ਦੱਖਣੀ-ਪੱਛਮੀ ਸਿਡਨੀ ਦੀ ਸੀਵੇਜ ਅੰਦਰ ਮਿਲਿਆ ਕਰੋਨਾ ਦਾ ਵਾਇਰਸ

(ਦ ਏਜ ਮੁਤਾਬਿਕ) ਸਿਹਤ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਛਾਣਬੀਣ ਦੌਰਾਨ, ਦੱਖਣੀ-ਪੱਛਮੀ ਸਿਡਨੀ ਦੇ ਸੀਵਰੇਜ ਦੇ ਵੇਸਟ ਪਾਣੀ ਅੰਦਰ ਕਰੋਨਾ ਵਾਇਰਸ ਦੇ ਅੰਸ਼ ਮਿਲਣ ਕਾਰਨ ਪ੍ਰਸ਼ਾਸਨ ਵੱਲੋਂ ਜਨਤਕ ਤੌਰ ਉਪਰ ਚਿਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ ਕਿ ਜੇਕਰ ਕਿਸੇ ਨੂੰ ਕਿਸੇ ਕਿਸਮ ਦੇ ਕਰੋਨਾ ਨਾਲ ਸਬੰਧਤ ਕੋਈ ਮਾਮੂਲੀ ਜਿਹੇ ਲੱਛਣ (ਗਲੇ ਵਿੱਚ ਖ਼ਰਾਸ਼, ਖਾਂਸੀ, ਥਕਾਵਟ, ਬੁਖਾਰ ਜਾਂ ਗੰਧਾਂ ਨੂੰ ਸੁੰਘਣ ਅਤੇ ਪਹਿਚਾਨਣ ਦੀ ਸ਼ਕਤੀ ਵਿੱਚ ਘਾਟ ਆਦਿ) ਵੀ ਦਿਖਾਈ ਦੇਣ ਜਾਂ ਮਹਿਸੂਸ ਹੋਣ ਤਾਂ ਤੁਰੰਤ ਆਪਣੇ ਆਪ ਨੂੰ ਆਈਸੋਲੇਟ ਕਰੋ ਅਤੇ ਸਿਹਤ ਅਧਿਕਾਰੀਆਂ ਨਾਲ ਸੰਪਰਕ ਕਰੋ ਤਾਂ ਜੋ ਤੁਹਾਡਾ ਸਮੇਂ ਦੇ ਰਹਿੰਦਿਆਂ ਕਰੋਨਾ ਦਾ ਟੈਸਟ ਹੋ ਸਕੇ। ਸੀਵਰੇਜ ਨੂੰ ਖੰਘਾਲਣ ਦਾ ਇਹ ਕੰਮ ਸਮੁੱਚੇ ਰਾਜ ਅੰਦਰ ਹੀ ਚੱਲ ਰਿਹਾ ਹੈ ਅਤੇ ਹੁਣ ਉਕਤ ਇਲਾਕੇ ਜਿੱਥੇ ਕਿ ਲੈਪਿੰਗਟਨ, ਕੈਥਰੀਨ ਫੀਲਡ, ਗਲੈਡਜ਼ਵੁੱਡ ਹਿਲਜ਼, ਵੈਰੋਵਿਲੇ ਅਤੇ ਡੈਨਹਮ ਕੋਰਟ ਇਲਾਕਿਆਂ ਅੰਦਰੋਂ ਸੀਵਰੇਜ ਦਾ ਪਾਣੀ ਨਿਕਲਦਾ ਹੈ -ਉਸ ਥਾਂ ਉਪਰ ਉਕਤ ਵਾਇਰਸ ਪਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਜੁਲਾਈ ਦੇ ਮਹੀਨੇ ਤੋਂ ਹੀ ਨਿਊ ਸਾਊਥ ਵੇਲਜ਼ ਅੰਦਰ ਸੀਵਰੇਜ ਦੇ ਪਾਣੀ ਨੂੰ ਖੰਘਾਲ ਕੇ ਉਸ ਅੰਦਰ ਕੋਵਿਡ-19 ਦਾ ਵਾਇਰਸ ਹੋਣ ਜਾਂ ਨਾ ਹੋਣ ਬਾਰੇ ਪੁਸ਼ਟੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਜਿੱਥੇ ਕਿਤੇ ਕਿਸੇ ਇਲਾਕੇ ਅੰਦਰ ਅਜਿਹੇ ਵਾਇਰਸ ਦੇ ਅੰਸ਼ ਮਿਲਦੇ ਹਨ ਤਾਂ ਤੁਰੰਤ ਜਨਤਕ ਤੌਰ ਤੇ ਸਿਹਤ ਅਧਿਕਾਰੀਆਂ ਅਤੇ ਪ੍ਰਸ਼ਾਸਨ ਵੱਲੋਂ ਯੋਗ ਕਦਮ ਚੱਕੇ ਜਾਂਦੇ ਹਨ। ਮੁੱਖ ਸਿਹਤ ਅਧਿਕਾਰੀ ਕੈਰੀ ਚੈਂਟ ਦਾ ਕਹਿਣਾ ਹੈ ਕਿ ਇਹ ਜ਼ਰੂਰੀ ਨਹੀਂ ਕਿ ਉਕਤ ਵਾਇਰਸ ਦਾ ਅਸਲ ਸਰੋਤ ਇਸੇ ਇਲਾਕੇ ਦਾ ਹੀ ਹੋਵੇ ਜਾਂ ਚਲ ਰਹੇ ਮਾਮਲਿਆਂ ਦਾ ਹੀ ਹਿੱਸਾ ਹੋਵੇ ਪਰੰਤੂ ਜਨਤਕ ਸਿਹਤ ਦੇ ਮੱਦੇਨਜ਼ਰ ਇਹ ਜ਼ਰੂਰੀ ਹੈ ਕਿ ਹਦਾਇਤਾਂ ਦਾ ਪਾਲਣ ਕੀਤਾ ਜਾਵੇ ਤਾਂ ਜੋ ਕਿਸੇ ਕਿਸਮ ਦੀ ਕੋਈ ਵੀ ਖਾਮੀ ਨਾ ਰਹੇ ਅਤੇ ਇਸ ਵਾਇਰਸ ਦੀ ਹੋਂਦ ਨੂੰ ਸਦਾ ਲਈ ਖ਼ਤਮ ਕੀਤਾ ਜਾ ਸਕੇ।

Install Punjabi Akhbar App

Install
×