‘ਉੱਚ ਸਿੱਖਿਆ ਵਿੱਚ ਅਕਾਦਮਿਕ ਸੁਧਾਰਾਂ ਦੀ ਲੋੜ’ ਬਾਰੇ ਕਰਵਾਇਆ ਵੈਬੀਨਾਰ

(ਪ੍ਰੋ. (ਡਾ.) ਐਸ.ਪੀ . ਸਿੰਘ,…….. ਅਤੇ ਪ੍ਰਸਿੱਧ ਸਿੱਖਿਆ ਉੱਦਮੀ ਡਾ. ਗੁਰਮੀਤ ਸਿੰਘ ਧਾਲੀਵਾਲ)

ਬਠਿੰਡਾ — ਬੀ.ਐਫ.ਜੀ.ਆਈ. ਵੱਲੋਂ ‘ਕਮਿਊਨਿਟੀ ਕੁਨੈਕਟ’ ਪ੍ਰੋਗਰਾਮ ਦੇ ਤਹਿਤ ‘ਉੱਚ ਸਿੱਖਿਆ ਵਿੱਚ ਅਕਾਦਮਿਕ ਸੁਧਾਰਾਂ ਦੀ ਲੋੜ’ ਬਾਰੇ ਇੱਕ ਵੈਬੀਨਾਰ ਕਰਵਾਇਆ ਗਿਆ । ਜਿਸ ਵਿੱਚ ਮਹਾਨ ਸਿੱਖਿਆ ਸ਼ਾਸ਼ਤਰੀ, ਪ੍ਰਸਿੱਧ ਲੇਖਕ ਤੇ ਯੋਗ ਪ੍ਰਬੰਧਕ ਪ੍ਰੋ. (ਡਾ.) ਐਸ.ਪੀ . ਸਿੰਘ, ਸਾਬਕਾ ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਪ੍ਰਸਿੱਧ ਸਿੱਖਿਆ ਉੱਦਮੀ ਡਾ. ਗੁਰਮੀਤ ਸਿੰਘ ਧਾਲੀਵਾਲ, ਚੇਅਰਮੈਨ, ਬੀ.ਐਫ.ਜੀ.ਆਈ. ਨੇ ਪ੍ਰਮੁੱਖ ਮਾਹਿਰਾਂ ਵਜੋਂ ਆਨਲਾਈਨ ਸ਼ਿਰਕਤ ਕੀਤੀ । ਇਸ ਵੈਬੀਨਾਰ ਵਿੱਚ ਪੰਜਾਬ ਅਤੇ ਗੁਆਂਢੀ ਰਾਜਾਂ ਜਿਵੇਂ ਹਰਿਆਣਾ, ਰਾਜਸਥਾਨ, ਹਿਮਾਚਲ ਅਤੇ ਜੰਮੂ ਅਤੇ ਕਸ਼ਮੀਰ ਆਦਿ ਤੋਂ ਵੱਡੀ ਗਿਣਤੀ ਵਿੱਚ ਵਿਦਿਆਰਥੀ ਅਤੇ ਅਧਿਆਪਕ ਹਾਜ਼ਰ ਸਨ। ਬੀ.ਐਫ.ਜੀ.ਆਈ. ਦੇ ਡਿਪਟੀ ਡਾਇਰੈਕਟਰ (ਕੈਰੀਅਰ ਗਾਈਡੈਂਸ ਐਂਡ ਕਾਊਂਸਲਿੰਗ) ਸ੍ਰੀ ਬੀ. ਡੀ. ਸ਼ਰਮਾ ਨੇ ਇਸ ਵੈਬੀਨਾਰ ਵਿੱਚ ਸ਼ਾਮਲ ਮਾਹਿਰਾਂ, ਮਹਿਮਾਨ ਸ਼ਖ਼ਸ਼ੀਅਤਾਂ ਅਤੇ ਹਾਜ਼ਰੀਨ ਦਾ ਨਿੱਘਾ ਸਵਾਗਤ ਕਰਦਿਆਂ ਦੱਸਿਆ ਕਿ ਇਸ ਸੰਸਥਾ ਆਪਣੇ ਸਥਾਪਤੀ ਦੇ ਸਮੇਂ ਤੋਂ ਹੀ ਸਿੱਖਿਆ ਤੰਤਰ ਨੂੰ ਬਿਹਤਰ ਬਣਾਉਣ ਲਈ ਯਤਨਸ਼ੀਲ ਹੈ।
