ਛੁੱਟੀਆਂ ਦੌਰਾਨ ਸਮੁੰਦਰ ਵਿੱਚ ਮਸਤੀਆਂ ਕਰਨ ਵਾਲਿਆਂ ਵਾਸਤੇ ਚਿਤਾਵਨੀਆਂ ਜਾਰੀ

ਸੜਕ ਪਰਿਵਹਨ ਮੰਤਰੀ ਸ੍ਰੀ ਐਂਡ੍ਰਿਊ ਕੰਸਟੈਂਸ ਦੁਆਰਾ ਜਾਰੀ ਕੀਤੀ ਗਈ ਜਾਣਕਾਰੀ ਮੁਤਾਬਿਕ, ਗਰਮ ਮੌਸਮ, ਖ਼ਤਰਨਾਕ ਹਾਲਤਾਂ ਅੰਦਰ ਸਮੁੰਦਰ ਅੰਦਰ ਸਰਫਿੰਗ ਕਰਨ ਵਾਲੇ ਅਤੇ ਆਸਟ੍ਰੇਲੀਆ ਡੇਅ ਉਪਰ ਜਨਤਕ ਛੁੱਟੀਆਂ ਵਿੱਚ ਸਮੁੰਦਰੀ ਕਿਨਾਰਿਆਂ ਉਪਰ ਆ ਕੇ ਮਸਤੀਆਂ ਕਰਨ ਵਾਲੇ ਸਥਾਨਕ ਲੋਕਾਂ ਅਤੇ ਹੋਰ ਯਾਤਰੀਆਂ ਨੂੰ ਨਿਊ ਸਾਊਥ ਵੇਲਜ਼ ਸਰਕਾਰ ਨੇ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕੋਵਿਡ-19 ਦੇ ਚਲਦਿਆਂ ਹੁਣ ਜਦੋਂ ਦੀਆਂ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਬੋਟਿੰਗ ਦੇ ਲਾਇਸੰਸਾਂ ਵਿੱਚ ਵੀ ਕਾਫੀ ਵਧਾਅ ਦੇਖਣ ਨੂੰ ਮਿਲ ਰਿਹਾ ਹੈ ਅਤੇ ਲੋਕਾਂ ਨੂੰ ਕਿਹਾ ਜਾਂਦਾ ਹੈ ਕਿ ਆਪਣੀਆਂ ਛੁੱਟੀਆਂ ਆਦਿ ਮਨਾਉਂਦਿਆਂ ਹੋਇਆਂ ਸਾਵਧਾਨੀਆਂ ਦਾ ਪੂਰਨ ਤੌਰ ਤੇ ਧਿਆਨ ਰੱਖਿਆ ਜਾਵੇ ਅਤੇ ਕਿਸੇ ਵੀ ਜਨਤਕ ਸੂਚਨਾ ਜਾਂ ਚਿਤਾਵਨੀ ਨੂੰ ਨਜ਼ਰ-ਅੰਦਾਜ਼ ਨਾ ਕੀਤਾ ਜਾਵੇ ਕਿਉਂਕਿ, ਸਾਵਧਾਨੀ ਹਟੀ ਦੁਰਘਟਨਾ ਘਟੀ, ਵਾਲਾ ਨਿਯਮ ਤਾਂ ਹਰ ਥਾਂ ਤੇ ਹੀ ਲਾਗੂ ਹੁੰਦਾ ਹੈ। ਆਉਣ ਵਾਲੇ ਦਿਨਾਂ ਵਿੱਚ ਮੌਸਮ ਕਾਫੀ ਗਰਮੀ ਵਾਲਾ ਹੋਣ ਵਾਲਾ ਹੈ ਅਤੇ ਇਸ ਦੇ ਨਾਲ ਹੀ ਬੱਚਿਆਂ ਨੂੰ ਵੀ ਛੁੱਟੀਆਂ ਆਦਿ ਹੋਣ ਵਾਲੀਆਂ ਹਨ ਇਸ ਵਾਸਤੇ ਸਾਵਧਾਨੀਆਂ ਜ਼ਰੂਰ ਵਰਤੋ ਕਿਉਂਕਿ ਬਚਾਉ ਵਿੱਚ ਹੀ ਬਚਾਉ ਹੈ। ਉਨ੍ਹਾਂ ਕਿਹਾ ਕਿ ਬੀਤੇ ਛੇ ਮਹੀਨਿਆਂ ਅੰਦਰ ਸਮੁੰਦਰੀ ਪਾਣੀ ਵਿਚਲੀਆਂ ਜਨਤਕ ਕਾਰਵਾਈਆਂ ਜਿਨ੍ਹਾਂ ਵਿੱਚ ਸਰਫਿੰਗ ਵੀ ਸ਼ਾਮਿਲ ਹੈ, 9 ਕੀਮਤੀ ਜਾਨਾਂ ਤੋਂ ਹੱਥ ਧੋਣੇ ਪਏ ਹਨ ਅਤੇ ਇਸ ਸਾਲ ਵਿੱਚਲੀਆਂ ਦੋ ਮੌਤਾਂ ਵੀ ਇਨ੍ਹਾਂ ਵਿੱਚ ਸ਼ਾਮਿਲ ਹਨ। ਹੁਣ ਤੱਕ 1500 ਦੇ ਕਰੀਬ ਮੋਟਰ ਬੋਟਾਂ ਰਜਿਸਟਰ ਹੋ ਚੁਕੀਆਂ ਹਨ ਜੋ ਕਿ ਪਿਛਲੇ ਸਾਲ ਨਾਲੋਂ ਬਹੁਤ ਜ਼ਿਆਦਾ ਮਾਤਰਾ ਵਿੱਚ ਹਨ ਅਤੇ ਇਨ੍ਹਾਂ ਵਿੱਚ ਕੁੱਝ ਨਵੇਂ ਮੋਟਰ ਬੋਟ ਚਾਲਕ ਵੀ ਹਨ ਅਤੇ ਇਸ ਵਾਸਤੇ ਅਹਿਤਿਆਦ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ। ਰਾਜ ਦੇ ਮੁੱਖ ਪਰਿਵਹਨ ਕਾਰਜਕਾਰੀ ਮੁਖੀ (ਆਪ੍ਰੇਸ਼ਨਜ਼) ਸ੍ਰੀ ਮਾਰਕ ਹਚਿੰਗਜ਼ ਦਾ ਕਹਿਣਾ ਹੈ ਕਿ ਰਾਜ ਦੇ ਮੈਰੀਟਾਈਮ ਬੋਟਿੰਗ ਸੇਫਟੀ ਅਧਿਕਾਰੀ ਹਰ ਸਮੇਂ ਪੈਟਰੋਲਿੰਗ ਉਪਰ ਰਹਿਣਗੇ ਅਤੇ ਲਾਗਾਤਰ ਜਾਰੀ ਹੋਣ ਵਾਲੀਆਂ ਚਿਤਾਵਨੀਆਂ ਨੂੰ ਉਥੇ ਮੌਜੂਦ ਲੋਕਾਂ ਤੱਕ ਹਰ ਹਾਲ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਹਿਣਗੇ ਅਤੇ ਅਜਿਹੀਆਂ ਸਲਾਹਾਂ ਮਹਿਜ਼ ਸਮੁੰਦਰੀ ਕੰਢਿਆਂ ਉਪਰ ਹੀ ਜਾਰੀ ਨਹੀਂ ਹੋਣਗੀਆਂ ਸਗੋਂ ਨਦੀਆਂ ਅਤੇ ਝੀਲਾਂ ਦੇ ਕਿਨਾਰਿਆਂ ਉਪਰ ਵੀ ਮੌਜੂਦ ਲੋਕਾਂ ਲਈ ਵੀ ਹੋਣਗੀਆਂ ਅਤੇ ਉਨ੍ਹਾਂ ਦੀ ਸੁਰੱਖਿਆ ਦਾ ਪੁਖ਼ਤਾ ਇੰਤਜ਼ਾਮ ਕੀਤਾ ਜਾ ਰਿਹਾ ਹੈ। ਸਲਾਹਾਂ ਇਹ ਹਨ ਕਿ ਆਪਣੀਟਾਂ ਲਾਈਫ ਜੈਕਟਾਂ ਪਾ ਕੇ ਰੱਖੋ; ਮੌਸਮ ਅਤੇ ਚਿਤਾਵਨੀਆਂ ਆਦਿ ਦਾ ਧਿਆਨ ਰੱਖੋ; ਹਰ ਸਮੇਂ ਮੈਰੀਨ ਬਚਾਉ ਦਲ ਦੀਆਂ ਨਿਗਾਹਾਂ ਅਤੇ ਜ਼ਦ ਅੰਦਰ ਹੀ ਰਹੋ ਅਤੇ ਕਿਸੇ ਪਾਸੇ ਵੀ ਆਪਣੀਆਂ ਮਨਮਰਜ਼ੀਆਂ ਕਰਨ ਤੋਂ ਗੁਰੇਜ਼ ਕਰੋ।

Install Punjabi Akhbar App

Install
×