ਸਾਨੂੰ ਹੋਰ ਸਰਵੇਖਣ ਨਹੀਂ ਚਾਹੀਦੇ, ਸਗੋਂ ਐਕਸ਼ਨ ਚਾਹੀਦੇ ਹਨ -ਔਰਤਾਂ ਪ੍ਰਤੀ ਉਤਪੀੜਨ ਦੀ ਵਕਾਲਤ ਕਰ ਰਹੇ ਸਮੂਹ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਬੀਤੇ ਕੱਲ੍ਹ ਜਦੋਂ ਔਰਤਾਂ ਦੀ ਸੁਰੱਖਿਆ ਪ੍ਰਤੀ ਮਾਮਲਿਆਂ ਦੇ ਮੰਤਰੀ ਐਨੇ ਰਸਟਨ ਇੱਕ ਐਲਾਨ ਕਰਨ ਆਏ ਕਿ ਔਰਤਾਂ ਦੀ ਸੁਰੱਖਿਆ ਪ੍ਰਤੀ ‘ਸੁਮਿਟ’ ਜੁਲਾਈ ਦੇ ਅੰਤ ਤੱਕ ਕਰਵਾਈ ਜਾਵੇਗੀ ਤਾਂ ਉਥੇ ਮੌਜੂਦ ਅਜਿਹੇ ਲੋਕ ਜੋ ਕਿ ਜਾਂ ਤਾਂ ਔਰਤਾਂ ਪ੍ਰਤੀ ਦੇਸ਼ ਵਿੱਚ ਵੱਧ ਰਹੇ ਉਤਪੀੜਨ ਦੇ ਮਾਮਲਿਆਂ ਦੇ ਖੁਦ ਪੀੜਿਤ ਹਨ ਅਤੇ ਜਾਂ ਫੇਰ ਅਜਿਹੇ ਮਾਮਲਿਆਂ ਖ਼ਿਲਾਫ਼ ਲਾਮਬੰਧ ਹੋ ਕੇ ਖੜ੍ਹੇ ਹਨ, ਇੱਕ ਦਮ ਮੰਤਰੀ ਦੇ ਐਲਾਨਾਂ ਦੇ ਖ਼ਿਲਾਫ਼ ਹੋ ਗਏ ਅਤੇ ਉਨ੍ਹਾਂ ਨੇ ਸਾਫ ਕਹਿ ਦਿੱਤਾ ਕਿ ਗੱਲਾਂ-ਬਾਤਾਂ ਅਤੇ ਸਰਵੇਖਣ ਬਹੁਤ ਹੋ ਚੁਕੇ ਹਨ ਪਰੰਤੂ ਕੋਈ ਵੀ ਹੱਲ ਨਹੀਂ ਨਿਕਲਿਆ ਇਸ ਲਈ, ਹੁਣ ਤਾਂ ਉਨ੍ਹਾਂ ਨੂੰ ਐਕਸ਼ਨ ਚਾਹੀਦਾ ਹੈ ਨਾਂ ਕਿ ਸਰਵੇਖਣ…..।
ਔਰਤਾਂ ਪ੍ਰਤੀ ਦੁਰਵਿਵਹਾਰ, ਸਰੀਰਕ ਉਤਪੀੜਨ ਆਦਿ ਦੇ ਮਾਮਲਿਆਂ ਦੇ ਖ਼ਿਲਾਫ਼ ਖੜ੍ਹੀ -ਹੈਲੇ ਫੋਸਟਰ, ਜੋ ਕਿ ਵੂਮੇਨਜ਼ ਸੇਫਟੀ ਨਿਊ ਸਾਉਥ ਵੇਲਜ਼ ਦੀ ਮੁੱਖ ਕਾਰਜਕਰਤਾ ਹੈ, ਨੇ ਕਿਹਾ ਕਿ ਬਹੁਤ ਹੋ ਗਿਆ ਅਤੇ ਹੁਣ ਅਜਿਹੀਆਂ ਮਹਿਲਾਵਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਨਸਾਫ ਚਾਹੀਦਾ ਹੈ ਨਾਂ ਕਿ ਗੱਲਾਂ ਬਾਤਾਂ ਦੇ ਲਾਲੀਪਾਪ….।
ਉਨ੍ਹਾਂ ਇਹ ਵੀ ਕਿਹਾ ਕਿ ਹੁਣੇ ਹੁਣੇ, ਪਿੱਛਲੇ ਮਹੀਨੇ ਇੱਕ ਸਰਵੇਖਣ ਦੀ ਰਿਪੋਰਟ ਵਿੱਚ 88 ਅਜਿਹੇ ਨੁਕਤੇ ਅਤੇ ਸੁਝਾਅ ਦਰਸਾਏ ਗਏ ਹਨ ਤਾਂ ਫੇਰ ਹੋਰ ਅਗਲੇ ਸਰਵੇਖਣਾਂ ਵਿੱਚ ਸਮਾਂ ਕਿਉਂ ਬਰਬਾਦ ਕੀਤਾ ਜਾ ਰਿਹਾ ਹੈ….?
