ਸਿਡਨੀ ਦੇ ਵਿੰਟੇਜ ਕਾਰਾਂ ਦੇ ਗੋਦਾਮ ਵਿੱਚ ਲੱਗੀ ਅੱਗ, ਕਈ ਕਾਰਾਂ ਸੜ੍ਹ ਕੇ ਸੁਆਹ

ਸਿਡਨੀ ਦੇ ਉਤਰੀ ਖੇਤਰ ਵਿੱਚ ਸਥਿਤ ਇੰਗਲੇਸਾਈਡ ਦੇ ਮੋਨਾ ਵੇਲ ਸੜਕ ਉਪਰ ਸਥਿਤ ਇੱਕ ਗੋਦਾਮ ਵਿੱਚ ਅੱਗ ਲੱਗ ਗਈ ਜਿਸ ਨਾਲ ਕਿ ਉਥੇ ਰੱਖੀਆਂ ਹੋਈਆਂ ਵਿੰਟੇਜ ਕਾਰਾਂ, ਵੈਟਰਨ ਕਾਰਾਂ ਅਤੇ ਕਲੈਕਟਰ ਕਾਰਾਂ ਆਦਿ ਸੜ੍ਹ ਕੇ ਸੁਆਹ ਹੋ ਗਈਆਂ।
ਅੱਗ ਬੁਝਾਊ ਦਸਤੇ ਹਾਲੇ ਵੀ ਅੱਗ ਉਪਰ ਕਾਬੂ ਪਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹਨ ਅਤੇ ਕਾਰਵਾਈ ਜਾਰੀ ਹੈ।
3 ਗੋਦਾਮਾਂ ਵਿੱਚ ਅੱਗ ਨੇ ਕਹਿਰ ਮਚਾ ਰੱਖਿਆ ਹੈ। ਹਾਲ ਦੀ ਘੜੀ ਕਿਸੇ ਵੀ ਵਿਅਕਤੀ ਆਦਿ ਦੇ ਇਸ ਦੁਰਘਟਨਾ ਦੌਰਾਨ ਪੀੜਿਤ ਹੋਣ ਦੀ ਕੋਈ ਖ਼ਬਰ ਨਹੀਂ ਹੈ ਅਤੇ ਟ੍ਰੈਫਿਕ ਪੁਲਿਸ ਵੱਲੋਂ ਉਪਰੋਕਤ ਸੜਕ ਉਪਰ ਆਵਾਜਾਈ ਨੂੰ ਰੋਕ ਦਿੱਤਾ ਗਿਆ ਹੈ ਤਾਂ ਜੋ ਅੱਗ ਬੁਝਾਉਣ ਵਾਲੇ ਕਰਮਚਾਰੀਆਂ ਦੇ ਕੰਮ ਵਿੱਚ ਵਿਘਨ ਨਾ ਪਵੇ। ਮੋਨਾ ਵੇਲ ਸੜਕ ਤੋਂ ਲੰਘਣ ਵਾਲੇ ਛੋਟੇ ਵਾਹਨਾਂ ਦੇ ਟ੍ਰੈਫਿਕ ਨੂੰ ਮੋਨਾਰ ਸੜਕ ਅਤੇ ਪਾਊਡਰਵਰਕਸ ਸੜਕ ਉਪਰੋਂ ਦੀ ਹੋ ਕੇ ਲੰਘਾਇਆ ਜਾ ਰਿਹਾ ਹੈ।