ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਨਿਊਜ਼ੀਲੈਂਡ ਤੋਂ ਸ. ਹਰਜਿੰਦਰ ਸਿੰਘ ਬਸਿਆਲਾ ਸਲਾਹਕਾਰ ਨਿਯੁਕਤ 

NZ PIC 28 May-2

ਮਾਨਵਤਾ ਦੀ ਸੇਵਾ ਸਭ ਤੋਂ ਉਤਮ ਸੇਵਾ ਮੰਨੀ ਗਈ ਹੈ। ਪੰਜਾਬ ਦੇ ਵਿਚ ਕੈਂਸਰ ਦੇ ਵੱਧ ਰਹੇ ਕਹਿਰ ਨੂੰ ਰੋਕਣ ਦੇ ਲਈ ਕਈ ਸੰਸਥਾਵਾਂ ਆਪਣੇ-ਆਪਣੇ ਸਾਧਨਾਂ ਨਾਲ ਮਾਨਵਤਾ ਦੀ ਸੇਵਾ ਲਈ ਅੱਗੇ ਆ ਰਹੀਆਂ ਹਨ। ਅਜਿਹੀ ਹੀ ਇਕ ਪ੍ਰਸਿੱਧ ਸੰਸਥਾ ਹੈ ‘ਵਰਲਡ ਕੈਂਸਰ ਕੇਅਰ ਕੇਅਰ ਚੈਰੀਟੇਬਲ ਸੁਸਾਇਟੀ’। ਇਸ ਦੇ ਗਲੋਬਲ ਅੰਬੈਸਡਰ ਕੁਲਵੰਤ ਸਿੰਘ ਧਾਲੀਵਾਲ ਯੂ.ਕੇ ਵਾਲੇ ਹਨ ਅਤੇ ਜਦ ਕਿ ਪ੍ਰਸਿੱਧ ਗਾਇਕ ਅਤੇ ਨਾਇਕ ਕਲਾਕਾਰ ਹਰਭਜਨ ਮਾਨ ਇਸਦੇ ਅੰਬੈਸਡਰ ਹਨ। ਇਸ ਸੰਸਥਾ ਵੱਲੋਂ ਨਿਊਜ਼ੀਲੈਂਡ ਤੋਂ ਆਪਣਾ ਸਲਾਹਕਾਰ ਪੰਜਾਬੀ ਜਾਗਰਣ ਦੇ ਪੱਤਰਕਾਰ ਅਤੇ ਪੰਜਾਬੀ ਹੈਰਲਡ ਦੇ ਸੰਪਾਦਕ ਸ. ਹਰਜਿੰਦਰ ਸਿੰਘ ਬਸਿਆਲਾ ਨੂੰ ਨਿਯੁਕਤ ਕੀਤਾ ਗਿਆ। ਮੈਨੇਜਿੰਗ ਡਾਇਰੈਕਟਰ ਸ੍ਰੀ ਧਰਮਿੰਦਰ ਸਿੰਘ ਢਿੱਲੋਂ ਨੇ ਇਸ ਸਬੰਧੀ ਰਸਮੀ ਨਿਯੁਕਤੀ ਪੱਤਰ ਅੱਜ ਜਾਰੀ ਕੀਤਾ ਹੈ। ਇਕ ਸਾਲ ਦਰਮਿਆਨ ਸ. ਬਸਿਆਲਾ ਨਿਊਜ਼ੀਲੈਂਡ ਵਸਦੇ ਭਾਈਚਾਰੇ ਦੇ ਸਹਿਯੋਗ ਨਾਲ ਉਨ੍ਹਾਂ ਦੇ ਪਿੰਡਾਂ ਦੇ ਵਿਚ ਕੈਂਸਰ ਚੈਕਅੱਪ ਦਾ ਆਯੋਜਨ ਕਰਵਾਉਣ ਵਿਚ ਸਹਿਯੋਗ ਕਰਨਗੇ। ਸ. ਬਸਿਆਲਾ ਜਲੰਧਰ ਦੇ ਪ੍ਰਸਿੱਧ ਮਲਟੀਸਪੈਸ਼ਲਿਟੀ ਜੰਮੂ ਹਸਪਤਾਲ (ਕਪੂਰਥਲਾ ਰੋਡ) ਦੇ ਅਡਮਨਿਸਟ੍ਰੇਟਰ ਰਹਿ ਚੁੱਕੇ ਹਨ।
ਡਿਜ਼ੀਟਲ ਬੱਸਾਂ ਦੇ ਰਾਹੀਂ ਇਸ ਸੰਸਥਾ ਵੱਲੋਂ ਕੈਂਪ ਲਗਾਏ ਜਾਂਦੇ ਹਨ ਜਿਸ ਦੇ ਵਿਚ ਕਈ ਤਰ੍ਹਾਂ ਦੇ ਟੈਸਟ, ਮੈਮੋਗ੍ਰਾਫੀ ਟੈਸਟ, ਸਮੀਅਰ ਟੈਸਟ, ਪੀ.ਐਸ.ਏ ਟੈਸਟ ਅਤੇ ਕਈ ਤਰ੍ਹਾਂ ਦੀ ਹੋਰ ਸਲਾਹ ਅਤੇ ਮਸ਼ਵਰਾ ਦਿੱਤਾ ਜਾਂਦਾ ਹੈ।