ਰਾਜ ਦੇ ਪੇਂਡੂ ਖੇਤਰਾਂ ਵਿੱਚ ਅੱਗ ਬੁਝਾਊ ਸੇਵਾਵਾਂ ਵਾਲੇ ਵਿਭਾਗ ਦੇ ਕਮਿਸ਼ਨਰ ਰੋਬ ਰੋਜਰਜ਼ ਨੇ ਜਨਤਕ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਹੜ੍ਹਾਂ ਤੋਂ ਬਾਅਦ ਹੁਣ ਜੰਗਲੀ ਖੇਤਰਾਂ ਆਦਿ ਵਿੱਚ ਘਾਹ ਵੱਡੇ ਪੈਮਾਨੇ ਤੇ ਉਗ ਰਹੀ ਹੈ ਜਿਸ ਕਾਰਨ ਕਿ ਜੰਗਲੀ ਅੱਗਾਂ ਲੱਗਣ ਦਾ ਖ਼ਤਰਾ ਵੀ ਮੰਡਰਾਉਣ ਲੱਗ ਪਿਆ ਹੈ। ਉਨ੍ਹਾਂ ਕਿਹਾ ਕਿ ਇਹ ਸਭ ਬੀਤੇ 2 ਸਾਲਾਂ ਤੋਂ ਚੱਲ ਰਹੇ ਲਾ-ਨੀਨਾ ਮੌਸਮ ਪ੍ਰਣਾਲੀ ਕਾਰਨ ਹੀ ਹੋ ਰਿਹਾ ਹੈ ਜਿਸ ਕਾਰਨ ਆਸਟ੍ਰੇਲੀਆ ਵਿੱਚ ਜ਼ਮੀਨ ਜਲਦੀ ਹੀ ਸੁੱਕ ਜਾਂਦੀ ਹੈ ਅਤੇ ਅੱਗਾਂ ਲੱਗਣ ਦੇ ਕਾਰਨ ਬਣ ਜਾਂਦੇ ਹਨ। ਬੀਤੇ ਕੁੱਝ ਸਾਲਾਂ ਦੌਰਾਨ ਗਰਮੀ ਦਾ ਸੀਜ਼ਨ ਵੀ ਖੁਸ਼ਕ ਅਤੇ ਗਰਮ ਰਿਹਾ ਹੈ ਅਤੇ ਇਹ ਵੀ ਅੱਗਾਂ ਲੱਗਣ ਦਾ ਮੁੱਖ ਕਾਰਨ ਬਣਦਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਬੇਸ਼ੱਕ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਤਿਆਰ ਬਰ ਤਿਆਰ ਹੈ ਅਤੇ ਕਿਸੇ ਵੀ ਆਪਾਤਕਾਲੀਨ ਸਥਿਤੀਆਂ ਵਾਸਤੇ ਦਿਨ ਰਾਤ ਮੁਸ਼ੱਕਤ ਕਰਨ ਵਾਸਤੇ ਲਾਮਬੰਦ ਹੈ ਪਰੰਤੂ ਇਸ ਪਾਸੇ ਲੋਕਾ ਨੂੰ ਵੀ ਅਹਿਤਿਆਦਨ ਧਿਆਨ ਦੇਣਾ ਜ਼ਰੂਰੀ ਹਨ ਅਤੇ ਜਨਤਕ ਮੁਸਤੈਦੀ ਅਤੇ ਆਪਣੇ ਆਲੇ ਦੁਆਲੇ ਦੀ ਜਾਣਕਾਰੀ ਕਾਫ਼ੀ ਹੱਦ ਤੱਕ ਇਸ ਪਾਸੇ ਸਹੀ ਹੋ ਸਕਦੀ ਹੈ ਅਤੇ ਸਮਾਂ ਰਹਿੰਦਿਆਂ ਹੀ ਅਜਿਹੀਆਂ ਸਥਿਤੀਆਂ ਤੋਂ ਬਚਿਆ ਜਾ ਸਕਦਾ ਹੈ।
ਉਨ੍ਹਾਂ ਨੇ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਤੁਸੀਂ ਆਪਣੇ ਆਲੇ-ਦੁਆਲੇ ਕੋਈ ਅੱਗ ਆਦਿ ਲੱਗੀ ਦੇਖੋ ਤਾਂ ਇਹ ਨਾ ਸੋਚੋ ਕਿ ਸ਼ਾਇਦ ਕੋਈ ਹੋਰ ਇਸ ਦੀ ਸੂਚਨਾ ਆਪਾਤਕਾਲੀਨ ਵਿਭਾਗ ਜਾਂ ਪੁਲਿਸ ਨੂੰ ਦੇ ਰਿਹਾ ਹੋਵੇਗਾ ਜਾਂ ਦੇਵੇਗਾ। ਸਗੋਂ ਇਸ ਦੀ ਸੂਚਨਾ ਤੁਸੀਂ ਆਪ ਖੁਦ ਫੋਨ ਜਾਂ ਹੋਰ ਜ਼ਰੀਆਂ ਰਾਹੀਂ ਕਰੋ ਤਾਂ ਜੋ ਅੱਗ ਤੇ ਨਾਲ ਦੀ ਨਾਲ ਹੀ ਕਾਬੂ ਪਾਇਆ ਜਾ ਸਕੇ।
ਪ੍ਰਸ਼ਾਸਨ ਕੋਲ ਇਸ ਸਮੇਂ 400 ਅੱਗ ਬੁਝਾਊ ਟਰੱਕ ਮੌਜੂਦ ਹਨ ਅਤੇ ਨਵੇਂ ਏਅਰਕ੍ਰਾਫਟ ਵੀ ਹਨ ਜੋ ਅੱਗ ਬੁਝਾਊ ਕਾਰਜਾਂ ਵਿੱਚ ਹਵਾ ਵਿੱਚੋਂ ਪਾਣੀ ਸੁੱਟ ਕੇ ਅੱਗ ਬੁਝਾਉਣ ਲਈ ਮਦਦਗਾਰ ਹੁੰਦੇ ਹਨ।