ਪ੍ਰੋ.(ਡਾ.) ਐਸ. ਪੀ. ਸਿੰਘ ਨੇ ਉੱਚ ਸਿੱਖਿਆ ਦੇ ਵੱਖ-ਵੱਖ ਖੇਤਰਾਂ ਵਿੱਚ ਸੁਧਾਰਾਂ ਦੀ ਲੋੜ ਬਾਰੇ ਗੱਲ ਕਰਦਿਆਂ ਦੱਸਿਆ ਕਿ ਸਾਡਾ ਸਿੱਖਿਆ ਤੰਤਰ ਸਿਧਾਂਤਕ ਤੌਰ ‘ਤੇ ਬਹੁਤ ਮਜ਼ਬੂਤ ਹੈ। ਉਨ੍ਹਾਂ ਨੇ ਉਦਾਹਰਨਾਂ ਦੇ ਕੇ ਦੱਸਿਆ ਇਹ ਸਾਡੇ ਸਮਰੱਥ ਸਿੱਖਿਆ ਤੰਤਰ ਦਾ ਹੀ ਨਤੀਜਾ ਹੈ ਕਿ ਭਾਰਤੀ ਵਿਦਿਆਰਥੀ ਦੁਨੀਆਂ ਦੇ ਵਿਕਸਿਤ ਦੇਸ਼ਾਂ ਜਿਵੇਂ ਅਮਰੀਕਾ, ਕੈਨੇਡਾ, ਅਸਟ੍ਰੇਲੀਆ ਆਦਿ ਵਿੱਚ ਹਰ ਖੇਤਰ ਦੀਆਂ ਪ੍ਰਮੁੱਖ ਸੇਵਾਵਾਂ ਜ਼ਿੰਮੇਵਾਰੀ ਨਾਲ ਨਿਭਾ ਰਹੇ ਹਨ। ਉਨ੍ਹਾਂ ਨੇ ਭਾਰਤੀ ਸਿੱਖਿਆ ਢਾਂਚੇ ਅਤੇ ਪੱਛਮੀ ਦੇਸ਼ਾਂ ਦੇ ਸਿੱਖਿਆ ਢਾਂਚੇ ਦੀ ਤੁਲਨਾ ਕਰਦਿਆਂ ਦੱਸਿਆ ਕਿ ਭਾਰਤੀ ਵਿਦਿਆਰਥੀ ਨੂੰ ਹਰ ਖੇਤਰ ਦੀਆਂ ਚੁਣੌਤੀਆਂ ਲਈ ਤਿਆਰ ਕੀਤਾ ਜਾਂਦਾ ਹੈ, ਜਦੋਂ ਕਿ ਪੱਛਮੀ ਦੇਸ਼ਾਂ ਦੇ ਵਿਦਿਆਰਥੀ ਨੂੰ ਕਿਸੇ ਇੱਕ ਖ਼ਾਸ ਖੇਤਰ ਦੀ ਹੀ ਸਿਖਲਾਈ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਭਾਂਵੇ ਸਾਡਾ ਸਿੱਖਿਆ ਤੰਤਰ ਬਹੁਤ ਮਜ਼ਬੂਤ ਹੈ ਪਰੰਤੂ ਫਿਰ ਵੀ ਉੱਚ ਸਿੱਖਿਆ ਦੀ ਵਿਵਸਥਾ ਵਿੱਚ ਵਿਦਿਆਰਥੀਆਂ, ਅਧਿਆਪਕਾਂ, ਵਿਗਿਆਨੀਆਂ ਅਤੇ ਰਿਸਰਚ ਸਕਾਲਰਾਂ ਲਈ ਮੌਕੇ, ਸਹੂਲਤਾਂ, ਵਿੱਦਿਅਕ ਮਾਹੌਲ ਅਤੇ ਆਰਥਿਕ ਫ਼ੰਡ ਆਦਿ ਦੀ ਬਹੁਤ ਘਾਟ ਹੈ ਜਿਸ ਲਈ ਸਾਡਾ ਰਾਜ ਤੰਤਰ ਜ਼ਿੰਮੇਵਾਰ ਹੈ।