ਜ਼ਿਕਰਯੋਗ ਹੈ ਕਿ ਨਵਾਂ ਸਰਵੇਖਣ, ਜੋ ਕਿ ਜੁਲਾਈ ਦੀ 31 ਤਾਰੀਖ ਤੱਕ ਖੋਲ੍ਹਿਆ ਗਿਆ ਹੈ ਵਿੱਚ ਕਈ ਤਰ੍ਹਾਂ ਦੇ ਪ੍ਰਸ਼ਨ ਉਤਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਜਿਵੇਂ ਕਿ ਅਜਿਹੇ ਕਿਹੜੇ ਵੱਡੇ ਮਾਮਲੇ ਹਨ ਜਿਨ੍ਹਾਂ ਕਾਰਨ ਘਰੇਲੂ ਹਿੰਸਾ ਹੋਈ, ਜਾਂ ਹੁੰਦੀ ਹੈ….; ਕੌਮੀ ਪੱਧਰ ਉਪਰ ਜੇਕਰ ਘਰੇਲੂ ਹਿੰਸਾ ਦੇ ਖ਼ਿਲਾਫ਼ ਕੋਈ ਸਟ੍ਰੇਟਜੀ ਬਣਾਈ ਜਾਂਦੀ ਹੈ ਤਾਂ ਉਸ ਦੀ ਰੂਪ ਰੇਖਾ ਕਿੱਦਾਂ ਦੀ ਹੋਣੀ ਚਾਹੀਦੀ ਹੈ….?;
ਅਤੇ ਸਭ ਤੋਂ ਵੱਡਾ ਪ੍ਰਸ਼ਨ ਤਾਂ ਇਹੋ ਹੈ ਕਿ -ਕੀ ਸਰਕਾਰ ਵੱਲੋਂ ਬਣਾਈਆਂ ਜਾਣ ਵਾਲੀਆਂ ਅਜਿਹੀਆਂ ਨੀਤੀਆਂ -ਉਪਰੋਕਤ ਘਰੇਲੂ ਹਿੰਸਾ ਜਾਂ ਮਹਿਲਾਵਾਂ ਦੇ ਸਰੀਰਕ ਸ਼ੋਸ਼ਣ ਦੇ ਖ਼ਿਲਾਫ਼ ਕਿਸੇ ਕਿਸਮ ਦਾ ਵਰਦਾਨ ਸਾਬਿਤ ਹੋਣਗੀਆਂ ਜਾਂ ਫੇਰ ਮਹਿਜ਼ ਕਿਤਾਬਾਂ ਦੀਆਂ ਗੱਲਾਂ ਬਣ ਕੇ ਹੀ ਰਹਿ ਜਾਣਗੀਆਂ….?

Install Punjabi Akhbar App

Install
×