂ ਨੇ ਇਨ੍ਹਾਂ ਦਿਨਾਂ ਨੂੰ ਹੜਤਾਲ ਕਰਨ ਦੇ ਫੈਸਲੇ ਕੀਤੇ ਹੋਏ ਹਨ।
ਮੰਗਲਵਾਰ ਨੂੰ ਸਭ ਤੋਂ ਪਹਿਲਾਂ, ਟ੍ਰੇਨਾਂ ਦੇ ਡ੍ਰਾਈਵਰ, ਸਰਕਾਰ ਅੱਗੇ ਆਪਣਾ ਪੱਖ -ਗੁੱਸੇ ਅਤੇ ਹੜਤਾਲ ਦੀ ਤਰਫ਼ੋਂ ਰੱਖਣਗੇ ਅਤੇ ਗੱਡੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ 60 ਕਿਲੋ ਮੀਟਰ ਪ੍ਰਤੀ ਘੰਟਾ ਦੀ ਸਪੀਡ ਨਾਲ ਹੀ ਚਲਾਉਣਗੇ। ਇਸ ਨਾਲ ਰੇਲ ਗੱਡੀਆਂ ਦੀ ਆਵਾਜਾਈ ਉਪਰ ਸਿੱਧੇ ਤੌਰ ਤੇ ਅਸਰ ਪਵੇਗਾ ਅਤੇ ਇਸ ਦਾ ਅਸਰ ਯਾਤਰੀਆਂ ਅਤੇ ਪ੍ਰਸ਼ਾਸਨ ਉਪਰ ਪੈਣਾ ਸੁਭਾਵਿਕ ਹੀ ਹੈ।
ਹਾਲਾਂਕਿ ਸਰਕਾਰ ਨੇ 3% ਤੱਕ ਡ੍ਰਾਈਵਰਾਂ ਦੀ ਤਨਖਾਹ ਵਧਾਉਣ ਦੀ ਆਪਣੀ ਗੱਲ ਵੀ ਯੂਨੀਅਨਾਂ ਕੋਲ ਰੱਖੀ ਹੈ ਪਰੰਤੂ ਲਗਦਾ ਹੈ ਕਿ ਯੂਨੀਅਨਾਂ ਨੂੰ ਇਹ ਫੈਸਲਾ ਮਨਜ਼ੂਰ ਨਹੀਂ ਹੈ।
ਇਸੇ ਦਿਨ ਹੀ ਨਰਸਾਂ ਅਤੇ ਹੋਰ ਮੈਡੀਕਲ ਸਟਾਫ਼ ਵੀ ਹੜਤਾਲ ਕਰ ਰਿਹਾ ਹੈ ਪਰੰਤੂ ਇਸ ਖੇਤਰ ਦੀਆਂ ਯੂਨੀਅਨਾਂ ਦਾ ਕਹਿਣਾ ਹੈ ਕਿ ਮਰੀਜ਼ਾਂ ਦੀ ਦੇਖਭਾਲ ਵਿੱਚ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਉਨ੍ਹਾਂ ਨੂੰ ਕਿਸੇ ਕਿਸਮ ਦੀ ਕੋਈ ਵੀ ਪ੍ਰੇਸ਼ਾਨੀ ਨਹੀਂ ਹੋਣ ਦਿੱਤੀ ਜਾਵੇਗੀ।
ਇਸਤੋਂ ਬਾਅਦ, ਵੀਰਵਾਰ ਨੂੰ ਅਧਿਆਪਕ ਅਤੇ ਹੋਰ ਸਕੂਲੀ ਸਟਾਫ਼, ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕਰਨ ਦਾ ਐਲਾਨ ਕਰ ਚੁਕਾ ਹੈ।
ਸਰਕਾਰ ਨੇ ਇਹ ਵੀ ਐਲਾਨ ਕੀਤੇ ਹੋਏ ਹਨ ਕਿ ਜੇਕਰ ਕੋਈ ਗ਼ੈਰ-ਕਾਨੂੰਨੀ ਹੜਤਾਲਾਂ ਆਦਿ ਦਾ ਆਯੋਜਨ ਕਰਦਾ ਹੈ ਤਾਂ ਯੂਨੀਅਨਾਂ ਨੂੰ ਹੜਤਾਲ ਦੇ ਪਹਿਲੇ ਦਿਨ 55,000 ਡਾਲਰ ਅਤੇ ਇਸਤੋਂ ਬਾਅਦ ਹਰ ਇੱਕ ਦਿਨ ਲਈ 27,500 ਡਾਲਰਾਂ ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ। ਪਰੰਤੂ ਯੂਨੀਅਨਾਂ ਫੇਰ ਵੀ ਹੜਤਾਲ ਵਾਲੇ ਫੈਸਲੇ ਤੇ ਅਡਿੱਗ ਹੀ ਖੜ੍ਹੀਆਂ ਦਿਖਾਈ ਦੇ ਰਹੀਆਂ ਹਨ।