ਉਨ੍ਹਾਂ ਨੇ ਦੱਸਿਆ ਕਿ ਇੱਕ ਤਾਂ ਸਾਡੀਆਂ ਵਿੱਦਿਅਕ ਸੰਸਥਾਵਾਂ ਨੂੰ ਫ਼ੰਡਿੰਗ ਦੇਣ ਤੋਂ ਸਰਕਾਰਾਂ ਨੇ ਆਪਣਾ ਹੱਥ ਪਿੱਛੇ ਖਿੱਚਣਾ ਸ਼ੁਰੂ ਕੀਤਾ ਹੋਇਆ ਹੈ ਅਤੇ ਦੂਸਰਾ ਸਰਕਾਰਾਂ ਦੀ ਫ਼ਾਲਤੂ ਦਖ਼ਲ ਅੰਦਾਜ਼ੀ ਨੇ ਸਿੱਖਿਆ ਦੇ ਅਨੁਕੂਲ ਮਾਹੌਲ ਨੂੰ ਖ਼ਤਮ ਕਰ ਦਿੱਤਾ ਹੈ ਜਿਸ ਸਦਕਾ ਉੱਚ ਸਿੱਖਿਆ ਸੰਸਥਾਵਾਂ ਲਗਾਤਾਰ ਨਿਘਾਰ ਵੱਲ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰਾਂ ਨੇ ਆਪਣੀ ਇਹ ਸਿੱਖਿਆ ਨੀਤੀ ਨਾ ਬਦਲੀ ਤਾਂ ਇਸ ਦੇ ਸਿੱਟੇ ਭਵਿੱਖ ਵਿੱਚ ਮਾੜੇ ਨਿੱਕਲਣਗੇ। ਉਨ੍ਹਾਂ ਨੇ ਅੱਗੇ ਕਿਹਾ ਕਿ ਨਿੱਜੀ ਸੰਸਥਾਵਾਂ ਸਿੱਖਿਆ ਨੂੰ ਵਪਾਰ ਨਾ ਬਣਾਉਣ ਸਗੋਂ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਨਾਲ ਨਾਲ ਆਪਣੀ ਸਮਾਜਿਕ ਭਰੋਸੇਯੋਗਤਾ ਵੀ ਬਹਾਲ ਕਰਨ । ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਬਿਨ੍ਹਾਂ ਹਾਜ਼ਰ ਹੋਏ ਸਿੱਖਿਆ ਦੇਣ ਵਾਲੀਆਂ ਸੰਸਥਾਵਾਂ ਵੀ ਘਾਤਕ ਹਨ ਜਿਸ ਨਾਲ ਸਿੱਖਿਆ ਦਾ ਪੱਧਰ ਲਗਾਤਾਰ ਨੀਵਾਂ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਉੱਚ ਸਿੱਖਿਆ ਦੇ ਲਈ ਨਵੇਂ ਪਾਠਕ੍ਰਮ ਤਿਆਰ ਕਰਨ ਦੀ ਵੀ ਜ਼ਰੂਰਤ ਹੈ।
ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ.ਗੁਰਮੀਤ ਸਿੰਘ ਧਾਲੀਵਾਲ ਨੇ ਸਵੈ ਵਿੱਤੀ ਨਿੱਜੀ ਸੰਸਥਾਵਾਂ ਦੇ ਸੰਬੰਧ ਵਿੱਚ ਜ਼ਮੀਨੀ ਪੱਧਰ ‘ਤੇ ਹੋਣ ਵਾਲੇ ਸਿੱਖਿਆ ਸੁਧਾਰਾਂ ਬਾਰੇ ਚਾਨਣਾ ਪਾਇਆ । ਉਨ੍ਹਾਂ ਨੇ ਜੈਕ ਦੇ ਚੇਅਰਮੈਨ ਹੋਣ ਦੇ ਨਾਤੇ ਸਵੈ ਵਿੱਤੀ ਪ੍ਰਾਈਵੇਟ ਸੰਸਥਾਵਾਂ ਦੀ ਤਰਫ਼ੋ ਬੋਲਦਿਆਂ ਕਿਹਾ ਕਿ ਸਰਕਾਰੀ ਸੰਸਥਾਵਾਂ ਵੱਲੋਂ 3 ਲੱਖ ਲੋਕਾਂ ਨੂੰ ਦਿੱਤੇ ਰੁਜ਼ਗਾਰ ਦੀ ਤੁਲਨਾ ਵਿੱਚ ਸਵੈ ਵਿੱਤੀ ਸੰਸਥਾਵਾਂ ਨੇ 5 ਲੱਖ ਲੋਕਾਂ ਨੂੰ ਸਿੱਧੇ ਰੂਪ ਵਿੱਚ ਰੁਜ਼ਗਾਰ ਦਿੱਤਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਮਿਆਰੀ ਸਿੱਖਿਆ ਪ੍ਰਦਾਨ ਕਰਨ ਨੂੰ ਯਕੀਨੀ ਬਣਾਉਣ ਲਈ ਆਜ਼ਾਦੀ ਅਤੇ ਸਹਿਯੋਗ ਦਾ ਹੋਣਾ ਬਹੁਤ ਜ਼ਰੂਰੀ ਹੈ। ਪਰ ਸਵੈ ਵਿੱਤੀ ਸੰਸਥਾਵਾਂ ਨੂੰ ਸਰਕਾਰਾਂ ਅਤੇ ਯੂਨੀਵਰਸਿਟੀਆਂ ਵੱਲੋਂ ਨਾ ਮਾਤਰ ਸਹਿਯੋਗ ਮਿਲਦਾ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸਵੈ ਵਿੱਤੀ ਵਿੱਦਿਅਕ ਸੰਸਥਾਵਾਂ ਉੱਚ ਸਿੱਖਿਆ ਦੇ ਖੇਤਰ ਵਿੱਚ ਬਹੁਤ ਵੱਡਾ ਰੋਲ ਨਿਭਾ ਰਹੀਆਂ ਹਨ । ਇਸ ਲਈ ਉੱਚ ਸਿੱਖਿਆ ਦੇ ਉਥਾਨ ਲਈ ਸਰਕਾਰਾਂ ਅਤੇ ਯੂਨੀਵਰਸਿਟੀਆਂ ਨੂੰ ਇਹਨਾਂ ਨਿੱਜੀ ਸੰਸਥਾਵਾਂ ਦਾ ਅੱਗੇ ਵੱਧ ਕੇ ਸਾਥ ਦੇਣਾ ਚਾਹੀਦਾ ਹੈ ਅਤੇ ਜਿੰਨੀ ਸੰਭਵ ਹੋ ਸਕੇ ਆਜ਼ਾਦੀ ਵੀ ਦੇਣੀ ਚਾਹੀਦੀ ਹੈ। ਊਨ੍ਹਾਂ ਕਿਹਾ ਕਿ ਸਿੱਖਿਆ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਕੀਤੀ ਜਾਂਦੀ ਹਰ ਦਖ਼ਲਅੰਦਾਜ਼ੀ ਦਾ ਹਮੇਸ਼ਾ ਸਵਾਗਤ ਹੈ। ਅੰਤ ਵਿੱਚ ਸ੍ਰੀ ਬੀ. ਡੀ.ਸ਼ਰਮਾ ਨੇ ਮਾਹਿਰਾਂ, ਮਹਿਮਾਨਾਂ ਅਤੇ ਹਾਜ਼ਰੀਨ ਦਾ ਬੀ.ਐਫ.ਜੀ.ਆਈ. ਤਰਫ਼ੋ ਧੰਨਵਾਦ ਕੀਤਾ । ਕੁੱਲ ਮਿਲਾ ਕੇ ਇਹ ਵੈਬੀਨਾਰ ਇੱਕ ਬਹੁਤ ਹੀ ਜਾਣਕਾਰੀ ਭਰਪੂਰ ਇੱਕ ਉਸਾਰੂ ਉਪਰਾਲਾ ਸੀ ।

Welcome to Punjabi Akhbar

Install Punjabi Akhbar
×